ਜਗਰਾਉਂ 'ਚ ਪੁਲਿਸ ਦੀ ਛਾਪੇਮਾਰੀ 'ਤੇ ਉੱਠੇ ਸਵਾਲ: ਛੋਟੀਆਂ ਮੱਛੀਆਂ 'ਤੇ ਡਿੱਗੀ ਗਾਜ, ਵੱਡੇ ਮਗਰਮੱਛਾਂ ਨੂੰ ਬਚਾਇਆ ਗਿਆ: ਸਿੱਧੂ
ਦੀਪਕ ਜੈਨ
ਜਗਰਾਉਂ 27 October:
ਤਿਉਹਾਰਾਂ ਦੇ ਸੀਜ਼ਨ ਦੌਰਾਨ ਪੁਲਿਸ ਦੀਆਂ ਕਾਰਵਾਈਆਂ ਅਕਸਰ ਸੁਰਖੀਆਂ ਵਿੱਚ ਰਹਿੰਦੀਆਂ ਹਨ, ਪਰ ਜਗਰਾਉਂ ਸੀ.ਆਈ.ਏ. ਸਟਾਫ਼ ਵੱਲੋਂ ਪਟਾਕਾ ਕਾਰੋਬਾਰੀਆਂ ਖ਼ਿਲਾਫ਼ ਕੀਤੀ ਗਈ ਤਾਜ਼ਾ ਕਾਰਵਾਈ ਹੁਣ ਵੱਡੇ ਵਿਵਾਦ ਦਾ ਰੂਪ ਧਾਰਨ ਕਰ ਗਈ ਹੈ। ਨੌਜਵਾਨ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸਿੱਧੂ ਨੇ ਪੁਲਿਸ ਪ੍ਰਸ਼ਾਸਨ 'ਤੇ ਤਿੱਖੇ ਹਮਲੇ ਕਰਦਿਆਂ ਇਸ ਸਮੁੱਚੀ ਕਾਰਵਾਈ ਨੂੰ ਮਹਿਜ਼ ਇੱਕ 'ਖਾਨਾਪੂਰਤੀ' ਅਤੇ 'ਡਰਾਮਾ' ਕਰਾਰ ਦਿੱਤਾ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਮੀਡੀਆ ਸਾਹਮਣੇ ਸਿਰਫ਼ ਇੱਕ ਹੀ ਪਟਾਕਾ ਕਾਰੋਬਾਰੀ ਖ਼ਿਲਾਫ਼ ਕਾਰਵਾਈ ਦੀ ਜਾਣਕਾਰੀ ਸਾਂਝੀ ਕੀਤੀ ਗਈ। ਸਵਾਲ ਇਹ ਹੈ ਕਿ ਦੂਜੇ ਵਪਾਰੀ ਨੂੰ ਕਿਸ ਦੇ ਦਬਾਅ ਜਾਂ ਮਿਲੀਭੁਗਤ ਹੇਠ ਛੁਪਾਇਆ ਜਾ ਰਿਹਾ ਹੈ।
ਸਿੱਧੂ ਨੇ ਪੁਲਿਸ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਗਰਾਉਂ ਵਿੱਚ ਕਈ ਵੱਡੇ ਵਪਾਰੀ ਪਹਿਲਾਂ ਹੀ ਆਪਣੇ ਗੁਦਾਮਾਂ ਅੰਦਰ ਕਰੋੜਾਂ ਰੁਪਏ ਦੇ ਪਟਾਕੇ ਸਟੋਰ ਕਰ ਚੁੱਕੇ ਹਨ। ਪਰ ਪੁਲਿਸ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਬਜਾਏ ਸਿਰਫ਼ ਨਿੱਕੇ-ਮੋਟੇ ਵਪਾਰੀਆਂ 'ਤੇ ਕਾਰਵਾਈ ਕਰਕੇ ਆਪਣੀ ਪਿੱਠ ਥਪਥਪਾਉਣ ਵਿੱਚ ਲੱਗੀ ਹੋਈ ਹੈ। ਉਹਨਾਂ ਤਿੱਖਾ ਤਨਜ਼ ਕੱਸਦਿਆਂ ਕਿਹਾ, "ਜਦੋਂ ਸ਼ਹਿਰ ਦੀ ਹਦੂਦ ਅੰਦਰ ਪਟਾਕਿਆਂ ਦੇ ਭਰੇ ਟਰੱਕ ਦਾਖਲ ਹੁੰਦੇ ਹਨ, ਕੀ ਉਦੋਂ ਪੁਲਿਸ ਸੁੱਤੀ ਪਈ ਹੁੰਦੀ ਹੈ? ਛਾਪੇਮਾਰੀ ਦਾ ਸਮਾਂ ਆਉਣ 'ਤੇ ਹੀ ਪੁਲਿਸ ਨੂੰ ਛੋਟੇ ਵਪਾਰੀ ਕਿਉਂ ਦਿਖਦੇ ਹਨ?"
