File Photo
ਵੱਡੀ ਖ਼ਬਰ: ਰਾਸ਼ਟਰਪਤੀ ਨੂੰ ਮਿਲਣਗੇ CM ਮਾਨ, ਪੜ੍ਹੋ ਤਰੀਕ ਅਤੇ ਪੂਰਾ ਸ਼ਡਿਊਲ
ਸੀਐੱਮ ਮਾਨ ਰਾਸ਼ਟਰਪਤੀ ਕੋਲ ਉਠਾਉਣਗੇ 'ਰਾਈਟ ਟੂ ਰੀ-ਕਾਲ' ਦਾ ਮੁੱਦਾ; ਦਲ-ਬਦਲੂ ਰਾਜ ਸਭਾ ਮੈਂਬਰਾਂ ਖ਼ਿਲਾਫ਼ ਵਿੱਢਣਗੇ ਮੁਹਿੰਮ
Babushahi Network
ਚੰਡੀਗੜ੍ਹ 29 ਅਪ੍ਰੈਲ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 5 ਮਈ ਨੂੰ ਰਾਸ਼ਟਰਪਤੀ ਨਾਲ ਹੋਣ ਵਾਲੀ ਮੁਲਾਕਾਤ ਦੇ ਅਹਿਮ ਮੁੱਦੇ ਸਾਹਮਣੇ ਆਏ ਹਨ। ਸੂਤਰਾਂ ਅਨੁਸਾਰ, ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਪਾਰਟੀ ਛੱਡ ਕੇ ਗਏ ਰਾਜ ਸਭਾ ਮੈਂਬਰਾਂ ਅਤੇ ਦੇਸ਼ ਦੇ ਚੋਣ ਸਿਸਟਮ ਵਿੱਚ ਵੱਡੇ ਸੁਧਾਰ ਦੀ ਮੰਗ ਉਠਾਉਣਗੇ।
ਮੁੱਖ ਮੰਤਰੀ ਭਗਵੰਤ ਮਾਨ 5 ਮਈ ਨੂੰ ਦੁਪਹਿਰ 12 ਵਜੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਉਨ੍ਹਾਂ ਰਾਜ ਸਭਾ ਮੈਂਬਰਾਂ ਦਾ ਮੁੱਦਾ ਉਠਾਉਣਗੇ, ਜਿਨ੍ਹਾਂ ਨੇ ਪਾਰਟੀ ਬਦਲ ਕੇ ਲੋਕਾਂ ਦੇ ਭਰੋਸੇ ਨੂੰ ਤੋੜਿਆ ਹੈ। ਉਹ ਮੰਗ ਕਰਨਗੇ ਕਿ ਅਜਿਹੇ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਸਖ਼ਤ ਕਾਨੂੰਨ ਬਣਾਏ ਜਾਣ।
ਇਸ ਮੁਲਾਕਾਤ ਦਾ ਸਭ ਤੋਂ ਅਹਿਮ ਪਹਿਲੂ 'ਰਾਈਟ ਟੂ ਰੀ-ਕਾਲ' ਦੀ ਮੰਗ ਹੋਵੇਗੀ। ਮੁੱਖ ਮੰਤਰੀ ਰਾਸ਼ਟਰਪਤੀ ਸਾਹਮਣੇ ਇਹ ਮੁੱਦਾ ਰੱਖਣਗੇ ਕਿ ਜੇਕਰ ਕੋਈ ਚੁਣਿਆ ਹੋਇਆ ਨੁਮਾਇੰਦਾ (ਐਮ.ਪੀ. ਜਾਂ ਵਿਧਾਇਕ) ਚੋਣਾਂ ਤੋਂ ਬਾਅਦ ਦਲ ਬਦਲਦਾ ਹੈ ਜਾਂ ਜਨਤਾ ਦੀਆਂ ਉਮੀਦਾਂ 'ਤੇ ਖ਼ਰਾ ਨਹੀਂ ਉਤਰਦਾ, ਤਾਂ ਜਨਤਾ ਕੋਲ ਉਸ ਨੂੰ ਵਾਪਸ ਬੁਲਾਉਣ (ਅਹੁਦੇ ਤੋਂ ਹਟਾਉਣ) ਦਾ ਅਧਿਕਾਰ ਹੋਣਾ ਚਾਹੀਦਾ ਹੈ।
ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਦਲ ਬਦਲਣ ਕਾਰਨ ਪੰਜਾਬ ਦੀ ਸਿਆਸਤ ਕਾਫ਼ੀ ਗਰਮਾਈ ਹੋਈ ਹੈ। ਮਾਹਿਰਾਂ ਅਨੁਸਾਰ, ਭਗਵੰਤ ਮਾਨ ਇਸ ਕਦਮ ਰਾਹੀਂ ਦੇਸ਼ ਭਰ ਵਿੱਚ ਇੱਕ ਨਵੀਂ ਚਰਚਾ ਛੇੜਨਾ ਚਾਹੁੰਦੇ ਹਨ ਤਾਂ ਜੋ ਭਵਿੱਖ ਵਿੱਚ 'ਆਪਰੇਸ਼ਨ ਲੋਟਸ' ਵਰਗੀਆਂ ਗਤੀਵਿਧੀਆਂ 'ਤੇ ਨੱਥ ਪਾਈ ਜਾ ਸਕੇ।
Click to Follow Babushahi Facebook page →