ਪੰਜਾਬ ਚ ਗੁਰਦੁਆਰੇ 'ਤੇ ਚੱਲੀਆਂ ਗੋਲੀਆਂ, ਧਮਕੀ ਭਰੀ ਚਿੱਠੀ ਵੀ ਸੁੱਟੀ
ਦੀਪਕ ਜੈਨ
ਜਗਰਾਉਂ/ਲੁਧਿਆਣਾ, 27 ਅਕਤੂਬਰ, 2026: ਲੁਧਿਆਣਾ ਦਿਹਾਤੀ ਦੇ ਜਗਰਾਉਂ ਅਧੀਨ ਪੈਂਦੇ ਪਿੰਡ ਗਗੜਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਦੇ ਗੇਟ 'ਤੇ ਬੀਤੀ ਰਾਤ ਇੱਕ ਨਕਾਬਪੋਸ਼ ਹਮਲਾਵਰ ਵੱਲੋਂ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਨੇ ਗੁਰਦੁਆਰੇ ਦੇ ਗੇਟ 'ਤੇ ਦੋ ਫ਼ਾਇਰ ਕੀਤੇ ਅਤੇ ਮੌਕੇ 'ਤੇ ਇੱਕ ਧਮਕੀ ਭਰਿਆ ਪੱਤਰ ਸੁੱਟ ਕੇ ਫਰਾਰ ਹੋ ਗਿਆ। ਘਟਨਾ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਹਮਲਾਵਰ ਨੂੰ ਗੋਲੀਆਂ ਚਲਾਉਂਦਿਆਂ ਦੇਖਿਆ ਜਾ ਸਕਦਾ ਹੈ।
ਹਮਲਾਵਰ ਵੱਲੋਂ ਛੱਡੇ ਗਏ ਪੱਤਰ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਅਮਰਜੀਤ ਸਿੰਘ, ਅਕਾਲੀ ਦਲ ਦੇ ਵਰਕਰ ਗੁਰਿੰਦਰ ਸਿੰਘ ਰੂਮੀ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਨਿਸ਼ਾਨਾ ਬਣਾਉਂਦਿਆਂ ਗੰਭੀਰ ਧਮਕੀਆਂ ਦਿੱਤੀਆਂ ਗਈਆਂ ਹਨ। ਪੱਤਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਗੁਰਦੁਆਰੇ ਵਿੱਚ ਅਕਾਲੀ ਦਲ ਅਤੇ ਭਾਜਪਾ ਨਾਲ ਜੁੜੇ ਆਗੂਆਂ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤੇ ਜਾਂਦੇ ਹਨ। ਧਮਕੀ ਦਿੱਤੀ ਗਈ ਹੈ ਕਿ ਇਨ੍ਹਾਂ ਆਗੂਆਂ ਦੀ ਜ਼ਿੰਦਗੀ ਦੇ ਕੁਝ ਹੀ ਦਿਨ ਬਾਕੀ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਦਰ ਥੁੂਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਦਿਆਂ ਅਣਪਛਾਤੇ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਤੇ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਗਰਾਓਂ ਦੇ ਪਿੰਡ ਗਗੜਾ ਵਿਖੇ ਸਥਿਤ ਪਾਵਨ ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਵਿਖੇ ਫਾਇਰਿੰਗ ਦੀ ਘਟਨਾ ਅਤੇ ਧਮਕੀ ਭਰੀ ਚਿੱਠੀ ਦੀ ਖ਼ਬਰ ਬੇਹੱਦ ਚਿੰਤਾਜਨਕ ਹੈ। ਇਹ ਸਿਰਫ਼ ਅਮਨ-ਕਾਨੂੰਨ ਦਾ ਮਸਲਾ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਅਤੇ ਧਾਰਮਿਕ ਸਥਾਨਾਂ ਦੀ ਮਰਿਆਦਾ ਨਾਲ ਜੁੜਿਆ ਗੰਭੀਰ ਮਾਮਲਾ ਹੈ।
ਸਵਾਲ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਹੈ—ਆਖ਼ਰ ਪੰਜਾਬ ਵਿੱਚ ਲੋਕ ਕਿੰਨਾ ਚਿਰ ਡਰ ਦੇ ਮਾਹੌਲ ਵਿੱਚ ਜਿਊਣਗੇ?
ਜਿਸ ਪੰਜਾਬ ਵਿੱਚ ਗੁਰੂ ਘਰਾਂ ਦੀ ਮਰਿਆਦਾ, ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਸਾਡੀ ਪਹਿਚਾਣ ਰਹੀ ਹੈ, ਉੱਥੇ ਅਜਿਹੀਆਂ ਘਟਨਾਵਾਂ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰਦੀਆਂ ਹਨ। ਸਰਕਾਰ ਨੂੰ ਸਿਰਫ਼ ਬਿਆਨਬਾਜ਼ੀ ਨਹੀਂ, ਸਗੋਂ ਠੋਸ ਕਾਰਵਾਈ ਕਰਕੇ ਦਿਖਾਉਣੀ ਚਾਹੀਦੀ ਹੈ।
ਮੇਰੀ ਮੰਗ ਹੈ ਕਿ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਧਮਕੀ ਭਰੀ ਚਿੱਠੀ ਦੀ ਗੰਭੀਰਤਾ ਨਾਲ ਜਾਂਚ ਹੋਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਗੁਰੂ ਘਰਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਪੰਜਾਬ ਨੂੰ ਡਰ ਨਹੀਂ, ਅਮਨ ਚਾਹੀਦਾ ਹੈ; ਦਾਅਵੇ ਨਹੀਂ, ਜਵਾਬਦੇਹੀ ਚਾਹੀਦੀ ਹੈ!
- Download Babushahi App
-
-