ਬਠਿੰਡਾ: ਬਿਜਲੀ ਮੁਲਾਜ਼ਮਾਂ ਨੇ ਹੜਤਾਲ ਕਰਕੇ ਪਾਵਰ ਕੌਮ ਪ੍ਰਬੰਧਕਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ
ਅਸ਼ੋਕ ਵਰਮਾ
ਬਠਿੰਡਾ ,23 ਅਕਤੂਬਰ 2026 :ਅੱਜ ਪੀ ਐਸ ਈ ਬੀ ਇੰਪਲਾਈਜ ਜੋਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਗਰਿੱਡ ਸ/ਸ ਯੂਨੀਅਨ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸਨ ਰਜਿ , ਪਾਵਰ ਕਾਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਦੇ ਸੱਦੇ ਤੇ ਪਾਵਰ ਕਾਮ ਸਿਰਕੀ ਬਾਜ਼ਾਰ ਦਫਤਰ ਬਠਿੰਡਾ ਵਿਖੇ ਬਿਜਲੀ ਮੁਲਾਜ਼ਮਾਂ ਨੇ 22 ਅਕਤੂਬਰ ਨੂੰ ਸਾਂਝੇ ਮੁਲਾਜ਼ਮ ਫਰੰਟ ਨਾਲ ਪੰਜਾਬ ਸਰਕਾਰ ਦੇ ਚੀਫ ਸਕੱਤਰ ਨਾਲ ਮੰਗਾਂ ਸੰਬੰਧੀ ਮੀਟਿੰਗ ਬੇਸਿੱਟਾ ਰਹਿਣ ਕਰਕੇ ਅਤੇ ਹਰਿਆਣਾ ਰਾਜ ਬਿਜਲੀ ਨਿਗਮ ਦੇ ਮੁਲਾਜ਼ਮਾਂ ਵਲੋਂ ਹਰਿਆਣਾ ਦੇ ਨੂਹ ਅਤੇ ਗੁੜਗਾਉਂ ਜ਼ਿਲਿਆਂ ਦਾ ਹਰਿਆਣਾ ਅਤੇ ਕੇਂਦਰ ਸਰਕਾਰ ਵਲੋਂ ਬਿਜਲੀ ਪ੍ਰਬੰਧਨ ਦਾ ਕੰਮ ਪ੍ਰਾਈਵੇਟ ਠੇਕੇਦਾਰਾਂ ਨੂੰ ਸੌਂਪਣ ਦੇ ਰੋਸ ਵਜੋਂ ਕੀਤੀ ਜਾ ਰਹੀ 22 ਤੋਂ 24 ਅਕਤੂਬਰ ਤੱਕ ਤਿੰਨ ਰੋਜ਼ਾ ਹੜਤਾਲ ਦੀ ਹਮਾਇਤ ਵਿੱਚ ਰੋਸ ਰੈਲੀ ਕੀਤੀ ਗਈ।
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਫਰੰਟ ਦੇ ਸੱਦੇ ਤੇ 21-22 ਅਕਤੂਬਰ ਨੂੰ ਪੰਜਾਬ ਦੇ ਸਮੂਹ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਭਰ ਕੇ ਹੜਤਾਲ ਕੀਤੀ ਗਈ ਜਿਸ ਨਾਲ ਵੱਡੀ ਪੱਧਰ ਤੇ ਕੰਮ ਪ੍ਰਭਾਵਿਤ ਹੋਇਆ ਜਿਸ ਦਬਾਅ ਸਦਕਾ, ਪੰਜਾਬ ਸਰਕਾਰ ਦੇ ਚੀਫ ਸਕੱਤਰ ਵੱਲੋਂ ਹੜਤਾਲ ਨੂੰ ਪ੍ਰਭਾਵਿਤ ਕਰਨ ਲਈ ਮੀਟਿੰਗ ਦਾ ਸੱਦਾ ਤਾਂ ਦਿੱਤਾ ਗਿਆ ਪਰੰਤੂ ਹੱਲ ਕੋਈ ਨਹੀਂ ਕੀਤਾ ਜਿਸ ਕਾਰਨ ਸਮੂਹ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ , ਸੰਘਰਸ਼ ਨੂੰ ਹੋਰ ਤਿੱਖਾ ਕਰਦੇ 28 ਅਕਤੂਬਰ ਨੂੰ ਵਿਤ ਮੰਤਰੀ ਪੰਜਾਬ ਦੀ ਰਹਾਇਸ਼ ਦਿੜ੍ਹਬਾ ਵਿਖੇ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਬਿਜਲੀ ਮੁਲਾਜ਼ਮਾਂ ਵੱਲੋਂ ਇਸੇ ਦਿਨ ਤੋਂ ਵਰਕ ਟੂ ਲਾਗੂ ਕਰਦੇ ਹੋਏ ਸਿਰਫ ਆਪਣੀਆਂ ਬਣਦੀਆਂ ਡਿਊਟੀਆਂ ਹੀ ਕੀਤੀਆਂ ਜਾਣਗੀਆਂ ।ਅੱਜ ਦੀ ਰੋਸ ਰੈਲੀ ਮੁੱਖ ਤੌਰ ਤੇ ਹਰਿਆਣਾ ਦੇ ਬਿਜਲੀ ਨਿਗਮ ਦੇ ਮੁਲਾਜ਼ਮਾਂ ਦੀ ਹਮਾਇਤ ਵਿੱਚ ਕੀਤੀ ਗਈ।ਹਰਿਆਣਾ ਅਤੇ ਕੇਂਦਰ ਸਰਕਾਰ ਵਲੋਂ ਪ੍ਰਾਈਵੇਟ ਵੱਲ ਕਦਮ ਵਧਾਉਂਦੇ ਹੋਏ ਨੂਹ ਅਤੇ ਗੁੜਗਾਉਂ ਜ਼ਿਲਿਆਂ ਦਾ ਬਿਜਲੀ ਨਿਗਮ ਦਾ ਕੰਮ ਮੁਨਾਫੇ ਖਾਤਿਰ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਇਸ ਫੈਸਲੇ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ।ਜੇਕਰ ਪੰਜਾਬ ਸਰਕਾਰ ਵੱਲੋਂ ਹੜਤਾਲ ਦੌਰਾਨ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀ ਹਰਿਆਣਾ ਵਿਖੇ ਡੇਪੂਟੇਸ਼ਨ ਤੇ ਡਿਊਟੀ ਲਗਾਈ ਜਾਂਦੀ ਹੈ,ਉਸਦਾ ਵਿਰੋਧ ਕੀਤਾ ਜਾਵੇਗਾ।ਬੁਲਾਰਿਆਂ ਵਿੱਚ ਭੀਮ ਸੈਨ, ਅਰੁਣ ਕੁਮਾਰ ਤਿਰਪਾਠੀ, ਸੀਤਾ ਰਾਮ, ਹਰਪ੍ਰੀਤ ਸਿੰਘ ,ਸੁਧਾਰਥ, ਹਰੀਸ਼ ਕੁਮਾਰ,ਸੁਖਵਿੰਦਰਪਾਲ ਸ਼ਰਮਾ ਜੇ ਈ, ਮਨਿੰਦਰ ਸਿੰਘ ਅਤੇ ਦੁਰਗਾ ਦੱਤ ਨੇ ਸੰਬੋਧਨ ਕੀਤਾ।
- Download Babushahi App
-
-