ਡੀ.ਟੀ.ਐਫ਼. ਪੰਜਾਬ ਵੱਲੋਂ ਜ਼ਬਰੀ ਥੋਪੇ ਟੈਟ ਖਿਲਾਫ ਅਰਥੀਆਂ ਫੂਕ ਮੁਜ਼ਾਹਰੇ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,31 ਮਾਰਚ 2026 : ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਸੁਪਰੀਮ ਕੋਰਟ ਦੇ ਫੈਸਲੇ ਤਹਿਤ ਲਏ ਜਾਣ ਵਾਲੇ ਟੈਟ ਖਿਲਾਫ ਛੇ ਅਤੇ ਸੱਤ ਅਪ੍ਰੈਲ ਨੂੰ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਕਮੇਟੀ ਦੀ ਹੋਈ ਆਨਲਾਈਨ ਮੀਟਿੰਗ ਵਿੱਚ ਜ਼ਬਰੀ ਥੋਪੇ ਟੀ. ਈ. ਟੀ. ਦੇ ਮਸਲੇ 'ਤੇ ਪੰਜਾਬ ਸਰਕਾਰ ਦੇ ਰਵਈਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਆਗੂਆਂ ਨੇ ਕਿਹਾ ਚਲਦੇ ਸੰਘਰਸ਼ ਵਿੱਚ ਸਿੱਖਿਆ ਮੰਤਰੀ ਪੰਜਾਬ ਸਰਕਾਰ ਵੱਲੋਂ ਜਥੇਬੰਦੀਆਂ ਨਾਲ ਮੀਟਿੰਗਾਂ ਵਿੱਚ ਵਾਅਦੇ ਕੀਤੇ ਸਨ ਕਿ ਟੀ.ਈ.ਟੀ. ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਪਾਈ ਜਾਵੇਗੀ , ਵਿਧਾਨ ਸਭਾ ਵਿੱਚ ਅਧਿਆਪਕਾਂ ਦੇ ਹੱਕ ਵਿੱਚ ਬਿੱਲ ਪਾਸ ਪਾਸ ਕੀਤਾ ਜਾਵੇਗਾ।
ਉਹਨਾਂ ਕਿਹਾ ਉਇਸਦੇ ਉਲਟ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸੁਰੱਖਿਆ ਕਰਦੇ 2017 ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨਾ ਅਤੇ ਹਾਈਕੋਰਟ ਵਿੱਚ ਡਾਇਰੈਕਟਰ ਸਿੱਖਿਆ ਵਿਭਾਗ ਦੁਆਰਾ ਟੀ.ਈ.ਟੀ. ਪਾਸ ਤੋਂ ਬਿਨਾਂ ਪ੍ਰਮੋਸ਼ਨਾਂ ਨਾ ਕਰਨ ਦੇ ਦਿੱਤੇ ਹਲਫਨਾਮੇ ਤੋਂ ਜ਼ਾਹਿਰ ਹੋ ਗਿਆ ਹੈ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਅਧਿਆਪਕਾਂ ਨਾਲ ਵਾਅਦਾ ਖਿਲਾਫੀ ਕਰ ਰਿਹਾ ਹੈ। ਬਲਾਕ ਪ੍ਰਧਾਨ ਵਿਕਾਸ ਗਰਗ, ਭੁਪਿੰਦਰ ਸਿੰਘ ਮਾਈਸਰਖਾਨਾ, ਭੋਲਾ ਰਾਮ, ਕੁਲਵਿੰਦਰ ਸਿੰਘ ਵਿਰਕ, ਬਲਕਰਨ ਸਿੰਘ , ਰਾਜਵਿੰਦਰ ਜਲਾਲ, ਨੇ ਕਿਹਾ ਕਿ ਅਧਿਆਪਕਾਂ ਉਪਰ ਜ਼ਬਰੀ ਥੋਪੇ ਜਾ ਰਹੇ ਵਿਭਾਗੀ ਟੀ .ਈ .ਟੀ . ਦੇ ਟੈਸਟ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਤਿੱਖਾ ਸੰਘਰਸ਼ ਅੱਗੇ ਵੀ ਜ਼ਾਰੀ ਰੱਖਣ ਦਾ ਫ਼ੈਸਲਾ ਲਿਆ ਹੈ|
ਜਥੇਬੰਦੀ ਦੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ, ਵਿੱਤ ਸਕੱਤਰ ਅਨਿਲ ਭੱਟ, ਜ਼ਿਲਾ ਕਮੇਟੀ ਮੈਂਬਰ ਜਗਦੀਪ ਸਿੰਘ ਮਾਨ ਨੇ ਦੱਸਿਆ ਕਿ ਅਧਿਆਪਕਾਂ ਦੀਆਂ 14 ਜਥੇਬੰਦੀਆਂ ਵੱਲੋਂ ਵਿਭਾਗੀ ਟੀ .ਈ .ਟੀ . ਦੇ ਖਿਲਾਫ 6 ਅਤੇ 7 ਅਪ੍ਰੈਲ ਨੂੰ ਜ਼ਿਲਾ ਪੱਧਰ ਤੇ ਸਰਕਾਰ ਦੀ ਅਰਥੀ ਫੂਕੇ ਜਾਣ ਦੇ ਪ੍ਰੋਗਰਾਮ ਵਿੱਚ ਡੀ.ਟੀ.ਐਫ਼. ਪੰਜਾਬ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।ਇਸ ਤੋਂ ਬਾਅਦ ਸੂਬਾ ਪੱਧਰੀ ਪ੍ਰੋਗਰਾਮ ਦਿੱਤਾ ਜਾਵੇਗਾ ਅਤੇ ਜੇਕਰ ਇਸ ਬੇਲੋੜੇ ਅਤੇ ਜ਼ਬਰੀ ਥੋਪੇ ਟੀ .ਈ .ਟੀ. ਕਾਰਨ ਕਿਸੇ ਵੀ ਅਧਿਆਪਕ ਦੀ ਨੌਕਰੀ ਜਾਂ ਪ੍ਰੋਮੋਸ਼ਨ ਉੱਪਰ ਕੋਈ ਖਤਰਾ ਆਉਂਦਾ ਹੈ ਤਾਂ ਜਥੇਬੰਦੀ ਉਸ ਅਧਿਆਪਕ ਦੀ ਜੀਅ-ਜਾਨ ਨਾਲ ਮੱਦਦ ਕਰੇਗੀ।
Click to Follow Babushahi Facebook page →