ਸੂਤਰਾਂ ਦੇ ਹਵਾਲੇ ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪਟਾਕਾ ਵਪਾਰੀਆਂ ਵੱਲੋਂ ਅੰਦਰਖਾਤੇ ਇਹ ਰਣਨੀਤੀ ਬਣਾਈ ਗਈ ਹੈ ਕਿ ਜਦੋਂ ਤੱਕ ਪੁਲਿਸ ਨਾਲ ਕੋਈ ਪੁਖਤਾ 'ਸੈਟਿੰਗ' ਨਹੀਂ ਹੋ ਜਾਂਦੀ, ਸਾਰਾ ਸਟਾਕ ਅੰਡਰਗਰਾਊਂਡ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਦਾ ਰੁਝਾਨ ਰਿਹਾ ਹੈ ਕਿ ਪੁਲਿਸ ਦੀਵਾਲੀ ਤੋਂ ਪਹਿਲਾਂ ਦੋ-ਚਾਰ ਛੋਟੀਆਂ ਕਾਰਵਾਈਆਂ ਕਰਕੇ ਕੁੰਭਕਰਨੀ ਨੀਂਦ ਸੌਂ ਜਾਂਦੀ ਹੈ। ਦੀਵਾਲੀ ਵਾਲੇ ਦਿਨ ਤਾਂ ਹਾਲਾਤ ਇਹ ਹੁੰਦੇ ਹਨ ਕਿ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦੇ ਬਾਹਰ ਹੀ ਸ਼ਰੇਆਮ ਪਟਾਕਿਆਂ ਦੀਆਂ ਗੈਰ-ਕਾਨੂੰਨੀ ਸਟਾਲਾਂ ਲੱਗਦੀਆਂ ਹਨ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦਾ ਹੈ।
ਜੇਕਰ ਪੁਲਿਸ ਪ੍ਰਸ਼ਾਸਨ ਵਾਕਈ ਬਿਨਾਂ ਭੇਦਭਾਵ ਦੇ ਕੰਮ ਕਰ ਰਿਹਾ ਹੈ, ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਉਹਨਾਂ ਗੁਦਾਮਾਂ ਤੱਕ ਪਹੁੰਚ ਕਰਦਾ ਹੈ ਜਿੱਥੇ ਕਰੋੜਾਂ ਦਾ ਅਸਲ ਮਾਲ ਡੰਪ ਕੀਤਾ ਗਿਆ ਹੈ ਜਾਂ ਫਿਰ ਇਹ ਤਿਉਹਾਰੀ ਸੀਜ਼ਨ ਵੀ ਪਿਛਲੇ ਸਾਲਾਂ ਵਾਂਗ ਪੁਲਿਸ-ਪ੍ਰਸ਼ਾਸਨ ਅਤੇ ਕਾਰੋਬਾਰੀਆਂ ਦੀ ਆਪਸੀ ਖੇਡ ਦਾ ਗਵਾਹ ਬਣੇਗਾ ਤੇ ਇਸ ਸਾਲ ਵੀ ਸ਼ਰੇਆਮ ਵੱਡੇ ਪੁਲਿਸ ਅਧਿਕਾਰੀਆਂ ਦੀ ਛਤਰ ਛਾਇਆ ਹੇਠ ਉਹਨਾਂ ਦੇ ਦਫਤਰਾਂ ਦੇ ਸਾਹਮਣੇ ਗੈਰ ਕਾਨੂਨੀ ਢੰਗ ਨਾਲ ਸਟਾਲਾਂ ਤੇ ਲੱਖਾਂ ਦਾ ਪਟਾਕਾ ਸ਼ਰੇਆਮ ਵਿਕੇਗਾ।
- Download Babushahi App
-
-