ਬਰਨਾਲਾ ’ਚ ਆੜ੍ਹਤੀਆਂ ਦੀ ਹੜਤਾਲ
ਪੁਰਾਣੇ 60 ਆੜ੍ਹਤੀਆਂ ਨੂੰ ਜਗ੍ਹਾ ਦੇਣ ਦੀ ਮੰਗ, 15 ਨਵੇਂ ਆੜ੍ਹਤੀਆਂ ਨੂੰ ਸ਼ੈੱਡ ’ਚ ਜਗ੍ਹਾ ਦੇਣ ਦਾ ਵਿਰੋਧ; ਮੰਗਾਂ ਨਾ ਮੰਨਣ ’ਤੇ ਭੁੱਖ ਹੜਤਾਲ ਦੀ ਚਿਤਾਵਨੀ
KAMALJEET SANDHU
ਬਰਨਾਲਾ, 16 ਸਤੰਬਰ 2026-ਬਰਨਾਲਾ ਦੀ ਸਬਜ਼ੀ ਮੰਡੀ ਵਿੱਚ ਨਵੇਂ ਬਣੇ ਸ਼ੈੱਡ ’ਚ ਫੜਾਂ ਦੀ ਵੰਡ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਸਬਜ਼ੀ ਅਤੇ ਫਰੂਟ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਅੱਜ ਆਪਣਾ ਪੂਰਾ ਕਾਰੋਬਾਰ ਬੰਦ ਕਰ ਦਿੱਤਾ ਅਤੇ ਰੋਸ ਪ੍ਰਦਰਸ਼ਨ ਕੀਤਾ। ਆੜ੍ਹਤੀਆਂ ਦੇ ਨਾਲ ਰੇਹੜੀ ਅਤੇ ਫੜੀ ਯੂਨੀਅਨ ਦੇ ਮੈਂਬਰਾਂ ਨੇ ਵੀ ਹੜਤਾਲ ਦਾ ਸਮਰਥਨ ਕਰਦਿਆਂ ਨਾਅਰੇਬਾਜ਼ੀ ਕੀਤੀ।
ਆੜ੍ਹਤੀਆ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਖੁੱਲ੍ਹੇ ਆਸਮਾਨ ਹੇਠ ਆਪਣਾ ਕਾਰੋਬਾਰ ਕਰ ਰਹੇ ਹਨ। ਧੁੱਪ ਅਤੇ ਮੀਂਹ ਕਾਰਨ ਸਬਜ਼ੀਆਂ ਤੇ ਫਲ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਸੀ। ਲੰਬੇ ਸਮੇਂ ਦੀ ਮੰਗ ਤੋਂ ਬਾਅਦ ਕਰੀਬ ਦੋ ਸਾਲ ਪਹਿਲਾਂ ਨਵਾਂ ਸ਼ੈੱਡ ਮਨਜ਼ੂਰ ਹੋਇਆ ਸੀ, ਜਿਸ ਨਾਲ ਆੜ੍ਹਤੀਆਂ ਨੂੰ ਰਾਹਤ ਦੀ ਉਮੀਦ ਸੀ।
ਆੜ੍ਹਤੀਆਂ ਦਾ ਦੋਸ਼ ਹੈ ਕਿ ਸ਼ੈੱਡ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ 60 ਪੁਰਾਣੇ ਆੜ੍ਹਤੀਆਂ ਨੂੰ ਜਗ੍ਹਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹੁਣ 15 ਨਵੇਂ ਆੜ੍ਹਤੀਆਂ ਨੂੰ ਵੀ ਸ਼ੈੱਡ ਅੰਦਰ ਜਗ੍ਹਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਫੈਸਲਾ ਸਿਆਸੀ ਦਬਾਅ ਹੇਠ ਕੀਤਾ ਜਾ ਰਿਹਾ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਸੀਮਤ ਜਗ੍ਹਾ ਵਿੱਚ ਇੰਨੇ ਆੜ੍ਹਤੀਆਂ ਲਈ ਕਾਰੋਬਾਰ ਕਰਨਾ ਮੁਸ਼ਕਲ ਹੋਵੇਗਾ।
ਆੜ੍ਹਤੀਆਂ ਨੇ ਇਹ ਵੀ ਦੋਸ਼ ਲਾਇਆ ਕਿ ਸ਼ੈੱਡ ਵਿੱਚ ਫੜਾਂ ਦੀ ਨਿਸ਼ਾਨਦੇਹੀ ਰੋਕਣ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਕਥਿਤ ਤੌਰ ’ਤੇ ਝੂਠੀ ਐੱਫਆਈਆਰ ਦਰਜ ਕਰਵਾਈ ਗਈ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਪੁਰਾਣੇ 60 ਆੜ੍ਹਤੀਆਂ ਨੂੰ ਜਗ੍ਹਾ ਦੇਣਾ ਅਤੇ ਕਥਿਤ ਝੂਠੀ ਐੱਫਆਈਆਰ ਰੱਦ ਕਰਨਾ ਸ਼ਾਮਲ ਹੈ।
ਹੜਤਾਲ ਕਾਰਨ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆੜ੍ਹਤੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਸਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਜਾ ਸਕਦੀ ਹੈ।
ਉਧਰ, ਮਾਰਕੀਟ ਕਮੇਟੀ ਦੇ ਸਕੱਤਰ ਨੇ ਆੜ੍ਹਤੀਆਂ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਨਵੇਂ ਸ਼ੈੱਡ ਵਿੱਚ ਫੜਾਂ ਦੀ ਵੰਡ ਕਾਨੂੰਨ ਅਤੇ ਨਿਯਮਾਂ ਮੁਤਾਬਕ ਕੀਤੀ ਗਈ ਹੈ ਅਤੇ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਗਿਆ।
- Download Babushahi App
-
-