ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ
ਝੋਨੇ ਦੀ ਅਗੇਤੀ ਲਵਾਈ ਕਾਰਨ ਵੱਡੀ ਮਾਤਰਾ ਵਿੱਚ ਝੋਨਾ ਮੰਡੀਆਂ ਵਿੱਚ ਪਹੁੰਚਿਆ
ਤੁਰੰਤ ਖਰੀਦ ਸ਼ੁਰੂ ਨਾ ਕਰਨ ਦੀ ਹਾਲਤ ਵਿੱਚ ਕਿਸਾਨਾਂ ਦੀ ਲੁੱਟ ਦਾ ਖਦਸ਼ਾ: ਐੱਸਕੈੇਐੱਮ
ਪੰਜਾਬ ਸਰਕਾਰ, ਸੰਯੁਕਤ ਕਿਸਾਨ ਮੋਰਚੇ ਨਾਲ ਹੋਈਆਂ ਸਹਿਮਤੀਆਂ ਨੂੰ ਤੁਰੰਤ ਲਾਗੂ ਕਰੇ: ਐੱਸਕੇਐੱਮ
ਦਲਜੀਤ ਕੌਰ
ਚੰਡੀਗੜ੍ਹ, 16 ਸਤੰਬਰ, 2026: ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕੀਤੀ ਜਾਵੇ ਕਿਉਂਕਿ ਇਸ ਵਾਰ ਝੋਨੇ ਦੀ ਲਵਾਈ 10 ਜੂਨ ਦੀ ਥਾਂ ਇੱਕ ਜੂਨ ਤੋਂ ਸ਼ੁਰੂ ਕੀਤੀ ਗਈ ਸੀ। ਲਵਾਈ 10 ਦਿਨ ਅਗੇਤੀ ਹੋਣ ਕਰਕੇ ਝੋਨਾ ਅਗੇਤਾ ਮੰਡੀਆਂ ਵਿੱਚ ਆ ਗਿਆ ਹੈ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਪਰੈਸ ਨੂੰ ਬਿਆਨ ਜਾਰੀ ਕਰਦਿਆਂ ਹਰਮੀਤ ਸਿੰਘ ਕਾਦੀਆਂ , ਵੀਰ ਸਿੰਘ ਬੜਵਾ ਅਤੇ ਦਲਵੀਰ ਸਿੰਘ ਸਿੱਧੂਪੁਰ ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਖਰੀਦ 15 ਸਤੰਬਰ ਤੋਂ ਸ਼ੁਰੂ ਕੀਤੀ ਗਈ ਸੀ। ਪਰ ਇਸ ਵਾਰ ਝੋਨੇ ਦੀ ਲਵਾਈ ਅਗੇਤੀ ਹੋਣ ਦੇ ਬਾਵਜੂਦ ਸਰਕਾਰ ਨੇ ਝੋਨੇ ਦੀ ਖਰੀਦ ਇੱਕ ਅਕਤੂਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਮੰਡੀਆਂ ਵਿੱਚ ਝੋਨਾ ਪਿਆ ਹੋਣ ਕਾਰਨ ਝੋਨਾ ਘੱਟ ਰੇਟ ਤੇ ਖਰੀਦੇ ਜਾਣ ਦੀ ਸੰਭਾਵਨਾ ਹੈ। ਕਈ ਥਾਵਾਂ ਤੇ ਰੇਟ ਤੇ 200 ਤੋਂ 300 ਰੁਪਏ ਪ੍ਰਤੀ ਕੁਇੰਟਲ ਕੱਟ ਲਾ ਕੇ ਝੋਨਾ ਖਰੀਦੇ ਜਾਣ ਦੀਆਂ ਖਬਰਾਂ ਮਿਲੀਆਂ ਹਨ। ਆੜਤੀਏ ਝੋਨੇ ਨੂੰ ਸੰਭਾਲਣ ਲਈ ਇੱਕ ਵਾਰ ਬੋਰੀਆਂ ਵਿੱਚ ਭਰ ਦੇਣਗੇ ਅਤੇ ਬੋਲੀ ਆਉਣ ਤੇ ਦੁਬਾਰਾ ਢੇਰੀ ਕਰਕੇ ਭਰਨਗੇ। ਇਸ ਨਾਲ ਵੀ ਕਿਸਾਨਾਂ ਦਾ ਨੁਕਸਾਨ ਹੋਵੇਗਾ।
ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਨੇ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ੍ਹ ਵਿਖੇ ਲੱਗੇ ਹੋਏ ਮੋਰਚੇ ਵਿੱਚ ਹੋਈਆਂ ਸਹਿਮਤੀਆਂ ਨੂੰ ਲਾਗੂ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।ਸੰਯੁਕਤ ਕਿਸਾਨ ਮੋਰਚੇ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਘੋਲ ਦੀ ਹਮਾਇਤ ਕੀਤੀ ਅਤੇ ਪੰਜਾਬ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਹਨਜੀਤ ਸਿੰਘ ਸੇਖੋ ਤੇ ਤਸ਼ੱਦਦ ਕਰਨ ਅਤੇ ਤੂਰਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਹੋਰ ਲੋਕਾਂ ਤੇ ਕਾਰਵਾਈ ਕਰਨ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਸਵਾਲ ਪੁੱਛਣ ਵਾਲੇ ਲੋਕਾਂ ਤੇ ਜਬਰ ਢਾਹੁਣ ਦੀਆਂ ਕਾਰਵਾਈਆਂ ਬੰਦ ਕੀਤੀਆਂ ਜਾਣ।
- Download Babushahi App
-
-