ਮਰਦਮਸ਼ੁਮਾਰੀ: ਬਠਿੰਡਾ ਜ਼ਿਲ੍ਹੇ ਵਿੱਚ ਗਿਣਤੀਕਾਰਾਂ ਵੱਲੋਂ ਘਰਾਂ ਦਾ ਸੂਚੀਕਰਨ ਸ਼ੁਰੂ
ਆਮ ਲੋਕ ਸਹੀ ਸੂਚਨਾ ਦੇ ਕੇ ਮਰਦਮਸ਼ੁਮਾਰੀ 'ਚ ਆਪਣਾ ਅਹਿਮ ਯੋਗਦਾਨ ਪਾਉਣ, ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 16 ਮਈ 2026:ਮਰਦਮਸ਼ੁਮਾਰੀ-2027 ਦੇ ਪਹਿਲੇ ਪੜਾਅ ਤਹਿਤ 15 ਮਈ ਤੋਂ 13 ਜੂਨ 2026 ਤੱਕ ਘਰ-ਘਰ ਜਾ ਕੇ ਘਰਾਂ ਦਾ ਸੂਚੀਕਰਨ ਕੀਤਾ ਜਾਣਾ ਹੈ। ਇਸ ਤਹਿਤ ਜ਼ਿਲ੍ਹਾ ਬਠਿੰਡਾ ਵਿੱਚ ਤਾਇਨਾਤ ਵੱਖ-ਵੱਖ ਗਿਣਤੀਕਾਰਾਂ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਸਹਿਤ-ਪ੍ਰਮੁੱਖ- ਜਨਗਣਨਾ ਅਫ਼ਸਰ ਸ਼੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਕਿਹਾ ਕਿ ਜ਼ਿਲ੍ਹੇ ਵਿਚ ਅੱਜ ਸ਼ਨੀਵਾਰ ਵਾਲੇ ਦਿਨ ਗਿਣਤੀਕਾਰਾਂ ਵੱਲੋਂ ਆਪਣੇ-ਆਪਣੇ ਨਿਰਧਾਰਤ ਖੇਤਰਾਂ ਵਿੱਚ ਘਰਾਂ ਦਾ ਸੂਚੀਕਰਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਰਾਂ 'ਤੇ ਆਏ ਗਿਣਤੀਕਾਰਾਂ ਨੂੰ ਸਹੀ ਸੂਚਨਾ ਮੁਹੱਈਆ ਕਰਵਾਉਣ ਅਤੇ ਆਪਣਾ ਬਣਦਾ ਅਹਿਮ ਯੋਗਦਾਨ ਜਨਗਣਨਾ ਵਿੱਚ ਪਾਉਣ।
ਇਸ ਕਾਰਜ ਲਈ 1900 ਤੋਂ ਵੱਧ ਗਿਣਤੀਕਾਰ ਸਮੇਤ ਰਾਖਵਾਂ ਸਟਾਫ਼ ਤਾਇਨਾਤ ਕੀਤੇ ਗਏ ਹਨ ਅਤੇ 317 ਸੁਪਰਵਾਈਜ਼ਰ ਲਗਾਏ ਗਏ ਹਨ। ਗਿਣਤੀਕਾਰਾਂ ਨੂੰ ਮੁਕੰਮਲ ਕਿੱਟਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਮਕਾਨ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ (HLO) ਲਈ 33 ਪ੍ਰਸ਼ਨ ਪੁੱਛੇ ਜਾਣਗੇ ਜਿਨ੍ਹਾਂ ਵਿਚ ਇਮਾਰਤ ਨੰਬਰ (ਨਗਰਪਾਲਿਕਾ ਜਾਂ ਸਥਾਨਕ ਅਥਾਰਟੀ ਜਾਂ ਜਨਗਣਨਾ ਨੰਬਰ), ਮਕਾਨ ਨੰਬਰ, ਮਕਾਨ ਦੇ ਫਰਸ਼ ਦੀ ਮੁੱਖ ਸਮੱਗਰੀ, ਪਰਿਵਾਰ ਵਿੱਚ ਆਮ ਤੌਰ 'ਤੇ ਰਹਿਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ, ਮੋਬਾਈਲ ਨੰਬਰ ਆਦਿ ਸ਼ਾਮਲ ਹਨ।
- Download Babushahi App
-
-