ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪ੍ਰਾਰਥਨਾ ਸਭਾ ਦੇ ਨਾਮ ਹੇਠ ਧਰਮ ਪਰਿਵਰਤਨ ਰੋਕਣ ਲਈ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 23 ਅਕਤੂਬਰ 2026 : ਆਉਣ ਵਾਲੀ 28 ਅਕਤੂਬਰ ਨੂੰ ਬਠਿੰਡਾ ਦੇ ਬੀਬੀ ਵਾਲਾ ਰੋਡ ਸਥਿਤ ਪੁੱਡਾ ਗਰਾਊਂਡ ਵਿਖੇ ਕਥਿਤ ਤੌਰ ’ਤੇ ਈਸਾਈ ਪਾਦਰੀਆਂ ਵੱਲੋਂ ਪ੍ਰਾਰਥਨਾ ਸਭਾ ਦੇ ਨਾਂ ’ਤੇ ਕਰਵਾਏ ਜਾ ਰਹੇ ਕਥਿਤ ਧਰਮ ਪਰਿਵਰਤਨ ਸੰਮੇਲਨ ਨੂੰ ਰੋਕਣ ਲਈ ਅੰਤਰਰਾਸ਼ਟਰੀ ਹਿੰਦੂ ਸਿੱਖ ਮਹਾਸਭਾ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਨਾਂ ਸਹਾਇਕ ਡਿਪਟੀ ਕਮਿਸ਼ਨਰ ਗੁਰਜਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਮਹਾਸਭਾ ਦੇ ਜਨਰਲ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਜਾਦੂ-ਟੂਣੇ, ਭੂਤ-ਪ੍ਰੇਤ ਜਾਂ ਬਿਮਾਰੀਆਂ ਠੀਕ ਕਰਨ ਦੇ ਨਾਂ ’ਤੇ ਕਿਸੇ ਵੀ ਤਰ੍ਹਾਂ ਦਾ ਢੋਂਗ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਲਾਲਚ ਦੇ ਆਧਾਰ ’ਤੇ ਧਰਮ ਪਰਿਵਰਤਨ ਕਰਵਾਇਆ ਜਾ ਸਕਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਕੁਝ ਕਥਿਤ ਲੋਕ ਈਸਾਈਅਤ ਦੇ ਨਾਂ ’ਤੇ ਅਜਿਹੇ ਸਮਾਗਮ ਕਰਵਾ ਕੇ ਭੋਲੇ-ਭਾਲੇ ਹਿੰਦੂਆਂ ਅਤੇ ਸਿੱਖਾਂ ਨੂੰ ਗੁਮਰਾਹ ਕਰਕੇ ਧਰਮ ਪਰਿਵਰਤਨ ਕਰਵਾ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਾਂ ਨੇ ਕਿਹਾ ਕਿ ਅਜਿਹੇ ਸਮਾਗਮਾਂ ਲਈ ਸਰਕਾਰੀ ਜ਼ਮੀਨ ਮੁਹੱਈਆ ਕਰਵਾਉਣਾ ਵੀ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰਦਾ ਹੈ। 96 ਕਰੋੜੀ ਜਥੇਦਾਰ ਸਰਬਜੀਤ ਸਿੰਘ ਬੁੱਢਾ ਦਲ ਦਮਦਮਾ ਸਾਹਿਬ ਅਤੇ ਬਾਬਾ ਬਲਮ ਸਿੰਘ ਸ੍ਰੀ ਦਸਮੇਸ਼ ਤਰਨਾ ਦਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਸ ਸਮਾਗਮ ਨੂੰ ਨਾ ਰੋਕਿਆ ਅਤੇ ਸਬੰਧਤ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੁੱਚਾ ਸਮਾਜ ਖ਼ੁਦ ਇਸ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਪੈਦਾ ਹੋਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਮਿੱਠੂ ਸਿੰਘ, ਪ੍ਰਧਾਨ ਗੁਰਦੁਆਰਾ ਸਿਵਲ ਲਾਈਨ, ਹਰਦੀਪ ਸਿੰਘ ਬਿੱਟੂ, ਜਨਰਲ ਸਕੱਤਰ ਗੁਰਦੁਆਰਾ ਸਿੰਘ ਸਭਾ, ਆਸ਼ੂਤੋਸ਼ ਤਿਵਾੜੀ, ਸੰਦੀਪ ਅਗਰਵਾਲ, ਨਿਤਿਨ ਗੋਇਲ, ਬਬੂਨਾ ਪ੍ਰਸਾਦ, ਅਜੈ ਗੋਇਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
- Download Babushahi App
-
-