ਜਾਅਲੀ ਕਾਗ਼ਜ਼ਾਤ ਦੇ ਆਧਾਰ 'ਤੇ ਨੌਕਰੀ ਕਰਦੇ ਵਿਅਕਤੀ ਵਿਰੁੱਧ ਕਾਰਵਾਈ ਦੀ ਮੰਗ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 30 ਅਪਰੈਲ 2026- ਨਗਰ ਪੰਚਾਇਤ ਰਈਆ ਵਿੱਚ ਸਰਕਾਰੀ ਬਾਬੂਆਂ ਦੀ ਕਥਿਤ ਮਿਲੀਭੁਗਤ ਨਾਲ ਜਾਅਲੀ ਕਾਗ਼ਜ਼ਾਤ ਦੇ ਆਧਾਰ ਤੇ ਨੌਕਰੀ ਕਰਦੇ ਵਿਅਕਤੀ ਖ਼ਿਲਾਫ਼ ਐੱਸ.ਡੀ.ਐੱਮ ਬਾਬਾ ਬਕਾਲਾ ਸਾਹਿਬ ਦੇ ਕੋਲ ਮ੍ਰਿਤਕ ਦੇ ਭਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਕੇਸ਼ ਕੁਮਾਰ ਦੇ ਭਰਾ ਦੀਪੂ ਪੁੱਤਰ ਗੁੱਠੀਆ ਨੇ ਜਸ਼ਨਜੀਤ ਸਿੰਘ ਐੱਸ.ਡੀ ਐੱਮ ਬਾਬਾ ਬਕਾਲਾ ਸਾਹਿਬ ਨੂੰ ਲਿਖਤੀ ਸ਼ਿਕਾਇਤ ਦੇ ਦੀਆਂ ਦੱਸਿਆ ਕਿ ਮੇਰਾ ਭਰਾ ਰਕੇਸ਼ ਨਗਰ ਪੰਚਾਇਤ ਰਈਆ ਵਿੱਚ ਰੈਗੂਲਰ ਸਫ਼ਾਈ ਕਰਮਚਾਰੀ ਦੀ ਪੱਕੀ ਨੌਕਰੀ ਕਰਦਾ ਸੀ ਜਿਸ ਦੀ 29 ਜਨਵਰੀ 2024 ਨੂੰ ਮੌਤ ਹੋ ਗਈ। ਉਹ ਕੁਆਰਾ ਸੀ, ਜਿਸ ਬਾਰੇ ਨਗਰ ਪੰਚਾਇਤ ਰਈਆ ਦੇ ਸਾਰੇ ਕਰਮਚਾਰੀਆਂ ਨੂੰ ਪਤਾ ਸੀ ਅਤੇ ਮੈ ਆਪਣੇ ਮ੍ਰਿਤਕ ਭਰਾ ਦਾ ਇਕੱਲਾ ਕਾਨੂੰਨੀ ਵਾਰਿਸ ਹਾਂ।
ਨਗਰ ਪੰਚਾਇਤ ਦੇ ਕਰਮਚਾਰੀਆਂ ਵੱਲੋਂ ਮੇਰੇ ਭਰਾ ਦੀ ਮੌਤ ਤੋ ਬਾਅਦ ਗੱਬਰ ਪੁੱਤਰ ਲੱਖੀਂ ਵਾਸੀ ਧਿਆਨਪੁਰ ਨੇ ਆਪਣੇ ਹੋਰ ਸਾਥੀਆ ਨਾਲ ਮਿਲੀਭੁਗਤ ਕਰਕੇ ਮੇਰੇ ਭਰਾ ਦੀ ਮੌਤ ਦਾ ਸਰਟੀਫਿਕੇਟ ਬਣਾ ਲਿਆ ਜਿਸ ਵਿੱਚ ਕਿਸੇ ਸਮਿਤਰੀ ਦੇਵੀ ਨੂੰ ਉਸ ਦੀ ਪਤਨੀ ਲਿਖਾ ਦਿੱਤਾ ਅਤੇ ਬਾਅਦ ਵਿੱਚ ਨਗਰ ਪੰਚਾਇਤ ਰਈਆ ਦੇ ਮੁਲਾਜ਼ਮਾਂ / ਕਲਰਕਾ ਨਾਲ ਮਿਲੀਭੁਗਤ ਕਰਕੇ ਗੱਬਰ ਸਿੰਘ ਨੇ ਨਗਰ ਪੰਚਾਇਤ ਵਿੱਚ ਮੇਰੇ ਮ੍ਰਿਤਕ ਭਰਾ ਦੀ ਜਗਾ ਤਰਸ ਦੇ ਆਧਾਰ ਤੇ ਨੌਕਰੀ ਲੈ ਲਈ ਹੈ। ਮੈਨੂੰ ਪਤਾ ਲੱਗਣ ਤੇ ਮੈ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਦਿੱਤੀਆਂ ਤਾਂ ਨਗਰ ਪੰਚਾਇਤ ਰਈਆ ਦੇ ਕਲਰਕਾ ਨੇ ਮੈਨੂੰ ਡਰਾਇਆ ਧਮਕਾਇਆ।
