ਕੇ.ਵੀ.ਕੇ. ਦੀ ਟੀਮ ਵੱਲੋਂ ਘਰ ਪਹੁੰਚ ਕੇ ਸੋਲਰ ਪ੍ਰਣਾਲੀ ਦਾ ਜਾਇਜ਼ਾ
ਕਿਸਾਨ ਦੇ ਉਪਰਾਲੇ ਦੀ ਕੀਤੀ ਭਰਪੂਰ ਸ਼ਲਾਘਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 13 ਨਵੰਬਰ ,2026
ਸਾਫ਼-ਸੁਥਰੀ ਅਤੇ ਨਵਿਆਉਣਯੋਗ ਊਰਜਾ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਦਿਸ਼ਾ ਵਿੱਚ ਪਿੰਡ ਹੀਮਾ ਦੇ ਅਗਾਂਹਵਧੂ ਕਿਸਾਨ ਨਰਿੰਦਰ ਪਾਲ ਸਿੰਘ ਵੱਲੋਂ ਕੀਤੀ ਗਈ ਪਹਿਲਕਦਮੀ ਹੋਰਨਾਂ ਕਿਸਾਨਾਂ ਅਤੇ ਆਮ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣ ਰਹੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਦੇ ਵਿਗਿਆਨੀਆਂ ਦੀ ਟੀਮ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਸੂਰਜੀ ਊਰਜਾ ਦੀ ਸੁਚੱਜੀ ਵਰਤੋਂ ਦਾ ਜਾਇਜ਼ਾ ਲਿਆ ਅਤੇ ਇਸ ਵਾਤਾਵਰਣ ਪੱਖੀ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਨਰਿੰਦਰ ਪਾਲ ਸਿੰਘ ਨੇ ਊਰਜਾ ਦੀ ਬੱਚਤ ਅਤੇ ਵਾਤਾਵਰਣ ਦੀ ਸੰਭਾਲ ਨੂੰ ਤਰਜੀਹ ਦਿੰਦਿਆਂ ਆਪਣੇ ਘਰ ਵਿੱਚ 800 ਲੀਟਰ ਸਮਰੱਥਾ ਵਾਲਾ ਸੋਲਰ ਗੀਜ਼ਰ ਸਥਾਪਤ ਕੀਤਾ ਹੋਇਆ ਹੈ। ਇਸ ਰਾਹੀਂ ਸੂਰਜੀ ਊਰਜਾ ਨਾਲ ਗਰਮ ਕੀਤੇ ਜਾਂਦੇ ਪਾਣੀ ਦੀ ਵਰਤੋਂ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਘਰ ਵਿੱਚ ਕੰਮ ਕਰਨ ਵਾਲੇ ਵਰਕਰਾਂ ਵੱਲੋਂ ਵੀ ਕੀਤੀ ਜਾਂਦੀ ਹੈ। ਇਸ ਪਹਿਲਕਦਮੀ ਨਾਲ ਬਿਜਲੀ ਦੀ ਖਪਤ ਵਿੱਚ ਕਾਫ਼ੀ ਕਮੀ ਆ ਰਹੀ ਹੈ ਅਤੇ ਰਵਾਇਤੀ ਊਰਜਾ ਸਰੋਤਾਂ 'ਤੇ ਨਿਰਭਰਤਾ ਵੀ ਘਟ ਰਹੀ ਹੈ।
ਇਸ ਮੌਕੇ ਕੇ.ਵੀ.ਕੇ. ਦੇ ਮਾਹਰਾਂ ਨੇ ਦੱਸਿਆ ਕਿ ਸੂਰਜੀ ਊਰਜਾ ਨਾ ਸਿਰਫ਼ ਬਿਜਲੀ ਦੀ ਬੱਚਤ ਦਾ ਪ੍ਰਭਾਵਸ਼ਾਲੀ ਸਾਧਨ ਹੈ, ਸਗੋਂ ਇਹ ਵਾਤਾਵਰਣ ਪ੍ਰਦੂਸ਼ਣ ਘਟਾਉਣ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਜ਼ਿਕਰਯੋਗ ਹੈ ਕਿ ਕੇ.ਵੀ.ਕੇ. ਵੱਲੋਂ ਆਪਣੇ ਕੇਂਦਰ ਵਿਖੇ ਵੀ ਸੋਲਰ ਪੈਨਲ ਸਥਾਪਤ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਇਸ ਸਾਫ਼-ਸੁਥਰੀ ਊਰਜਾ ਨੂੰ ਅਪਣਾਉਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਕੇ.ਵੀ.ਕੇ. ਦੀ ਟੀਮ ਨੇ ਇਸ ਦੌਰਾਨ ਨਰਿੰਦਰ ਪਾਲ ਸਿੰਘ ਨੂੰ ਦਿੱਲੀ ਵਿਖੇ ਹੋਈ 'ਐਗਰੀਵੋਲਟਿਕਸ' ਕਾਨਫਰੰਸ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤਕਨੀਕ ਰਾਹੀਂ ਖੇਤੀਬਾੜੀ ਅਤੇ ਸੂਰਜੀ ਊਰਜਾ ਉਤਪਾਦਨ ਨੂੰ ਇੱਕੋ ਜ਼ਮੀਨ 'ਤੇ ਸੁਚੱਜੇ ਢੰਗ ਨਾਲ ਜੋੜਨ ਦੀਆਂ ਸੰਭਾਵਨਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਕੇ.ਵੀ.ਕੇ. ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਦੀਪ ਕੁਮਾਰ ਨੇ ਕਿਸਾਨ ਦੀ ਦੂਰਅੰਦੇਸ਼ੀ ਸੋਚ ਅਤੇ ਊਰਜਾ ਬਚਾਉਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਸਮਾਜ ਵਿੱਚ ਸਾਫ਼-ਸੁਥਰੀ ਊਰਜਾ ਪ੍ਰਤੀ ਜਾਗਰੂਕਤਾ ਵਧਾਉਣ ਲਈ ਬੇਹੱਦ ਮਹੱਤਵਪੂਰਨ ਹਨ। ਇਸ ਮੌਕੇ ਕੇ.ਵੀ.ਕੇ. ਦੇ ਮਾਹਰਾਂ ਦੀ ਸਮੁੱਚੀ ਟੀਮ ਹਾਜ਼ਰ ਸੀ।
- Download Babushahi App
-
-