ਗਜ਼ਟਿਡ ਅਧਿਆਪਕ ਐਸੋਸੀਏਸ਼ਨ ਵੱਲੋਂ ਪੌਲੀਟੈਕਨੀਕ ਕਾਲਜਾਂ ਦੇ ਨਿੱਜੀਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ
ਅਸ਼ੋਕ ਵਰਮਾ
ਬਠਿੰਡਾ, 21 ਸਤੰਬਰ 2026 :ਸਰਕਾਰੀ ਬਹੁ ਤਕਨੀਕੀ ਕਾਲਜਾਂ ਦੇ ਅਧਿਆਪਕਾਂ, ਸੀਨੀਅਰ ਅਧਿਆਪਕਾਂ ਵਿਭਾਗ ਮੁਖੀਆਂ, ਸਹਾਇਕ ਨਿਰਦੇਸ਼ਕਾਂ ਅਤੇ ਉਪ ਨਿਰਦੇਸ਼ਕਾਂ ਦੀ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ 'ਬਹੁ ਤਕਨੀਕੀ ਕਾਲਜ ਗਜ਼ਟਿਡ ਅਧਿਆਪਕ ਐਸੋਸ਼ੀਏਸ਼ਨ ਨੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਨੂੰ ਬਹੁ ਤਕਨੀਕੀ ਸਲਾਹਕਾਰ ਬੋਰਡ ਬਣਾਉਣ ਬਾਰੇ ਜਾਰੀ ਦਿਸ਼ਾ ਨਿਰਦੇਸ਼ ਦੇ ਮੱਦੇਨਜ਼ਰ ਇੱਕ ਲਿਖਤੀ ਅਸਹਿਮਤੀ ਪੱਤਰ ਪ੍ਰੈੱਸ ਦੇ ਨਾਮ ਜਾਰੀ ਕਰਦਿਆਂ ਸਰਕਾਰ ਦੇ ਇਰਾਦਿਆਂ ਦਾ ਵਿਰੋਧ ਜਤਾਇਆ ਹੈ।ਜਥੇਬੰਦੀ ਦੇ ਸੂਬਾ ਪ੍ਰਧਾਨ ਇੰਜੀ. ਜਸਵੀਰ ਸਿੰਘ ਗਿੱਲ, ਜਨਰਲ ਸਕੱਤਰ ਇੰਜੀ. ਖੁਸ਼ਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਇੰਜੀ. ਗੁਰਬਖਸ਼ੀਸ਼ ਸਿੰਘ, ਮੀਤ ਪ੍ਰਧਾਨ ਸੁਰਿੰਦਰ ਸਿੰਘ, ਪ੍ਰੈਸ ਸਕੱਤਰ ਗਗਨਦੀਪ ਸਿੰਘ ਅਤੇ ਵਿੱਤ ਸਕੱਤਰ ਇੰਜੀ. ਜਗਦੀਪ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਸਨਅਤ ਅਤੇ ਵਿਦਿਅਕ ਅਦਾਰਿਆਂ ਦੇ ਤਾਲਮੇਲ, ਵਿਹਾਰਕ ਸਿਖਲਾਈ ਅਤੇ ਰੁਜ਼ਗਾਰ ਸਹਾਇਤਾ ਦੇ ਖਿਲਾਫ ਨਹੀਂ ਹਨ, ਪਰ ਇਹਨਾਂ ਦਿਸ਼ਾ-ਨਿਰਦੇਸ਼ਾਂ ਨਾਲ ਸਰਕਾਰੀ ਸੰਸਥਾਵਾਂ ਦੇ ਢਾਂਚੇ ਅਤੇ ਕਰਮਚਾਰੀਆਂ ਦੇ ਹਿੱਤਾਂ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸਲਾਹਕਾਰ ਬੋਰਡ ਨੂੰ ਸਿਰਫ ਸਲਾਹਕਾਰ ਦੀ ਬਜਾਏ "ਮੁੱਖ ਯੋਜਨਾਬੰਦੀ ਅਤੇ ਵਿਕਾਸ ਸੰਸਥਾ" ਬਣਾ ਕੇ ਬਾਹਰੀ ਸਨਅਤ ਦੇ ਵਿਅਕਤੀ ਨੂੰ ਪ੍ਰਧਾਨ ਅਤੇ ਪ੍ਰਿੰਸੀਪਲ ਨੂੰ ਸਿਰਫ ਸਦੱਸ ਸਕੱਤਰ ਬਣਾ ਦਿੱਤਾ ਗਿਆ ਹੈ। ਜਥੇਬੰਦੀ ਦੀ ਮੰਗ ਹੈ ਕਿ ਬੋਰਡ ਕੋਲ ਬਦਲੀਆਂ, ਤਾਇਨਾਤੀਆਂ, ਸਾਲਾਨਾ ਗੁਪਤ ਰਿਪੋਰਟਾਂ ਜਾਂ ਅਨੁਸ਼ਾਸਨੀ ਕਾਰਵਾਈ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ।ਪੜ੍ਹਾਈ ਵਿਚਾਲੇ ਛੱਡਣਾ ਅਤੇ ਨਿੱਜੀ ਖੇਤਰ ਵਿੱਚ ਰੁਜ਼ਗਾਰ ਵਰਗੇ ਮੁੱਦੇ ਪੂਰੀ ਤਰ੍ਹਾਂ ਅਧਿਆਪਕਾਂ ਦੇ ਹੱਥ ਵਿੱਚ ਨਹੀਂ ਹੁੰਦੇ, ਇਸ ਲਈ ਇਹਨਾਂ ਟੀਚਿਆਂ ਨੂੰ ਅਧਿਆਪਕਾਂ ਦੀਆਂ ਤਰੱਕੀਆਂ ਜਾਂ ਗੁਪਤ ਰਿਪੋਰਟਾਂ ਨਾਲ ਜੋੜਨਾ ਬਿਲਕੁਲ ਗਲਤ ਹੈ।
ਜਥੇਬੰਦੀ ਨੇ ਮੰਗ ਕੀਤੀ ਹੈ ਕਿ ਸਲਾਹਕਾਰ ਬੋਰਡ ਦੀਆਂ ਨਵੀਆਂ ਦਿਸ਼ਾ-ਨਿਰਦੇਸ਼ਾਂ ਦੀ ਅਧਿਸੂਚਨਾ ਤੁਰੰਤ ਰੱਦ ਕੀਤੀ ਜਾਵੇ ਅਤੇ ਸਾਰੀਆਂ ਸਬੰਧਤ ਜਥੇਬੰਦੀਆਂ ਨਾਲ ਖੁੱਲ੍ਹੀ ਵਿਚਾਰ-ਚਰਚਾ ਕੀਤੀ ਜਾਵੇ। ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਸਾਲ 2007 ਵਿੱਚ ਵੀ ਅਜਿਹਾ ਸੁਸਾਇਟੀ ਵਾਲਾ ਢਾਂਚਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਸਾਂਝੀ ਸੰਘਰਸ਼ ਕਮੇਟੀ ਬਣਾ ਕੇ ਤਿੱਖੇ ਵਿਰੋਧ ਤੋਂ ਬਾਅਦ ਸਰਕਾਰ ਨੂੰ ਵਾਪਸ ਲੈਣਾ ਪਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਅਧਿਸੂਚਨਾ ਵਾਪਸ ਨਾ ਲਈ ਗਈ, ਤਾਂ ਬਹੁ-ਤਕਨੀਕੀ ਕਾਲਜਾਂ ਨਾਲ ਸਬੰਧਤ ਜਥੇਬੰਦੀਆਂ ਸਾਂਝੀ ਸੰਘਰਸ਼ ਕਮੇਟੀ ਬਣਾ ਕੇ ਸੂਬਾ ਪੱਧਰੀ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੀਆਂ।
- Download Babushahi App
-
-