ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਕਾਮਿਆਂ ਦਾ ਪੱਕਾ ਧਰਨਾ ਦੂਜੇ ਦਿਨ ਵਿੱਚ ਦਾਖਿਲ
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 16 ਮਈ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਕੰਟਰੈਕਟਰ ਕਾਮਿਆਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਲਗਾਇਆ ਗਿਆ ਪੱਕਾ ਮੋਰਚਾ ਅੱਜ ਦੂਜੇ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸ ਮੌਕੇ ਪੰਜਾਬ ਸਰਕਾਰ ਅਤੇ ਪਾਵਰ ਕਾਮ ਮੈਨੇਜਮੈਂਟ ਵਿਰੁੱਧ ਜੋਰਦਾਰ ਨਾਹਰੇਬਾਜੀ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਸਮੇਂ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਖਤਮ ਕਰ ਦਿੱਤਾ ਜਾਵੇਗਾ। ਪ੍ਰੰਤੂ ਲਗਭਗ ਸਾਢੇ ਚਾਰ ਸਾਲ ਦਾ ਸਮਾਂ ਹੋਣ ਉਪਰੰਤ ਵੀ ਸਰਕਾਰ ਵੱਲੋਂ ਕੀਤਾ ਗਿਆ ਇਹ ਵਾਅਦਾ ਵਫਾ ਨਹੀਂ ਹੋਇਆ ਅਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਕਰਮਚਾਰੀ ਅੱਜ ਵੀ ਠੇਕੇਦਾਰੀ ਸਿਸਟਮ ਤਹਿਤ ਹੀ ਕੰਮ ਕਰ ਰਹੇ ਹਨ। ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੀਮੋ ਨੰਬਰ 1040/ 45 ਮਿਤੀ 09.05.2026 ਤਹਿਤ ਪੱਤਰ ਜਾਰੀ ਕਰਕੇ ਸੀ.ਐਚ.ਬੀ ਕਾਮਿਆਂ ਨੂੰ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਅਦਾਰੇ ਅਧੀਨ ਲੈ ਕੇ ਵਧੀਆ ਉਪਰਾਲਾ ਕੀਤਾ ਹੈ। ਪ੍ਰੰਤੂ ਪਿਛਲੇ 25-30 ਸਾਲਾਂ ਤੋਂ ਕੰਮ ਕਰ ਰਹੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਕਾਮਿਆਂ ਨੂੰ ਇਸ ਲਾਭ ਤੋਂ ਵਾਂਝੇ ਰੱਖਿਆ ਗਿਆ ਹੈ। ਜਿਸ ਦਾ ਸਮੂਹ ਥਰਮਲ ਕਾਮਿਆਂ ਵਿੱਚ ਭਾਰੀ ਰੋਸ ਹੈ। ਉਹਨਾਂ ਇਹ ਵੀ ਦੱਸਿਆ ਕਿ ਥਰਮਲ ਦੇ ਕੰਟਰੈਕਟਰ ਕਾਮਿਆਂ ਨੂੰ ਤਜਰਬੇ ਦੇ ਆਧਾਰ ਤੇ ਵੀ ਕੋਈ ਵੀ ਵਾਧੂ ਲਾਭ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ 30 ਸਾਲਾਂ ਦੇ ਤਜਰਬੇ ਅਤੇ ਨਵੇਂ ਭਰਤੀ ਕਰਮਚਾਰੀ ਨੂੰ ਬਰਾਬਰ ਉਜਰਤ ਮਿਲ ਰਹੀ ਹੈ। ਆਪਣੇ ਹੱਕ ਹਾਸਲ ਕਰਨ ਲਈ ਕੱਲ ਮਿਤੀ 15 ਜੁਲਾਈ ਤੋਂ ਥਰਮਲ ਕਾਮਿਆਂ ਨੇ ਆਪਣਾ ਕੰਮ ਛੱਡ ਕੇ ਥਰਮਲ ਪਲਾਂਟ ਦੇ ਮੇਨ ਗੇਟ ਤੇ ਪੱਕਾ ਮੋਰਚਾ ਲਗਾਉਣ ਦਾ ਫੈਸਲਾ ਕੀਤਾ ਸੀ ਜੋ ਕਿ ਅੱਜ ਦੂਸਰੇ ਦਿਨ ਵਿੱਚ ਦਾਖਿਲ ਹੋ ਗਿਆ ਹੈ। ਕੰਟਰੈਕਟਰ ਕਰਮਚਾਰੀਆਂ ਨੇ ਪੰਜਾਬ ਸਰਕਾਰ ਅਤੇ ਪਾਵਰ ਕਾਮ ਮੈਨੇਜਮੈਂਟ ਤੋਂ ਪੁਰਜੋਰ ਮੰਗ ਕੀਤੀ ਕਿ ਸੀ.ਐਚ.ਬੀ ਕਾਮਿਆਂ ਦੀ ਤਰਜ ਤੇ ਥਰਮਲ ਪਲਾਂਟ ਰੂਪਨਗਰ ਵਿੱਚ ਠੇਕੇਦਾਰੀ ਸਿਸਟਮ ਖਤਮ ਕਰਕੇ ਉਹਨਾਂ ਨੂੰ ਸਿੱਧਾ ਅਦਾਰੇ ਅਧੀਨ ਸਮਾਇਆ ਜਾਵੇ। ਉਹਨਾਂ ਦੱਸਿਆ ਕਿ ਜਦ ਤੱਕ ਸੀ.ਐਚ.ਬੀ ਕਾਮਿਆਂ ਦੀ ਤਰਜ ਤੇ ਥਰਮਲ ਕਾਮਿਆਂ ਨੂੰ ਸਿੱਧਾ ਅਦਾਰੇ ਅਧੀਨ ਨਹੀਂ ਸਮਾਇਆ ਜਾਂਦਾ ਉਦੋਂ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਇਸ ਮੌਕੇ ਮਹਿੰਦਰ ਸਿੰਘ ਅਮਰਜੀਤ ਸਿੰਘ ਅਰਜਿੰਦਰ ਸਿੰਘ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਗੁਰਚਰਨ ਸਿੰਘ, ਕੇਵਲ ਸਿੰਘ, ਅਮਰਿੰਦਰ ਸਿੰਘ, ਹਰਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ।
- Download Babushahi App
-
-