ਪੁਲਿਸ ਜਬਰ ਤੇ ਗੁੰਡਾਗਰਦੀ ਖਿਲਾਫ 25 ਜੁਲਾਈ ਨੂੰ ਜਲੰਧਰ ਵਿਖੇ ਧਰਨੇ ਪ੍ਰਦਰਸ਼ਨ ਦਾ ਐਲਾਨ
ਅਸ਼ੋਕ ਵਰਮਾ
ਜਲੰਧਰ, 23 ਜੁਲਾਈ 2026 ਜੰਤਰ-ਮੰਤਰ ਨਵੀਂ ਦਿਲੀ ਵਿਖੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਕਈ ਹਫਤਿਆਂ ਤੋਂ ਸ਼ਾਂਤਮਈ ਤੇ ਬਾਜ਼ਾਬਤਾ ਘੋਲ ਲੜ ਰਹੇ ਨੌਜਵਾਨਾਂ, ਵਿਦਿਆਰਥੀਆਂ ਤੇ ਆਮ ਲੋਕਾਂ 'ਤੇ ਲੰਘੀ 20 ਜੁਲਾਈ ਨੂੰ ਢਾਹੇ ਗਏ ਵਹਿਸ਼ੀਆਨਾ ਜਬਰ ਖਿਲਾਫ ਆਉਣ ਵਾਲੀ 25 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਸੂਬਾ ਪੱਧਰ ਦਾ ਸਾਂਝਾ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਜਾਣਕਾਰੀ ਇੱਕ ਬਿਆਨ ਰਾਹੀਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦਿੱਤੀ ਹੈ। ਸਾਥੀ ਪਾਸਲਾ ਨੇ ਦੱਸਿਆ ਹੈ ਕਿ ਇਸ ਰੋਸ ਐਕਸ਼ਨ 'ਚ ਪ੍ਰਮੁੱਖ ਖੱਬੀਆਂ-ਜਮਹੂਰੀ ਧਿਰਾਂ ਦੇ ਸਿਰਮੌਰ ਆਗੂ, ਨਿਆਂ ਪਸੰਦ ਤੇ ਪ੍ਰਗਤੀਸ਼ੀਲ ਤਾਕਤਾਂ ਅਤੇ ਨਾਮਵਰ ਬੁੱਧੀਜੀਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਧਰਨਾ ਸਵੇਰੇ ਠੀਕ 11 ਵਜੇ ਸ਼ੁਰੂ ਹੋਵੇਗਾ ਤੇ ਬਾਅਦ ਦੁਪਹਿਰ ਡੀਸੀ ਦਫਤਰ ਤੱਕ ਰੋਸ ਮਾਰਚ ਕੱਢਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਡਾਢੇ ਦੁਖ ਤੇ ਰੋਸ ਦੀ ਗੱਲ ਹੈ ਕਿ ਨਾ ਕੇਵਲ ਦਿੱਲੀ ਪੁਲਸ ਤੇ ਅਰਧ ਸੈਨਿਕ ਬਲਾਂ ਦੇ ਮੁਲਾਜ਼ਮਾਂ, ਬਲਕਿ ਆਰ.ਐਸ.ਐਸ., ਭਾਜਪਾ ਤੇ ਹੋਰ ਸੰਘੀ ਸੰਗਠਨਾਂ ਦੇ ਪਾਲੇ ਗੁੰਡੇ ਵੀ ਨੌਜਵਾਨਾਂ, ਖਾਸ ਕਰਕੇ ਧੀਆਂ ਦੀ ਕੁੱਟਮਾਰ, ਖਿੱਚਧੂਹ ਤੇ ਬੇਹੁਰਮਤੀ ਕਰ ਰਹੇ ਸਨ। ਇਸ ਖਿਲਾਫ ਦੇਸ਼ ਭਰ ਦੇ ਸਾਵੀਂ ਸੋਚਣੀ ਵਾਲੇ ਲੋਕਾਂ 'ਚ ਸਖ਼ਤ ਗੁੱਸਾ ਪਾਇਆ ਜਾਇਆ ਰਿਹਾ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਪਣੇ ਗੁਨਾਹਾਂ ਤੋਂ ਤੌਬਾ ਕਰਨ ਦੀ ਬਜਾਏ ਹਾਲੇ ਵੀ ਸੰਵਿਧਾਨ ਦੇ ਚੌਖਟੇ 'ਚ ਸ਼ਾਨਾਮੱਤਾ ਘੋਲ ਲੜ ਰਹੇ ਨੌਜਵਾਨਾਂ ਨੂੰ ਨਿਪਾਲ ਤੇ ਬੰਗਲਾਦੇਸ਼ ਦੇ ਏਜੰਟ ਦੱਸ ਕੇ ਬੱਦੂ ਕਰਨ ਦੇ ਅਸਫਲ ਯਤਨ ਕਰ ਰਹੀ ਹੈ। ਉਨ੍ਹਾਂ ਪੇਪਰ ਲੀਕ ਘੁਟਾਲੇ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਤੇ ਘੁਟਾਲੇਬਾਜਾਂ ਦੀ ਪੁਸ਼ਤ-ਪਨਾਹੀ ਕਰਨ ਵਾਲੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਮੰਤਰੀ ਮੰਡਲ ਚੋਂ ਫੌਰੀ ਬਰਖਾਸਤ ਕਰਨ ਦੀ ਮੰਗ ਕੀਤੀ ਹੈ।ਸਾਥੀ ਮੰਗਤ ਰਾਮ ਪਾਸਲਾ ਨੇ ਸਕੂਲਾਂ-ਕਾਲਜਾਂ, ਯੂਨੀਵਰਸਿਟੀਆਂ ਤੇ ਹੋਰ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਧਰਨੇ-ਪ੍ਰਦਰਸ਼ਨ 'ਚ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
- Download Babushahi App
-
-