ਫਾਸ਼ੀ ਹਮਲਿਆਂ ਵਿਰੋਧੀ ਫਰੰਟ' ਵੱਲੋਂ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਖਿਲਾਫ ਰੋਸ ਮਾਰਚ
ਅਸ਼ੋਕ ਵਰਮਾ
ਜਲੰਧਰ , 1 ਅਕਤੂਬਰ 2026 : 'ਫਾਸ਼ੀ ਹਮਲਿਆਂ ਵਿਰੋਧੀ ਫਰੰਟ' ਦੇ ਸੱਦੇ 'ਤੇ 'ਦੇਸ਼ ਭਗਤ ਯਾਦਗਾਰ ਜਲੰਧਰ' ਦੇ 'ਵਿਸ਼ਨੂੰ ਗਣੇਸ਼ ਪਿੰਗਲੇ ਹਾਲ' ਵਿਖੇ ਸਾਥੀ ਦਰਸ਼ਨ ਨਾਹਰ, ਕੁਲਵਿੰਦਰ ਸਿੰਘ ਵੜੈਚ ਤੇ ਅਸ਼ਵਨੀ ਕੁਮਾਰ ਲੱਖਣ ਕਲਾਂ ਦੀ ਪ੍ਰਧਾਨਗੀ ਹੇਠ ਭਰਵੀਂ ਰੋਸ ਰੈਲੀ ਕੀਤੀ ਗਈ।
ਆਰ.ਐਸ.ਐਸ.-ਭਾਜਪਾ ਤੇ ਮੋਦੀ ਸਰਕਾਰ ਦੀ ਗਿਣੀ-ਮਿਥੀ ਸਾਜ਼ਿਸ਼ ਤਹਿਤ ਕਰੋੜਾਂ ਭਾਰਤੀਆਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਲਈ ਕੀਤੀ ਜਾ ਰਹੀ ਵੋਟ ਸੂਚੀਆਂ ਦੀ 'ਵਿਸ਼ੇਸ਼ ਡੂੰਘੀ ਸੁਧਾਈ' (ਐਸ.ਆਈ.ਆਰ.) ਖਿਲਾਫ਼ ਕੀਤੀ ਗਈ ਇਸ ਰੋਸ ਰੈਲੀ ਨੂੰ ਆਰ.ਐਮ.ਪੀ.ਆਈ., ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕ੍ਰੇਸੀ ਤੇ ਸੀ.ਪੀ.ਆਈ. (ਐਮ.ਐਲ.) ਲਿਬ੍ਰੇਸ਼ਨ ਦੇ ਕੇਂਦਰੀ ਤੇ ਸੂਬਾਈ ਆਗੂਆਂ ਸਰਵ ਸਾਥੀ ਮੰਗਤ ਰਾਮ ਪਾਸਲਾ, ਦਰਸ਼ਨ ਖਟਕੜ, ਸੁਖਦਰਸ਼ਨ ਨੱਤ, ਪਰਗਟ ਸਿੰਘ ਜਾਮਾਰਾਏ, ਹੰਸ ਰਾਜ ਪੱਬਵਾਂ ਤੇ ਸੁਰਿੰਦਰ ਸ਼ਰਮਾ ਨੇ ਸੰਬੋਧਨ ਕੀਤਾ। ਮੰਚ ਸੰਚਾਲਕ ਦੇ ਫਰਜ ਸਾਥੀ ਮਹੀਪਾਲ ਨੇ ਅਦਾ ਕੀਤੇ।
ਬੁਲਾਰਿਆਂ ਨੇ ਕਿਹਾ ਕਿ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੀ ਸੋਚ ਆਪਣੀ ਸਥਾਪਨਾ ਵੇਲੇ ਤੋਂ ਹੀ ਦੇਸ਼ ਦੇ ਕਰੋੜਾਂ ਗਰੀਬਾਂ, ਘੱਟ ਗਿਣਤੀ ਵਸੋਂ, ਦਲਿਤਾਂ, ਔਰਤਾਂ, ਕਬਾਇਲਿਆਂ ਤੇ ਹਾਸ਼ੀਆਗਤ ਲੋਕਾਂ ਤੋਂ ਵੋਟ ਦਾ ਹੱਕ ਖੋਹਣ ਦੀ ਰਹੀ ਹੈ। ਦੇਸ਼ ਦੀ ਕੇਂਦਰੀ ਸੱਤਾ 'ਤੇ ਕਾਬਜ਼ ਆਰ.ਐਸ.ਐਸ. ਦੀ ਹੱਥਠੋਕਾ ਮੋਦੀ ਸਰਕਾਰ ਦੇ ਹੁਕਮਾਂ ਤਹਿਤ ਕੀਤੀ ਜਾ ਰਹੀ ਐਸ.ਆਈ.