ਅਮਰੀਕਾ ਵਿੱਚ ਕਤਲ ਕੀਤੀ ਗਈ ਪੰਜਾਬੀ ਜੈਸਮੀਨ ਗਿੱਲ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ: ਮਾਂ ਨੇ CM Mann ਨੂੰ ਲਿਖਿਆ ਭਾਵੁਕ ਪੱਤਰ
ਬਾਬੂਸ਼ਾਹੀ ਬਿਊਰੋ
ਲੁਧਿਆਣਾ/ਚੰਡੀਗੜ੍ਹ, 27 ਅਕਤੂਬਰ, 2026: ਲੁਧਿਆਣਾ ਦੇ ਹੈਬੋਵਾਲ ਕਲਾਂ ਦੀ ਰਹਿਣ ਵਾਲੀ ਸੇਵਾ-ਮੁਕਤ ਨਰਸ ਸੁਖਵਿੰਦਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਬੇਨਤੀ ਪੱਤਰ ਭੇਜ ਕੇ ਅਮਰੀਕਾ ਦੇ ਸੈਕਰਾਮੈਂਟੋ ਸ਼ਹਿਰ ਵਿੱਚ ਆਪਣੀ ਧੀ ਜੈਸਮੀਨ ਗਿੱਲ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਮਾਮਲੇ ਵਿੱਚ ਇਨਸਾਫ਼ ਅਤੇ ਸਰਕਾਰੀ ਸਹਾਇਤਾ ਦੀ ਗੁਹਾਰ ਲਗਾਈ ਹੈ।
ਪੱਤਰ ਵਿੱਚ ਦੱਸਿਆ ਗਿਆ ਹੈ ਕਿ ਮ੍ਰਿਤਕ ਜੈਸਮੀਨ ਗਿੱਲ ਦਾ ਵਿਆਹ ਢਾਈ ਸਾਲ ਪਹਿਲਾਂ ਪਿੰਡ ਡਾਲਾ (ਨਿਹਾਲ ਸਿੰਘ ਵਾਲਾ, ਮੋਗਾ) ਦੇ ਰਹਿਣ ਵਾਲੇ ਗੁਰਿੰਦਰ ਸਿੰਘ ਗਿੱਲ ਨਾਲ ਹੋਇਆ ਸੀ ਅਤੇ ਉਹ ਅਮਰੀਕਾ ਵਿੱਚ ਨਰਸ ਵਜੋਂ ਸੇਵਾ ਨਿਭਾ ਰਹੀ ਸੀ। ਦੋਸ਼ ਹੈ ਕਿ ਲੰਘੇ ਸਮੇਂ ਤੋਂ ਮਾਨਸਿਕ ਅਤੇ ਜਿਸਮਾਨੀ ਤਸ਼ੱਦਦ ਤੋਂ ਬਾਅਦ ਪਤੀ ਗੁਰਿੰਦਰ ਸਿੰਘ ਗਿੱਲ ਨੇ ਬੀਤੇ ਸਾਲ 30 ਸਤੰਬਰ ਦੀ ਰਾਤ ਨੂੰ ਜੈਸਮੀਨ ਦਾ ਕਤਲ ਕਰਕੇ ਉਸ ਦੀ ਲਾਸ਼ ਐਲ ਡੋਰਾਡੋ ਕਾਊਂਟੀ ਦੇ ਜੰਗਲਾਂ ਵਿੱਚ ਸਾੜ ਦਿੱਤੀ ਸੀ, ਜਿਸ ਨੂੰ ਅਮਰੀਕੀ ਪੁਲਿਸ ਨੇ 1 ਅਕਤੂਬਰ ਨੂੰ ਬਰਾਮਦ ਕਰ ਲਿਆ ਸੀ। ਮੁੱਖ ਦੋਸ਼ੀ ਪਤੀ ਇਸ ਸਮੇਂ ਅਮਰੀਕੀ ਜੇਲ੍ਹ ਵਿੱਚ ਬੰਦ ਹੈ।
ਪੀੜਤ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਹੇਠ ਲਿਖੀਆਂ ਮੁੱਖ ਮੰਗਾਂ ਕੀਤੀਆਂ ਹਨ:
ਕੇਸ ਦੀ ਪੈਰਵਾਈ ਅਤੇ ਅੰਬੈਸੀ ਨਾਲ ਤਾਲਮੇਲ: ਸਾਨ ਫ੍ਰਾਂਸਿਸਕੋ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ ਜਾਂਚ ਦੇ ਹਾਲਤ ਦਾ ਜਾਇਜ਼ਾ ਲਿਆ ਜਾਵੇ ਅਤੇ ਕੇਸ ਦੀ ਕਾਨੂੰਨੀ ਪੈਰਵਾਈ ਵਿੱਚ ਮਦਦ ਕੀਤੀ ਜਾਵੇ।
ਮ੍ਰਿਤਕ ਦੇਹ ਦੀ ਵਾਪਸੀ: ਜੈਸਮੀਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆ ਕੇ ਅੰਤਿਮ ਸਸਕਾਰ ਕਰਨ ਲਈ ਕਾਨੂੰਨੀ ਅਤੇ ਆਰਥਿਕ ਸਹਾਇਤਾ ਦਿੱਤੀ ਜਾਵੇ।
ਬੱਚੇ ਦੀ ਕਸਟਡੀ: ਜੈਸਮੀਨ ਦੇ 7 ਮਹੀਨੇ ਦੇ ਮਾਸੂਮ ਬੱਚੇ ਦੇ ਪਾਲਣ-ਪੋਸ਼ਣ ਅਤੇ ਕਸਟਡੀ ਦੇ ਅਧਿਕਾਰ ਨਾਨਕੇ ਪਰਿਵਾਰ (ਪੀੜਤ ਮਾਂ) ਨੂੰ ਦਿਵਾਏ ਜਾਣ।
ਵੀਜ਼ਾ ਸਿਫ਼ਾਰਸ਼: ਪਰਿਵਾਰਕ ਮੈਂਬਰਾਂ ਨੂੰ ਅਮਰੀਕਾ ਜਾਣ ਲਈ ਐਮਰਜੈਂਸੀ ਵੀਜ਼ਾ ਹਾਸਲ ਕਰਨ ਵਿੱਚ ਵਿਸ਼ੇਸ਼ ਸਿਫ਼ਾਰਸ਼ ਕਰਕੇ ਸਹਾਇਤਾ ਪ੍ਰਦਾਨ ਕੀਤੀ ਜਾਵੇ।
ਪਰਿਵਾਰ ਨੇ ਇਸ ਪੱਤਰ ਦੀਆਂ ਕਾਪੀਆਂ ਭਾਰਤ ਦੇ ਵਿਦੇਸ਼ ਮੰਤਰੀ, ਗ੍ਰਹਿ ਮੰਤਰੀ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਵੀ ਭੇਜੀਆਂ ਹਨ ਤਾਂ ਜੋ ਕੂਟਨੀਤਕ ਪੱਧਰ 'ਤੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾ ਸਕੇ।
- Download Babushahi App
-
-