ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਸਾਲਾਨਾ ਜੂਨੀਅਰ ਖੇਡ ਮੇਲੇ ਦਾ ਆਯੋਜਨ
770 ਜੂਨੀਅਰ ਖਿਡਾਰੀਆਂ ਨੇ ਖੇਡਾਂ ਵਿਚ ਦਿਖਾਇਆ ਜੋਸ਼ ਅਤੇ ਜਜ਼ਬਾ
ਬੰਗਾ 24 ਅਕਤੂਬਰ 2026- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵੱਲੋਂ ਸਾਲਾਨਾ ਜੂਨੀਅਰ ਖੇਡ ਮੇਲੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ । ਇਸ ਵਿੱਚ ਪ੍ਰੀ ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ 770 ਨੰਨ੍ਹੇ-ਮੁੰਨੇ ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਅਨੁਸ਼ਾਸ਼ਨ ਨਾਲ ਭਾਗ ਲਿਆ । ਖੇਡ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਤੇ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਖੇਡ ਮੇਲੇ ਦਾ ਰਸਮੀ ਉਦਘਾਟਨ ਕੀਤਾ ।
ਆਪਣੇ ਭਾਸ਼ਣ ਵਿੱਚ ਉਹਨਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰ ਨੂੰ ਤੰਦਰੁਸਤ ਹੀ ਨਹੀਂ ਰੱਖਦੀਆਂ, ਸਗੋਂ ਬੱਚਿਆਂ ਦੇ ਅੰਦਰ ਆਤਮ-ਵਿਸ਼ਵਾਸ, ਅਨੁਸ਼ਾਸ਼ਨ ਅਤੇ ਟੀਮ ਭਾਵਨਾ ਵੀ ਪੈਦਾ ਕਰਦੀਆਂ ਹਨ । ਸਕੂਲ ਦਾ ਉਦੇਸ਼ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਬੱਚੇ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਪਹਿਚਾਣ ਕੇ ਉਸ ਨੂੰ ਮੰਚ ਪ੍ਰਦਾਨ ਕਰਨਾ ਹੈ । ਅੱਜ ਦੇ ਇਹ ਖਿਡਾਰੀ ਹੀ ਭਵਿੱਖ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀ ਬਣਨਗੇ । ਉਹਨਾਂ ਨੇ ਸਾਰੇ ਖਿਡਾਰੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਜੇਤੂ ਖਿਡਾਰੀਆਂ ਨੂੰ ਆਪਣੇ ਕਰ-ਕਮਲਾਂ ਨਾਲ ਮੈਡਲ ਅਤੇ ਇਨਾਮ ਵੰਡ ਕੇ ਉਹਨਾਂ ਦਾ ਸਨਮਾਨ ਕੀਤਾ ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਵਨੀਤਾ ਚੋਟ ਨੇ ਮੁੱਖ ਮਹਿਮਾਨ, ਟਰੱਸਟ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ । ਜੂਨੀਅਰ ਖੇਡ ਮੇਲੇ ਦਾ ਉਹ ਦ੍ਰਿਸ਼ ਵੇਖਣਯੋਗ ਸੀ ਜਦੋਂ ਨੰਨ੍ਹੇ-ਮੁੰਨੇ ਖਿਡਾਰੀ ਟਰੈਕ ਸੂਟ ਪਾ ਕੇ ਮੈਦਾਨ ਵਿੱਚ ਉਤਰੇ ਤਾਂ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ । ਖਿਡਾਰੀਆਂ ਨੇ 50 ਮੀਟਰ ਦੌੜ, 100 ਮੀਟਰ ਦੌੜ, ਰੀਲੇਅ ਦੌੜ, ਗਲਾਸ ਵਿੱਚ ਪਾਣੀ ਭਰਨਾ, ਰੱਸਾਕਸ਼ੀ ਅਤੇ ਹੋਰ ਵੱਖ-ਵੱਖ ਦਿਲਚਸਪ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਕੇ ਸ਼ਾਨਦਾਰ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਹੋਏ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੇਸ਼ਕਾਰੀ ਨੇ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ । ਇਸ ਮੌਕੇ ਜੋਗਿੰਦਰ ਸਿੰਘ ਸਾਧੜਾ ਸੀਨੀਅਰ ਮੀਤ ਪ੍ਰਧਾਨ ਟਰੱਸਟ, ਦਵਿੰਦਰ ਸਿੰਘ ਢਿੱਲੋਂ ਮੈਂਬਰ, ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਤਰਨ ਸਾਧੜਾ ਯੂ ਕੇ, ਜੋਗਿੰਦਰ ਸਿੰਘ ਕਲਸੀ ਨੈਸ਼ਨਲ ਕੋਚ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਪਿਊਸ਼ੀ ਯਾਦਵ ਸਹਾਇਕ ਪ੍ਰੋਫੈਸਰ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ, ਕਮਲਜੀਤ ਸਿੰਘ ਅਕਾਊਂਟੈਂਟ ਟਰੱਸਟ, ਰਮਨ ਕੁਮਾਰ ਵਾਈਸ ਪ੍ਰਿੰਸੀਪਲ (ਸਕੂਲ), ਜਸਵੀਰ ਕੌਰ ਡੀ.ਪੀ.ਈ., ਕੋਮਲ ਡੀ.ਪੀ.ਈ., ਕੁਲਜੀਤ ਸਿੰਘ ਡੀ.ਪੀ.ਈ. ਸਮੇਤ ਸਮੂਹ ਸਟਾਫ਼, ਸਕੂਲ ਸਟਾਫ ਵੀ ਹਾਜ਼ਰ ਸਨ।
- Download Babushahi App
-
-