ਕਿਸਾਨ ਪਰਮਜੀਤ ਸਿੰਘ ਨੇ ਵਾਤਾਵਰਨ ਖਾਤਰ ਪਰਾਲੀ ਖੇਤ ਵਿੱਚ ਮਿਲਾਕੇ ਕੀਤੀ ਕਣਕ ਦੀ ਬਿਜਾਈ
ਅਸ਼ੋਕ ਵਰਮਾ
ਬਠਿੰਡਾ, 23 ਅਕਤੂਬਰ 2026:ਪਿੰਡ ਫੂਸ ਮੰਡੀ ਦੇ ਅਗਾਂਹਵਧੂ ਕਿਸਾਨ ਪਰਮਜੀਤ ਸਿੰਘ ਪੁੱਤਰ ਮਹਿਮਾ ਸਿੰਘ ਵੱਲੋਂ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਤਿੰਨ ਏਕੜ ਰਕਬੇ ਵਿੱਚ ਸੁਪਰ ਸੀਡਰ ਮਸ਼ੀਨ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿਚ ਹੀ ਵਾਹ ਕੇ ਕਣਕ ਦੀ ਬਿਜਾਈ ਕੀਤੀ ਗਈ। ਇਸ ਉਪਰਾਲੇ ਨਾਲ ਉਹ ਇਲਾਕੇ ਦੇ ਹੋਰ ਕਿਸਾਨਾਂ ਲਈ ਇੱਕ ਮਿਸਾਲ ਬਣ ਕੇ ਸਾਹਮਣੇ ਆਏ ਹਨ।ਇਸ ਮੌਕੇ ਹਾਜ਼ਰ ਡਾ. ਹਰਪ੍ਰੀਤ ਪਾਲ ਕੌਰ, ਮੁੱਖ ਖੇਤੀਬਾੜੀ ਅਫ਼ਸਰ, ਬਠਿੰਡਾ ਨੇ ਕਿਸਾਨ ਪਰਮਜੀਤ ਸਿੰਘ ਦੀ ਸ਼ਲਾਘਾ ਕਰਦਿਆਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਕਿਸਾਨ ਵਾਂਗ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤ ਵਿੱਚ ਹੀ ਰਲਾਉਣ।ਇਸ ਮੌਕੇ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 12 ਏਕੜ ਰਕਬਾ ਖੇਤੀ ਜ਼ਮੀਨ ਹੇਠਾਂ ਹੈ। ਇਸ ਸੀਜ਼ਨ ਦੌਰਾਨ ਉਨ੍ਹਾਂ ਹੁਣ ਤੱਕ 3 ਏਕੜ ਰਕਬੇ 'ਚ ਹੈਪੀ ਸੀਡਰ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਹੈ । ਉਨ੍ਹਾਂ ਕਿਹਾ ਕਿ ਜਲਦ ਹੀ ਉਹ ਬਾਕੀ ਰਹਿੰਦੇ 9 ਏਕੜ ਚ ਵੀ ਮਸ਼ੀਨ ਰਾਹੀਂ ਹੀ ਬਿਜਾਈ ਕਰਨਗੇ।
ਉਨ੍ਹਾਂ ਦੱਸਿਆ ਕਿ ਸੁਪਰ ਸੀਡਰ ਮਸ਼ੀਨ ਰਾਹੀਂ ਕੀਤੀ ਜਾਂਦੀ ਬਿਜਾਈ ਤੋਂ ਬਾਅਦ ਉਨ੍ਹਾਂ ਦੀ ਕਣਕ ਦਾ ਝਾੜ ਪਹਿਲਾਂ ਵਾਂਗ ਹੀ ਬਰਕਰਾਰ ਹੈ।ਇਸ ਮੌਕੇ ਡਾ. ਹਰਪ੍ਰੀਤ ਪਾਲ ਕੌਰ, ਮੁੱਖ ਖੇਤੀਬਾੜੀ ਅਫ਼ਸਰ, ਬਠਿੰਡਾ ਨੇ ਦੱਸਿਆ ਕਿ ਪਰਾਲੀ ਖੇਤ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਜਦਕਿ ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਜ਼ਮੀਨ ਦੇ ਮਿੱਤਰ ਕੀੜੇ ਤੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਮੁੱਖ ਖੇਤੀਬਾੜੀ ਅਫ਼ਸਰ ਨੇ ਛੋਟੇ ਅਤੇ ਮੱਧ ਕਿਸਾਨਾਂ ਨੂੰ ਖ਼ਾਸ ਤੌਰ ਤੇ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਕੋਲ ਜੇਕਰ ਆਪਣੀਆਂ ਮਸ਼ੀਨਾਂ ਨਹੀਂ ਹਨ ਤਾਂ ਉਹ ਸਬੰਧਤ ਸਹਿਕਾਰੀ ਸਭਾਵਾਂ ਤੋਂ ਮਸ਼ੀਨਾਂ ਮੁਫਤ ਲੈ ਕੇ ਪਰਾਲੀ ਦਾ ਪ੍ਰਬੰਧਨ ਕਰਨ।ਉਨ੍ਹਾਂ ਪਰਮਜੀਤ ਸਿੰਘ ਵਰਗੇ ਅਗਾਂਹਵਧੂ ਕਿਸਾਨਾਂ ਨੂੰ ਵੀ ਕਿਹਾ ਕਿ ਉਹ ਹੋਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਨ। ਇਸ ਮੌਕੇ ਇੰਜ. ਗੁਰਜੀਤ ਵਿਰਕ, ਡਾ ਅਸਮਾਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਡਾ. ਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸੁਖਦੀਪ ਸਿੰਘ, ਜੂਨੀਅਰ ਟੈਕਨੀਸ਼ੀਅਨ ,ਅਮਨਵੀਰ ਕੌਰ, ਏ ਐਸ ਆਈ, ਗੁਰਮਿਲਾਪ ਬੀਟੀਐ ਅਤੇ ਜਗਪ੍ਰੀਤ ਸਿੰਘ ਏਟੀਐਮ ਵੀ ਹਾਜ਼ਰ ਸਨ।
- Download Babushahi App
-
-