ਲੁਧਿਆਣਾ ਪੁਲਿਸ ਦੀ ਵੱਡੀ ਸਫ਼ਲਤਾ: ATM ਲੁੱਟਣ ਦੀ ਸਾਜ਼ਿਸ਼ ਰਚਣ ਵਾਲੇ 'ਗੈਂਗ' ਦੇ 06 ਮੈਂਬਰ ਹਥਿਆਰਾਂ ਸਮੇਤ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 28 ਅਪ੍ਰੈਲ, 2026 - ਪੁਲਿਸ ਕਮਿਸ਼ਨਰ ਸਵਪਨ ਸ਼ਰਮਾ (IPS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਅਫ਼ਸਰਾਂ ਦੀ ਅਗਵਾਈ ਹੇਠ ਲੁਧਿਆਣਾ ਪੁਲਿਸ ਨੇ ਸ਼ਹਿਰ ਵਿੱਚ ਡਾਕੇ ਮਾਰਨ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਖ਼ਤਰਨਾਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 06 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਨਜਾਇਜ਼ ਪਿਸਟਲ, ਗੈਸ ਕਟਰ ਅਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਹਨ।
ਮਿਤੀ 26 ਅਪ੍ਰੈਲ 2026 ਨੂੰ ਸਬ-ਇੰਸਪੈਕਟਰ ਸਤਵੀਰ ਸਿੰਘ ਦੀ ਅਗਵਾਈ ਹੇਠ ਟੀ-ਪੁਆਇੰਟ ਪਿੰਡ ਬੁੱਢੇਵਾਲ ਵਿਖੇ ਕੀਤੀ ਗਈ ਸਪੈਸ਼ਲ ਨਾਕਾਬੰਦੀ ਦੌਰਾਨ, ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਵਿਅਕਤੀ ਮਹਿੰਦਰਾ ਪਿੱਕਅੱਪ ਗੱਡੀ (PB-10-JA-0950) ਵਿੱਚ ਸਵਾਰ ਹੋ ਕੇ ATM ਅਤੇ ਫੈਕਟਰੀਆਂ ਵਿੱਚ ਡਾਕਾ ਮਾਰਨ ਦੀ ਨੀਯਤ ਨਾਲ ਆ ਰਹੇ ਹਨ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਸਾਹਿਬਾਣਾ ਪੁਲੀ ਨੇੜੇ ਘੇਰਾਬੰਦੀ ਕਰਕੇ ਦੋਸ਼ੀਆਂ ਨੂੰ ਦਬੋਚ ਲਿਆ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਚੰਦਨ (ਮੁੱਖ ਮੁਲਜ਼ਮ - ਬਿਹਾਰ) ਪ੍ਰਦੀਪ ਗੁਪਤਾ (ਉੱਤਰ ਪ੍ਰਦੇਸ਼) ਰੋਹਿਤ (ਉੱਤਰ ਪ੍ਰਦੇਸ਼) ਪੱਪੂ (ਉੱਤਰ ਪ੍ਰਦੇਸ਼) ਨੀਰਜ ਕੁਮਾਰ (ਬਿਹਾਰ) ਤੇ ਸੁਮਿਤ (ਬਿਹਾਰ - ਬਾਅਦ ਵਿੱਚ ਨਾਮਜ਼ਦਗੀ ਉਪਰੰਤ ਗ੍ਰਿਫ਼ਤਾਰ) ਅਨੁਸਾਰ ਹੋਈ ਹੈ।
ਦੋਸ਼ੀਆਂ ਦੇ ਕਬਜ਼ੇ ਵਿੱਚੋਂ ਵਾਰਦਾਤਾਂ ਵਿੱਚ ਵਰਤਿਆ ਜਾਣ ਵਾਲਾ ਭਾਰੀ ਸਾਮਾਨ ਬਰਾਮਦ ਹੋਇਆ ਜਿਸ ਵਿੱਚ ਇੱਕ ਦੇਸੀ ਪਿਸਟਲ (32 ਬੋਰ), ਜਿੰਦਾ ਰੋਂਦ, ਲੋਹੇ ਦੇ ਦਾਤ, ਰਾਡ ਅਤੇ ਕਿਰਪਾਨ, ਮਹਿੰਦਰਾ ਪਿੱਕਅੱਪ ਗੱਡੀ, ਸਪਲੈਂਡਰ ਮੋਟਰਸਾਈਕਲ ਅਤੇ ਮੋਬਾਈਲ ਫੋਨ ਤੇ ਆਕਸੀਜਨ ਗੈਸ ਸਿਲੰਡਰ, LPG ਸਿਲੰਡਰ, ਗੈਸ ਕਟਰ, ਰੈਗੂਲੇਟਰ ਅਤੇ ਪਾਈਪਾ ਸਨ।
ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਨਸ਼ੇ ਦੀ ਪੂਰਤੀ ਲਈ ਰਾਹਗੀਰਾਂ ਤੋਂ ਲੁੱਟ-ਖੋਹ ਕਰਦਾ ਸੀ। ਤਾਜ਼ਾ ਸਾਜ਼ਿਸ਼ ਅਨੁਸਾਰ, ਉਹ ਗੈਸ ਕਟਰ ਦੀ ਮਦਦ ਨਾਲ SBI ਬੈਂਕ ਦਾ ATM ਲੁੱਟਣ ਦੀ ਤਿਆਰੀ ਵਿੱਚ ਸਨ। ਦੋਸ਼ੀਆਂ ਨੇ ਪਹਿਲਾਂ ਵੀ ਜਮਾਲਪੁਰ ਇਲਾਕੇ ਵਿੱਚ ਮੋਟਰਸਾਈਕਲ ਅਤੇ ਮੋਬਾਈਲ ਖੋਹਣ ਦੀਆਂ ਵਾਰਦਾਤਾਂ ਕਬੂਲੀਆਂ ਹਨ। ਇਨ੍ਹਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ।ਤੇ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੌਰਾਨ ਸ਼ਹਿਰ ਵਿੱਚ ਹੋਈਆਂ ਕਈ ਹੋਰ ਵਾਰਦਾਤਾਂ ਦੇ ਖੁਲਾਸੇ ਹੋਣਗੇ।
Click to Follow Babushahi Facebook page →