ਬੈਡਮਿੰਟਨ ਖਿਡਾਰੀ ਨੂੰ ਡੀ ਸੀ ਨੇ ਮੈਡਲ ਦੇ ਕੇ ਕੀਤਾ ਸਨਮਾਨਤ
ਡਿਪਟੀ ਕਮਿਸ਼ਨਰ ਵੱਲੋਂ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ*
**ਮਾਪਿਆਂ ਦੀ ਮਿਹਨਤ ਨਾਲ ਖਿਡਾਰੀ ਬਣਦੈ ਕਾਮਯਾਬ – ਹਿਮਾਂਸ਼ੂ ਅਗਰਵਾਲ*
ਪਟਿਆਲਾ 28 ਅਪ੍ਰੈਲ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੀ ਲੜੀ ਹੇਠ ਨਾਭਾ ਦੇ ਰਹਿਣ ਵਾਲੇ ਬੈਡਮਿੰਟਨ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਨੂੰ ਅੱਜ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਜਗਸ਼ੇਰ ਸਿੰਘ ਖੰਗੂੜਾ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਉਸਦੀ ਖੇਡ ਪ੍ਰਾਪਤੀਆਂ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਉਨ੍ਹਾਂ ਦੇ ਕੋਚ ਸੁਰੇਸ਼ ਕੁਮਾਰ ਦੀ ਵੀ ਖਾਸ ਤੌਰ ‘ਤੇ ਸ਼ਲਾਘਾ ਕੀਤੀ , ਜਿਨ੍ਹਾਂ ਨੇ ਪਿਛਲੇ 7 ਸਾਲਾਂ ਤੋਂ ਜਗਸ਼ੇਰ ਸਿੰਘ ਖੰਗੂੜਾ ਨੂੰ ਸਿਖਲਾਈ ਦੇ ਕੇ ਇਸ ਮੁਕਾਮ ਤੱਕ ਪਹੁੰਚਾਇਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਗਸ਼ੇਰ ਸਿੰਘ ਖੰਗੂੜਾ ਵਰਗੇ ਖਿਡਾਰੀ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਉਹ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਨੇ ਜਗਸ਼ੇਰ ਸਿੰਘ ਖੰਗੂੜਾ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਉਸਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਬੈਡਮਿੰਟਨ ਕੋਚ ਸੁਰੇਸ਼ ਕੁਮਾਰ ਨੇ ਦਸਿਆ ਕਿ ਜਗਸ਼ੇਰ ਸਿੰਘ ਖੰਗੂੜਾ, ਜੋ ਕਿ ਸ੍ਰੀ ਮਨਪ੍ਰੀਤ ਸਿੰਘ ( ਪਿਤਾ) ਅਤੇ ਰਸ਼ਪਾਲ ਕੌਰ ( ਮਾਤਾ) ਦੇ ਪੁੱਤਰ ਹਨ, ਨੇ ਬੈਡਮਿੰਟਨ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਅੰਤਰਰਾਸ਼ਟਰੀ ਸਿਲਵਰ ਮੈਡਲ, 8 ਬਰਾਂਜ਼ ਮੈਡਲ ਅਤੇ 11 ਗੋਲਡ ਮੈਡਲ ਜਿੱਤੇ ਹਨ। ਇਸਦੇ ਨਾਲ ਹੀ ਉਸਨੇ 5 ਵਾਰ ਕਵਾਰਟਰ ਫਾਈਨਲ ਤੱਕ ਪਹੁੰਚ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਉਸਦੀ ਇਹ ਉਪਲਬਧੀ ਨਾ ਸਿਰਫ਼ ਉਸਦੇ ਪਰਿਵਾਰ ਲਈ, ਸਗੋਂ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਗਸ਼ੇਰ ਸਿੰਘ ਖੰਗੂੜਾ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਬੱਚਿਆਂ ਦੀ ਕਾਮਯਾਬੀ ਵਿੱਚ ਮਾਪਿਆਂ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੁੰਦਾ ਹੈ।
Click to Follow Babushahi Facebook page →