ਸਰਕਾਰ 'ਕੰਧ 'ਤੇ ਲਿਖਿਆ ਪੜ੍ਹੇ' ਤੇ ਸਫਾਈ ਸੇਵਕਾਂ ਦੀਆਂ ਜਾਇਜ ਮੰਗਾਂ ਪੂਰੀਆਂ ਕਰੇ -ਪਾਸਲਾ
ਅਸ਼ੋਕ ਵਰਮਾ
ਫਰੀਦਕੋਟ; 31 ਜੁਲਾਈ 2026: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਮਿਉਂਸਪਲ ਅਦਾਰਿਆਂ 'ਚ ਕੰਮ ਕਰਦੇ ਸਫਾਈ ਸੇਵਕਾਂ ਦੇ ਇਕੱਠ 'ਚ ਬੋਲਦਿਆਂ ਉਨ੍ਹਾਂ ਦੇਸ਼ ਤੇ ਸਮਾਜ ਦੀ ਅਤਿ ਉੱਤਮ ਸੇਵਾ ਕਰਨ ਵਾਲੇ ਸਫਾਈ ਕਾਮਿਆਂ ਦੀਆਂ ਅਤਿ ਵਾਜਬ ਮੰਗਾਂ 'ਤੇ ਹੱਕੀ ਘੋਲ ਪ੍ਰਤੀ ਮੁਜ਼ਰਮਾਨਾ ਘੇਸਲ ਮਾਰੀ ਬੈਠੀ ਸੂਬੇ ਦੀ 'ਆਪ' ਸਰਕਾਰ ਦੀ ਕਰੜੀ ਨਿਖੇਧੀ ਕੀਤੀ। ਸਾਥੀ ਪਾਸਲਾ ਨੇ ਬਸਪਾ ਛੱਡ ਕੇ 'ਆਪ' ਨਾਲ ਜੁੜੇ ਤੇ ਆਪਣੇ ਆਪ ਨੂੰ ਦਲਿਤਾਂ ਦਾ ਮਸੀਹਾ ਦੱਸਣ ਵਾਲੇ ਜਸਵੀਰ ਸਿੰਘ ਗੜ੍ਹੀ ਨੂੰ ਸਵਾਲ ਕੀਤਾ ਕਿ ਬਰਨਾਲਾ ਵਿਖੇ ਸਫਾਈ ਸੇਵਕਾਂ, ਖਾਸ ਕਰਕੇ ਔਰਤਾਂ ਤੇ ਨੌਜਵਾਨਾਂ 'ਤੇ ਅਮਾਨਵੀ ਜਬਰ ਢਾਹੁਣ ਤੇ ਬਦਸਲੂਕੀ ਕਰਨ ਵਾਲੇ ਡੀਐਸਪੀ, ਐਸਐਚਓ ਤੇ ਹੋਰ ਮੁਲਾਜ਼ਮਾ ਖਿਲਾਫ ਬਣਦੀ ਕਾਰਵਾਈ ਹੋਣ ਦੇ ਬਾਵਜੂਦ ਵੀ ਉਹ ਸਰਕਾਰ ਵੱਲੋਂ 'ਬਖਸ਼ੇ' ਅਹੁਦੇ ਨਾਲ ਕਿਓਂ ਚਿੰਬੜੇ ਹੋਏ ਹਨ?