ਆਰ., ਸੰਘ-ਭਾਜਪਾ ਦੀ ਇਸੇ ਖੋਟੀ ਸੋਚ ਦੀ ਪੈਦਾਇਸ਼ ਹੈ ਅਤੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਇਸ ਸਾਜ਼ਿਸ਼ ਦਾ ਸਭ ਤੋਂ ਵੱਡਾ ਮੋਹਰਾ ਬਣ ਕੇ ਕੰਮ ਕਰ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਹੈ ਕਿ ਲੋਕ-ਰਾਜ ਦਾ ਘਾਣ ਕਰਨ ਬਦਲੇ ਗਿਆਨੇਸ਼ ਕੁਮਾਰ ਨੂੰ ਫੌਰੀ ਬਰਖ਼ਾਸਤ ਕੀਤਾ ਜਾਵੇ ਅਤੇ ਉਸ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਜੇਲ੍ਹ 'ਚ ਸੁੱਟਿਆ ਜਾਵੇ। ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਸੰਵਿਧਾਨਕ ਮਰਿਆਦਾ ਤੇ ਲੋਕ-ਰਾਜੀ ਕਦਰਾਂ-ਕੀਮਤਾਂ ਨੂੰ ਘੱਟੇ ਰੋਲਣ ਵਾਲੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਮੋਦੀ ਤੇ ਅਮਿਤ ਸ਼ਾਹ ਵੀ ਤੁਰੰਤ ਅਸਤੀਫਾ ਦੇਣ।
ਉਨ੍ਹਾਂ ਕਿਹਾ ਹੈ ਕਿ ਗਿਆਨੇਸ਼ ਕੁਮਾਰ ਦੀਆਂ ਕਥਿਤ ਆਪ ਹੁਦਰੀਆਂ ਦਾ ਕੱਚਾ ਚਿੱਠਾ ਜੱਗ-ਜਾਹਿਰ ਹੋਣ ਪਿੱਛੋਂ ਇਹ ਗੱਲ ਸਾਫ ਹੋ ਗਈ ਹੈ ਕਿ ਭਾਜਪਾ ਵਲੋਂ ਜਿੱਤੀਆਂ ਪਿਛਲੀਆਂ ਕਈ ਚੋਣਾਂ ਸਹੀ ਅਰਥਾਂ 'ਚ ਲੋਕ ਫਤਵਾ ਨਹੀਂ ਸਨ, ਇਸ ਲਈ ਐਸ.ਆਈ.ਆਰ. ਤੋਂ ਪਿੱਛੋਂ ਹੋਈਆਂ ਸਾਰੀਆਂ ਚੋਣਾਂ ਰੱਦ ਕੀਤੀਆਂ ਜਾਣ। ਉਨ੍ਹਾਂ ਐਸ.ਆਈ.ਆਰ. ਤੋਂ ਪਹਿਲਾਂ ਦੀਆਂ ਵੋਟ ਸੂਚੀਆਂ ਇੰਨ-ਬਿੰਨ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਐਸ.ਆਈ.ਆਰ. ਦਰ ਹਕੀਕਤ ਮੋਦੀ ਸਰਕਾਰ ਦੀ ਐਨ.ਸੀ.ਆਰ. ਨੂੰ ਟੇਢੇ ਢੰਗ ਨਾਲ ਲਾਗੂ ਕਰਨ ਦੀ ਹੀ ਕੁਚਾਲ ਹੈ।ਆਗੂਆਂ ਨੇ ਐਲਾਨ ਕੀਤਾ ਹੈ ਕਿ ਉਪਰ ਬਿਆਨੀਆਂ ਮੰਗਾਂ ਲਈ ਜਨਤਕ ਲਾਮਬੰਦੀ ਹੋਰ ਤੇਜ਼ ਕੀਤੀ ਜਾਵੇਗੀ। ਇਸ ਮੌਕੇ ਸ਼ਿਵ ਕੁਮਾਰ ਪਠਾਨਕੋਟ, ਸਤੀਸ਼ ਰਾਣਾ, ਮੋਹਣ ਸਿੰਘ ਧਮਾਣਾ, ਚਰਨਜੀਤ ਸਿੰਘ ਭਿੰਡਰ ਵੀ ਮੌਜੂਦ ਸਨ।ਰੋਸ ਰੈਲੀ ਦੀ ਸਮਾਪਤੀ ਤੋਂ ਪਿਛੋਂ ਸ਼ਹਿਰ 'ਚ ਰੋਹ ਭਰਪੂਰ ਮੁਜ਼ਾਹਰਾ ਵੀ ਕੀਤਾ ਗਿਆ।
- Download Babushahi App
-
-