BREAKING- ਮਾਨਸਾ 'ਚ ਧਰਨੇ ਦੌਰਾਨ ਭੜਕਿਆ ਮਾਹੌਲ! ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਮੋਹਨਜੀਤ ਸ਼ੇਰੋਂ ਸਮੇਤ ਕਈ ਆਗੂ ਲਏ ਹਿਰਾਸਤ 'ਚ
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਤੋਂ ਬਾਅਦ ਹੰਗਾਮਾ: ਮਾਨਸਾ-ਸਿਰਸਾ ਮਾਰਗ 'ਤੇ ਪੁਲੀਸ ਤੇ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ
ਮ੍ਰਿਤਕ ਦੇਹ ਮਾਨਸਾ ਧਰਨੇ 'ਚ ਲਿਆਉਣ ਨੂੰ ਲੈ ਕੇ ਖਿੱਚੋਤਾਣ: ਪੁਲੀਸ ਵੱਲੋਂ ਰੋਡ ਜਾਮ ਤੇ ਸਖ਼ਤ ਨਾਕਾਬੰਦੀ, ਤਣਾਅ ਦਾ ਮਾਹੌਲ
ਪ੍ਰਸ਼ਾਸਨ ਦੀ ਕਾਰਵਾਈ 'ਤੇ ਉੱਠੇ ਸਵਾਲ: ਨਸ਼ੇ ਦੀ ਬਲੀ ਚੜ੍ਹੇ ਦਲਜੀਤ ਦੇ ਪਰਿਵਾਰ ਨੇ ਲਾਇਆ ਇਨਸਾਫ਼ ਲਈ ਧਰਨਾ, 3 ਖ਼ਿਲਾਫ਼ ਮਾਮਲਾ ਦਰਜ
Babushahi Network
ਮਾਨਸਾ 27 ਅਕਤੂਬਰ 2026- ਮਾਨਸਾ ਵਿਖੇ ਚੱਲ ਰਹੇ ਰੋਸ ਧਰਨੇ ਦੌਰਾਨ ਉਸ ਸਮੇਂ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ, ਜਦੋਂ ਪੁਲੀਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਮੋਹਨਜੀਤ ਸ਼ੇਰੋਂ ਸਮੇਤ ਅਨੇਕਾਂ ਯੂਥ ਆਗੂਆਂ ਤੇ ਨੌਜਵਾਨਾਂ ਨੂੰ ਧਰਨੇ ਵਾਲੀ ਥਾਂ ਤੋਂ ਹਿਰਾਸਤ ਵਿੱਚ ਲੈ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੰਮੇ ਕਲਾਂ ਵਿਖੇ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਪ੍ਰਦਰਸ਼ਨਕਾਰੀ ਉਸ ਦੀ ਮ੍ਰਿਤਕ ਦੇਹ ਨੂੰ ਮਾਨਸਾ ਵਿਖੇ ਚੱਲ ਰਹੇ ਧਰਨੇ ਵਾਲੇ ਸਥਾਨ 'ਤੇ ਲਿਆਉਣ ਲਈ ਅੜੇ ਹੋਏ ਸਨ। ਇਸ ਨੂੰ ਰੋਕਣ ਲਈ ਪੁਲੀਸ ਨੇ ਪੂਰੇ ਇਲਾਕੇ ਵਿੱਚ ਵੱਡੀ ਗਿਣਤੀ 'ਚ ਫੋਰਸ ਤਾਇਨਾਤ ਕਰਕੇ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਤਿੱਖੀ ਬਹਿਸਬਾਜ਼ੀ ਅਤੇ ਧੱਕਾਮੁੱਕੀ ਹੋਈ। ਸਥਿਤੀ 'ਤੇ ਕਾਬੂ ਪਾਉਣ ਲਈ ਪੁਲੀਸ ਨੇ ਸਖ਼ਤ ਰੁੱਖ ਅਪਣਾਉਂਦਿਆਂ ਮੌਕੇ 'ਤੇ ਮੌਜੂਦ ਪ੍ਰਦਰਸ਼ਨਕਾਰੀ ਆਗੂਆਂ ਅਤੇ ਯੂਥ ਵਰਕਰਾਂ ਨੂੰ ਜ਼ਬਰਦਸਤੀ ਚੁੱਕ ਕੇ ਹਿਰਾਸਤ ਵਿੱਚ ਭੇਜ ਦਿੱਤਾ।
