ਸਿਹਤ ਵਿਭਾਗ ਵੱਲੋਂ ਟਰੱਕ ਡਰਾਈਵਰਾਂ ਅਤੇ ਕੰਡਕਟਰ ਨੂੰ ਸਿਹਤ ਸੇਵਾਵਾਂ ਮੁੱਹਈਆ ਕਰਵਾਉਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 28 ਸਤੰਬਰ 2026 :ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਟਰੱਕ ਯੂਨੀਅਨ ਦੇ ਸਹਿਯੋਗ ਨਾਲ ਅੱਜ ਮਿਤੀ 29 ਸਤੰਬਰ 2026 ਨੂੰ ਟਰੱਕ ਯੂਨੀਅਨ ਹਨੂੰਮਾਨ ਚੌਂਕ ਬਠਿੰਡਾ ਵਿਖੇ ਮੈਗਾ ਸਿਹਤ ਕੈਂਪ ਲਾਇਆ ਜਾਵੇਗਾ। ਇਸ ਕੈਂਪ ਦਾ ਮੁੱਖ ਉਦੇਸ਼ ਟਰੱਕ ਡਰਾਈਵਰਾਂ, ਕਲੀਨਰਾਂ ਅਤੇ ਹੋਰ ਟਰਾਂਸਪੋਰਟ ਨਾਲ ਜੁੜੇ ਵਿਅਕਤੀਆਂ ਨੂੰ ਸਿਹਤ ਸੇਵਾਵਾਂ ਅਤੇ ਵੱਖ-ਵੱਖ ਬਿਮਾਰੀਆਂ ਸਬੰਧੀ ਜਾਗਰੂਕਤਾ ਪ੍ਰਦਾਨ ਕਰਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਕੈਂਪ ਦੌਰਾਨ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਗੈਰ-ਸੰਚਾਰੀ ਰੋਗਾਂ ਜਿਵੇਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ, ਅੱਖਾਂ ਦੀ ਜਾਂਚ,ਟੀ.ਬੀ ਦੀ ਜਾਂਚ, ਮੁਫ਼ਤ ਐਕਸ-ਰੇ, ਅਤੇ ਸਿਹਤ ਸਬੰਧੀ ਲੋੜੀਂਦੀ ਸਲਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹਲਕਾਅ, ਟੀ.ਬੀ.,ਦਿਲ ਦੇ ਰੋਗ, ਤੰਬਾਕੂ ਦੀ ਵਰਤੋਂ ਤੋਂ ਹੋਣ ਵਾਲੇ ਨੁਕਸਾਨ, ਮਾਨਸਿਕ ਸਿਹਤ,ਏਡਜ ਸਬੰਧੀ ਜਾਗਰੂਕਤਾ, ਅਤੇ ਹੋਰ ਸਿਹਤ ਵਿਸ਼ਿਆਂ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਟਰੱਕ ਡਰਾਈਵਰ ਲੰਬੇ ਸਮੇਂ ਤੱਕ ਸੜਕਾਂ ’ਤੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਲਈ ਨਿਯਮਿਤ ਸਿਹਤ ਜਾਂਚ ਬਹੁਤ ਮਹੱਤਵਪੂਰਨ ਹੈ। ਸਮੇਂ ਸਿਰ ਬਿਮਾਰੀ ਦੀ ਪਛਾਣ ਹੋਣ ਨਾਲ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਟਰੱਕ ਯੂਨੀਅਨ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਕੈਂਪ ਵਿੱਚ ਪਹੁੰਚ ਕੇ ਸਿਹਤ ਜਾਂਚ ਕਰਵਾਉਣ ਦੀ ਅਪੀਲ ਕੀਤੀ।
ਸਿਹਤ ਵਿਭਾਗ ਵੱਲੋਂ ਟਰੱਕ ਯੂਨੀਅਨ ਦੇ ਡਰਾਈਵਰਾਂ ਅਤੇ ਹੋਰ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮੈਗਾ ਸਿਹਤ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੀ ਸਿਹਤ ਦੀ ਜਾਂਚ ਜ਼ਰੂਰ ਕਰਵਾਉਣ।
- Download Babushahi App
-
-