ਇੰਨਾ ਨੇ ਆਪਸੀ ਮਿਲੀਭੁਗਤ ਨਾਲ ਮੇਰੇ ਮ੍ਰਿਤਕ ਭਰਾ ਰਕੇਸ਼ ਕੁਮਾਰ ਦੇ ਗ਼ਲਤ ਤਰੀਕੇ ਜਾਅਲੀ ਕਾਗ਼ਜ਼ਾਤ ਦੇ ਆਧਾਰ ਤੇ ਫ਼ੰਡ ਕਢਵਾ ਕੇ ਹੜੱਪ ਕਰਕੇ ਸਰਕਾਰ ਨੂੰ ਵੀ ਚੂਨਾ ਲਾਇਆ ਹੈ। ਹੁਣ ਦੁਬਾਰਾ ਈ .ਓ ਨਗਰ ਪੰਚਾਇਤ ਰਈਆ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਦਰਖਾਸਤਾਂ ਵੀ ਭੇਜੀਆਂ ਹਨ ਪਰ ਮੇਰੀਆਂ ਦਰਖਾਸਤਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਦਫ਼ਤਰ ਦੇ ਕਲਰਕ ਮੈਨੂੰ ਦਬਕੇ ਮਾਰ ਕੇ ਮੇਰੇ ਕੋਲੋਂ ਖ਼ਾਲੀ ਕਾਗ਼ਜ਼ਾਤ ਤੇ ਦਸਤਖ਼ਤ ਕਰਵਾਉਂਦੇ ਹਨ।
ਦੀਪੂ ਨੇ ਐੱਸ.ਡੀ.ਐੱਮ ਸਾਹਿਬ ਨੂੰ ਲਿਖਤੀ ਦਰਖਾਸਤ ਦੇ ਕੇ ਉਸ ਦੇ ਮ੍ਰਿਤਕ ਭਰਾ ਦੇ ਬਣਾਏ ਮੌਤ ਦੇ ਸਰਟੀਫਿਕੇਟ ਵਿੱਚ ਦਰਜ ਵਾਰਸ ਸਮਿਤਰੀ ਦੇਵੀ ਅਤੇ ਜਾਅਲੀ ਹੋਰ ਕਾਗ਼ਜ਼ਾਤ ਦੀ ਪੜਤਾਲ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮਾਮਲੇ ਸਬੰਧੀ ਅਨਿਲ ਚੋਪੜਾ ਈ.ਓ ਨਗਰ ਪੰਚਾਇਤ ਰਈਆ ਨਾਲ ਗੱਲਬਾਤ ਵੀ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈ ਸ਼ਿਕਾਇਤ ਕਰਤਾ ਨੂੰ ਆਪਣੇ ਦਫ਼ਤਰ ਪੱਤਰ ਭੇਜ ਕੇ ਬੁਲਾਇਆ ਸੀ ਪਰ ਉਹ ਆਪਣੀ ਸ਼ਿਕਾਇਤ ਦੀ ਪੜਤਾਲ ਦੇ ਸਬੰਧ ਵਿੱਚ ਦਫ਼ਤਰ ਨਹੀਂ ਆਇਆ। ਦੀਪੂ ਦੀ ਸ਼ਿਕਾਇਤ ਤੇ ਐੱਸ.ਡੀ ਐੱਮ ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਨੇ ਇਸ ਮਾਮਲੇ ਦੀ ਪੜਤਾਲ ਦੇ ਹੁਕਮ ਜਾਰੀ ਕੀਤੇ ਹਨ।
Click to Follow Babushahi Facebook page →