ਇਸ ਪੂਰੇ ਘਟਨਾਕ੍ਰਮ ਸਬੰਧੀ ਮਾਨਸਾ ਦੇ ਜ਼ਿਲ੍ਹਾ ਪੁਲੀਸ ਮੁਖੀ (ਐੱਸ.ਐੱਸ.ਪੀ.) ਵੈਭਵ ਚੌਧਰੀ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਮਾਹੌਲ ਖ਼ਰਾਬ ਕਰਨ, ਅਮਨ-ਸ਼ਾਂਤੀ ਭੰਗ ਕਰਨ ਜਾਂ ਕਾਨੂੰਨ ਵਿਵਸਥਾ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕਿਵੇਂ ਵਾਪਰੀ ਘਟਨਾ?
ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿਖੇ ਮੰਗਲਵਾਰ ਦੀ ਦੁਪਹਿਰ 32 ਸਾਲਾ ਨੌਜਵਾਨ ਦਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਦੀ ਕਥਿਤ ਤੌਰ 'ਤੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਸ਼ੱਕੀ ਵਿਅਕਤੀ ਉਸ ਨੂੰ ਨਸ਼ੇ ਦੀ ਹਾਲਤ ਵਿੱਚ ਪਿੰਡ ਦੀ ਮੁੱਖ ਸੜਕ ’ਤੇ ਸੁੱਟ ਕੇ ਫ਼ਰਾਰ ਹੋ ਗਏ ਸਨ।
ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਸੜਕ 'ਤੇ ਰੱਖ ਕੇ ਮਾਨਸਾ-ਸਿਰਸਾ ਮੁੱਖ ਮਾਰਗ ’ਤੇ ਧਰਨਾ ਲਗਾ ਦਿੱਤਾ। ਦਲਜੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਆਪਣੇ ਪਿੱਛੇ ਦੋ ਛੋਟੇ ਬੱਚੇ ਛੱਡ ਗਿਆ ਹੈ।
ਵੇਰਵਿਆਂ ਅਨੁਸਾਰ ਉਹ ਪਿਛਲੇ ਕੁੱਝ ਸਮੇਂ ਤੋਂ ਨਸ਼ੇ ਦੀ ਲਤ ਦਾ ਸ਼ਿਕਾਰ ਸੀ। ਮੰਗਲਵਾਰ ਦੀ ਸਵੇਰ ਉਸ ਨੇ ਆਪਣੀ ਧੀ ਨੂੰ ਪਿੰਡ ਦੇ ਬੱਸ ਅੱਡੇ ਤੋਂ ਸਕੂਲ ਵੈਨ ’ਤੇ ਚੜ੍ਹਾਇਆ ਅਤੇ ਉੱਥੋਂ ਹੀ ਕੁੱਝ ਵਿਅਕਤੀਆਂ ਨਾਲ ਚਲਾ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਮਿਲ ਕੇ ਨਸ਼ਾ ਕੀਤਾ, ਜਿਸ ਤੋਂ ਬਾਅਦ ਦਲਜੀਤ ਦੀ ਹਾਲਤ ਵਿਗੜ ਗਈ ਅਤੇ ਸਾਥੀ ਉਸ ਨੂੰ ਬੱਸ ਅੱਡੇ ਲਾਗੇ ਸੁੱਟ ਕੇ ਨਿਕਲ ਗਏ, ਜਿੱਥੇ ਉਸ ਦੀ ਮੌਤ ਹੋ ਗਈ।
ਮਾਨਸਾ ਵਿਖੇ ਪਰਵਿੰਦਰ ਝੋਟਾ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਪਹਿਲਾਂ ਤੋਂ ਹੀ ਚੱਲ ਰਹੇ ਧਰਨੇ ਵਿੱਚੋਂ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਲੱਖਾ ਸਿਧਾਣਾ, ਮੋਹਣਜੀਤ ਸ਼ੇਰੋਂ ਅਤੇ ਹੋਰ ਜਥੇਬੰਦਕ ਆਗੂ ਇਸ ਘਟਨਾ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਨੇ ਦਲਜੀਤ ਦੀ ਮ੍ਰਿਤਕ ਦੇਹ ਨੂੰ ਮਾਨਸਾ ਧਰਨੇ 'ਚ ਲਿਜਾਣ ਲਈ ਚੁੱਕ ਲਿਆ, ਜਿਸ ਦੌਰਾਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਣਾਅ ਵਧ ਗਿਆ।