ਉਨ੍ਹਾਂ ਪੰਜਾਬ ਦੇ ਸਫਾਈ ਕਰਮਚਾਰੀ ਆਯੋਗ ਦੇ ਚੇਅਰਮੈਨ ਚੰਦਨ ਗ੍ਰੇਵਾਲ ਵਲੋਂ ਕੀਤੀ ਜਾ ਰਹੀ ਭਰਮਾਊ ਤੇ ਭੜਕਾਊ ਬਿਆਨਬਾਜੀ ਦਾ ਵੀ ਸਖ਼ਤ ਨੋਟਿਸ ਲਿਆ। ਪਾਸਲਾ ਨੇ ਕਿਹਾ ਕਿ ਅਜਿਹੇ ਆਗੂਆਂ ਦੇ ਮੌਕਾ ਪ੍ਰਸਤ ਕਿਰਦਾਰ ਤੋਂ ਕਿਰਤੀ ਕਾਮਿਆਂ ਦੇ ਸਾਰੇ ਭਰਮ-ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ। ਕਾਮਰੇਡ ਪਾਸਲਾ ਨੇ ਕਿਹਾ ਕਿ ਮਜ਼ਦੂਰਾਂ ਨੂੰ ਏਕਾ ਕਾਇਮ ਕਰਨਾ ਚਾਹੀਦਾ ਹੈ ਤੇ ਆਪਣੇ ਹੱਕ ਲੈਣ ਲਈ ਲੜਨਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਵਲੋਂ ਕੀਤੇ ਉਜਰਤ ਵਾਧੇ ਨੂੰ ਨਾਕਾਫੀ ਦੱਸਿਆ ਅਤੇ ਮੰਗ ਕੀਤੀ ਕਿ ਪੱਕੇ ਕੀਤੇ ਜਾਣ ਸਮੇਤ ਸਫਾਈ ਸੇਵਕਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਜਬਰ ਦੇ ਦੋਸ਼ੀ ਅਧਿਕਾਰੀਆਂ ਨੂੰ ਬਚਾਉਣ ਲੱਗੀ ਹੋਈ ਹੈ।
ਸਾਥੀ ਪਾਸਲਾ ਨੇ ਫਾਰਮਾਸਿਸਟ ਭਰਤੀ ਦਾ ਪਰਚਾ ਲੀਕ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਮੋਦੀ ਤੇ ਮਾਨ ਸਰਕਾਰਾਂ ਇਕੋ ਜਿਹੀਆਂ ਦਾਗਦਾਰ ਹਨ।ਉਨ੍ਹਾਂ ਕਿਹਾ ਕਿ ਹਰ ਮੁਹਾਜ਼ 'ਤੇ ਅਸਲੋਂ ਨਕਾਰਾ ਸਿੱਧ ਹੋਈ ਪੰਜਾਬ ਸਰਕਾਰ ਆਮ ਲੋਕਾਂ ਤੇ ਹੜਤਾਲੀ ਕਰਮਚਾਰੀਆਂ ਨੂੰ ਇਕ-ਦੂਜੇ ਨਾਲ ਲੜਾਉਣ ਲਈ ਕੂੜ ਮੁਹਿੰਮ ਚਲਾ ਰਹੀ ਹੈ ਜਿਸ ਤੋਂ ਪੰਜਾਬ ਵਾਸੀਆਂ ਨੂੰ ਚੌਕਸ ਹੋ ਜਾਣਾ ਚਾਹੀਦਾ ਹੈ ਤੇ ਆਪਣੇ ਹੱਕਾਂ ਦੀ ਰਾਖੀ ਲਈ ਇਕਜੁੱਟ ਹੋ ਕੇ ਲੜ ਰਹੇ ਸਫਾਈ ਕਾਮਿਆਂ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ।ਸਾਥੀ ਪਾਸਲਾ ਨੇ ਬੀਤੇ ਕੱਲ੍ਹ ਬਰਨਾਲਾ ਵਿਖੇ ਵੀ ਹੜਤਾਲੀ ਸਫਾਈ ਸੇਵਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਸੀ। ਅੱਜ ਸੁਭਾ ਹੀ ਉਨ੍ਹਾਂ ਕਸਬਾ ਸ਼ਾਹਕੋਟ ਵਿਖੇ ਵੀ ਹੜਤਾਲੀ ਸਫਾਈ ਸੇਵਕਾਂ ਨਾਲ ਇਕਮੁੱਠਤਾ ਪ੍ਰਗਟਾਈ ਸੀ।
- Download Babushahi App
-
-