ਅਧਿਆਪਕ ਦਿਵਸ ਮੌਕੇ ਭਾਜਪਾ ਬਠਿੰਡਾ ਨੇ ਪੰਜਾਬ ਸਰਕਾਰ ਦੇ ਸਿੱਖਿਆ ਢਾਂਚੇ ਨੂੰ ਨਿਸ਼ਾਨਾ ਬਣਾਇਆ
ਅਸ਼ੋਕ ਵਰਮਾ
ਬਠਿੰਡਾ, 5 ਸਤੰਬਰ2026: ਅਧਿਆਪਕ ਦਿਵਸ ਦੇ ਮੌਕੇ 'ਤੇ ਭਾਰਤੀ ਜਨਤਾ ਪਾਰਟੀ ( ਬਠਿੰਡਾ) ਨੇ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਮ ਅਧਿਆਪਕਾਂ ਨਾਲ ਧੋਖਾ ਕਰਨ ਅਤੇ ਇਸ ਦੀ 'ਸਿੱਖਿਆ ਕ੍ਰਾਂਤੀ' ਨੂੰ ਖੋਖਲੇ ਨਾਅਰੇ 'ਚ ਬਦਲਣ ਦੇ ਗੰਭੀਰ ਦੋਸ਼ ਲਾਏ ਹਨ। ਪ੍ਰੈਸ ਬਿਆਨ ਰਾਹੀਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਨੂੰ ਅਧਿਆਪਕ ਦਾ ਪੁੱਤ ਦੱਸਦੇ ਹਨ, ਪਰ ਉਨ੍ਹਾਂ ਦੀ ਸਰਕਾਰ ਵਿੱਚ ਅਧਿਆਪਕਾਂ ਨੂੰ ਜ਼ਲਾਲਤ, ਪੁਲਿਸ ਕਾਰਵਾਈ ਅਤੇ ਅਣਦੇਖੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਸਿੰਗਲਾ ਨੇ ਕਿਹਾ, "ਪੰਜਾਬ ਦੇ ਸਰਕਾਰੀ ਅਧਿਆਪਕਾਂ ਲਈ ਇਹ ਦਿਨ ਜਸ਼ਨ ਦਾ ਨਹੀਂ, ਸਗੋਂ 'ਕਾਲਾ ਦਿਵਸ' ਹੈ। 'ਆਪ' ਨੇ ਵਾਅਦਾ ਕੀਤਾ ਸੀ ਕਿ ਅਧਿਆਪਕਾਂ ਨੂੰ ਪਾਣੀ ਦੀਆਂ ਟੰਕੀਆਂ 'ਤੇ ਨਹੀਂ ਚੜ੍ਹਨਾ ਪਵੇਗਾ, ਪਰ ਅੱਜ ਉਹ ਨਿਆਂ ਲਈ ਮੋਬਾਈਲ ਟਾਵਰਾਂ 'ਤੇ ਚੜ੍ਹਨ ਲਈ ਮਜ਼ਬੂਰ ਹਨ।
ਉਹਨਾਂ ਕਿਹਾ ਕਿ ਸੰਗਰੂਰ ਵਿੱਚ ਅੱਜ ਤੋਂ ਹੀ 6,640 ਕੰਪਿਊਟਰ ਅਧਿਆਪਕ ਆਪਣੀਆਂ ਜਾਇਜ਼ ਮੰਗਾਂ ਲਈ ਅਨਿਸ਼ਚਿਤ ਸਮੇਂ ਲਈ ਧਰਨੇ 'ਤੇ ਬੈਠ ਰਹੇ ਹਨ, ਜੋ ਸਰਕਾਰ ਦੀ ਨਾਕਾਮੀ ਦਾ ਪ੍ਰਤੱਖ ਪ੍ਰਮਾਣ ਹੈ।"
ਭਾਜਪਾ ਪ੍ਰਧਾਨ ਸ਼੍ਰੀ ਸਿੰਗਲਾ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ 31,370 ਤੋਂ ਵੱਧ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਹਨ। ਇਸ ਤੋਂ ਇਲਾਵਾ 1,100 ਤੋਂ ਵੱਧ ਪ੍ਰਿੰਸੀਪਲ ਅਤੇ ਇੱਕ ਤਿਹਾਈ ਡੀ.ਈ.ਓ. ਦੀਆਂ ਪੋਸਟਾਂ ਵੀ ਖਾਲੀ ਪਈਆਂ ਹਨ। 400 ਤੋਂ ਵੱਧ ਏਡਿਡ ਸਕੂਲਾਂ ਦੇ 1,700 ਤੋਂ ਵੱਧ ਕਰਮਚਾਰੀ 8 ਤੋਂ 19 ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਸਟੇਅ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦਾ ਗ੍ਰੇਡ ਪੇਅ 4,400 ਰੁਪਏ ਤੋਂ ਘਟਾ ਕੇ 3,200 ਰੁਪਏ ਕਰ ਦਿੱਤਾ। ਇਸ ਤਰ੍ਹਾਂ 1,013 ਲੈਕਚਰਾਰਾਂ ਦੀ ਭਰਤੀ 'ਚ ਐਸ.ਸੀ. ਅਤੇ ਬੀ.ਸੀ. ਵਰਗ ਦੇ ਜਰੂਰੀ 25% ਆਰਕਸ਼ਨ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਜਿਸ ਦਾ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੇ ਖ਼ੁਦ ਨੋਟਿਸ ਲਿਆ। ਇਸ ਤੋਂ ਇਲਾਵਾ 1,158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਵੀ ਲਟਕ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈ ਰਹੀ ਹੈ। ਸਿੰਗਲਾ ਨੇ ਕਿਹਾ ਕਿ ਭਾਜਪਾ ਸਰਕਾਰ ਆਉਣ 'ਤੇ ਖਾਲੀ ਪੋਸਟਾਂ ਭਰੀਆਂ ਜਾਣਗੀਆਂ ਅਤੇ ਅਧਿਆਪਕਾਂ ਦਾ ਸਨਮਾਨ ਬਹਾਲ ਕੀਤਾ ਜਾਵੇਗਾ।
- Download Babushahi App
-
-