ਪੁਲੀਸ ਪ੍ਰਸ਼ਾਸਨ ਨੇ ਮ੍ਰਿਤਕ ਦੇਹ ਨੂੰ ਮਾਨਸਾ ਵੱਲ ਲਿਜਾਣ ਤੋਂ ਰੋਕਣ ਲਈ ਸਿਰਸਾ ਰੋਡ ਅਤੇ ਰਮਦਿੱਤੇਵਾਲਾ ਚੌਂਕ 'ਤੇ ਟਰੱਕ ਖੜ੍ਹੇ ਕਰ ਕੇ ਰਸਤੇ ਮੁਕੰਮਲ ਤੌਰ 'ਤੇ ਬੰਦ ਕਰ ਦਿੱਤੇ। ਰਮਦਿੱਤੇਵਾਲਾ ਚੌਂਕ ਵਿਖੇ ਹਾਲਾਤ ਉਦੋਂ ਹੋਰ ਵਿਗੜ ਗਏ ਜਦੋਂ ਪੁਲੀਸ ਨੇ ਰੋਕਾਂ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਿਆ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਜਿਸ ਤੋਂ ਬਾਅਦ ਪੁਲੀਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਧਰਨਾਕਾਰੀਆਂ ਨੂੰ ਮੌਕੇ ਤੋਂ ਖਦੇੜ ਦਿੱਤਾ। ਇਸ ਘਟਨਾ ਤੋਂ ਬਾਅਦ ਜਥੇਬੰਦਕ ਆਗੂਆਂ ਅਤੇ ਪਰਵਿੰਦਰ ਝੋਟੇ ਦੇ ਪਿਤਾ ਭੀਮ ਸਿੰਘ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਬਿਲਕੁਲ ਇਸ ਦੇ ਉਲਟ ਹੈ। ਆਗੂਆਂ ਨੇ ਆਖਿਆ ਕਿ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਆਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਧੱਕੇਸ਼ਾਹੀ ਕਰ ਰਿਹਾ ਹੈ ਤਾਂ ਜੋ ਲੋਕਾਂ ਦਾ ਗੁੱਸਾ ਸੜਕਾਂ 'ਤੇ ਨਾ ਨਿਕਲੇ।
ਦੂਜੇ ਪਾਸੇ, ਥਾਣਾ ਝੁਨੀਰ ਦੇ ਮੁਖੀ ਗਨੇਸ਼ਵਰ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਨੌਜਵਾਨ ਨੂੰ ਸੜਕ 'ਤੇ ਸੁੱਟ ਕੇ ਜਾਣ ਵਾਲੇ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਨੇ ਇਸ ਸਬੰਧੀ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਬੱਬੂ ਨਾਮ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਦਾਅਵਾ ਹੈ ਕਿ ਜਲਦ ਹੀ ਪੂਰੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।
- Download Babushahi App
-
-