ਕੌਮੀ ਖੂਨਦਾਨ ਦਿਵਸ ਮਨਜੀਤ ਕੌਰ ਲਈ ਬਣਿਆ ਜ਼ਿੰਦਗੀ ਦਾ ਨਿਵੇਕਲਾ ਦਿਨ
ਬਿਮਾਰ ਪਿਤਾ ਲਈ ਖੂਨ ਲੈਣ ਆਈ ਧੀ ਤੋਂ ਕਰਵਾਇਆ ਖੂਨਦਾਨ ਕੈਂਪ ਦਾ ਉਦਘਾਟਨ—21 ਖੂਨਦਾਨੀਆਂ ਨੇ ਦਿੱਤਾ ਜੀਵਨਦਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 1 ਅਕਤੂਬਰ 2026:
ਕੌਮੀ ਖੂਨਦਾਨ ਦਿਵਸ ਮੌਕੇ ਸਥਾਨਕ ਬੀ.ਡੀ.ਸੀ. ਬਲੱਡ ਸੈਂਟਰ ਵਿਖੇ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਉਸ ਸਮੇਂ ਮਾਹੌਲ ਭਾਵੁਕ ਹੋ ਗਿਆ, ਜਦੋਂ ਆਪਣੇ ਬਿਮਾਰ ਪਿਤਾ ਲਈ ਹਸਪਤਾਲ ਵੱਲੋਂ ਮੰਗਿਆ ਗਿਆ ਖੂਨ ਲੈਣ ਪਹੁੰਚੀ ਮਨਜੀਤ ਕੌਰ ਵਾਸੀ ਸੋਨਾ ਨੂੰ ਕੌਮੀ ਖੂਨਦਾਨ ਦਿਵਸ ਦੀ ਮਹੱਤਤਾ ਬਾਰੇ ਪਤਾ ਲੱਗਾ।
ਮਨਜੀਤ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ “ਇਹ ਦਿਨ ਮੇਰੀ ਜ਼ਿੰਦਗੀ ਦਾ ਨਿਵੇਕਲਾ ਦਿਨ ਬਣ ਗਿਆ ਹੈ, ਕਿਉਂਕਿ ਅੱਜ ਦਾ ਦਿਨ ਮੇਰੇ ਪਿਤਾ ਜੀ ਦੀ ਜੀਵਨ ਜੋਤ ਜਗਦੀ ਰੱਖਣ ਵਾਲਾ ਦਿਨ ਬਣ ਗਿਆ ਹੈ।” ਉਸਦੇ ਇਨ੍ਹਾਂ ਜਜ਼ਬਾਤਾਂ ਦਾ ਸਤਿਕਾਰ ਕਰਦਿਆਂ ਆਯੋਜਕ ਸੰਸਥਾ ਨੇ ਖੂਨਦਾਨ ਕੈਂਪ ਦਾ ਉਦਘਾਟਨ ਵੀ ਮਨਜੀਤ ਕੌਰ ਤੋਂ ਹੀ ਕਰਵਾਉਣ ਦਾ ਫੈਸਲਾ ਕੀਤਾ।
ਇਸ ਮੌਕੇ ਕੈਂਪ ਵਿੱਚ 21 ਖੂਨਦਾਨੀਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਐਸ.ਕੇ. ਸਰੀਨ, ਜੀ.ਐਸ. ਤੂਰ, ਜੇ.ਐਸ. ਗਿੱਦਾ, ਡਾ. ਅਜੇ ਬੱਗਾ, ਪ੍ਰਵੇਸ਼ ਕੁਮਾਰ, ਸੁਰਿੰਦਰ ਕੌਰ ਤੂਰ, ਯੁਵਰਾਜ ਕਾਲ੍ਹੀਆ, ਨਰਿੰਦਰਪਾਲ ਤੂਰ, ਮੈਨੇਜਰ ਮਨਮੀਤ ਸਿੰਘ ਅਤੇ ਸੰਸਥਾ ਦਾ ਸਟਾਫ ਹਾਜ਼ਰ ਸੀ।
ਬੁਲਾਰਿਆਂ ਨੇ ਕਿਹਾ ਕਿ ਭਾਰਤ ਵਿੱਚ ਖੂਨਦਾਨ ਲਹਿਰ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਸਵਰਗੀ ਡਾ. ਜੇ.ਜੀ. ਜੌਲ੍ਹੀ ਦੇ ਜਨਮ ਦਿਨ ਨੂੰ ਕੌਮੀ ਖੂਨਦਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਖੂਨਦਾਨ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਕੌਮੀ ਪੱਧਰ ’ਤੇ ਖੂਨਦਾਨ ਸਬੰਧੀ ਨਿਯਮ ਲਾਗੂ ਕਰਵਾਉਣ ਲਈ ਨਿਆਂਪਾਲਿਕਾ ਦਾ ਸਹਾਰਾ ਵੀ ਲਿਆ।
ਇਸ ਤੋਂ ਪਹਿਲਾਂ ਸੰਸਥਾ ਦੇ ਮੁੱਖ ਦੁਆਰ ’ਤੇ ਖੂਨਦਾਨ ਲਹਿਰ ਪ੍ਰਤੀ ਬਚਨਬੱਧਤਾ ਦੀ ਸਹੁੰ ਚੁੱਕਣ ਦਾ ਸਮਾਗਮ ਵੀ ਕਰਵਾਇਆ ਗਿਆ। ਕੌਮੀ ਖੂਨਦਾਨ ਦਿਵਸ ਨੂੰ ਸਮਰਪਿਤ ਮੁਫ਼ਤ ਬਲੱਡ ਗਰੁੱਪਿੰਗ ਅਤੇ ਐਚ.ਬੀ. ਟੈਸਟ ਕੈਂਪ ਵੀ ਸ਼ੁਰੂ ਕੀਤਾ ਗਿਆ, ਜੋ ਪੂਰਾ ਦਿਨ ਜਾਰੀ ਰਿਹਾ। ਖੂਨ ਦੀ ਕਮੀ ਵਾਲੇ ਵਿਅਕਤੀਆਂ ਨੂੰ ਮੁਫ਼ਤ ਦਵਾਈ ਵੀ ਮੁਹੱਈਆ ਕਰਵਾਈ ਗਈ।
ਇਸ ਮੌਕੇ ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖੂਨਦਾਨ ਸਿਰਫ਼ ਇੱਕ ਦਾਨ ਨਹੀਂ, ਸਗੋਂ ਕਿਸੇ ਅਣਜਾਣ ਵਿਅਕਤੀ ਦੀ ਜ਼ਿੰਦਗੀ ਬਚਾਉਣ ਦਾ ਮੌਕਾ ਹੈ। ਮਨਜੀਤ ਕੌਰ ਦੀ ਕਹਾਣੀ ਨੇ ਕੌਮੀ ਖੂਨਦਾਨ ਦਿਵਸ ਨੂੰ ਇੱਕ ਅਜਿਹਾ ਮਨੁੱਖੀ ਅਰਥ ਦਿੱਤਾ, ਜਿਸ ਵਿੱਚ ਇੱਕ ਪਿਤਾ ਦੀ ਜ਼ਿੰਦਗੀ ਅਤੇ ਖੂਨਦਾਨ ਦੀ ਮਹੱਤਤਾ ਇਕੱਠੇ ਨਜ਼ਰ ਆਈ।
- Download Babushahi App
-
-