ਬਠਿੰਡਾ ਖ਼ੁਦਕੁਸ਼ੀ ਮਾਮਲਾ: ਪੁਲਿਸ ਦੀ ਵੱਡੀ ਕਾਰਵਾਈ, 3 ਬਿਲਡਰਾਂ ਖ਼ਿਲਾਫ਼ LOC ਜਾਰੀ
-5 ਕਰੋੜ ਦੀ ਠੱਗੀ ਦਾ ਇਲਜ਼ਾਮ
Ravi Jakhu
ਬਠਿੰਡਾ, 31 ਮਾਰਚ 2026: ਬਠਿੰਡਾ ਦੇ ਗਣਪਤੀ ਐਨਕਲੇਵ ਵਿੱਚ ਰਹਿਣ ਵਾਲੇ ਅਤੇ ਮੌੜ ਮੰਡੀ ਤੋਂ ਚੋਣ ਲੜਨ ਵਾਲੇ ਸਾਬਕਾ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਬੇਟੇ ਦਵਿੰਦਰ ਪਾਲ ਸਿੰਘ ਨੱਤ (32) ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਬਠਿੰਡਾ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਬਿਲਡਰਾਂ ਖ਼ਿਲਾਫ਼ LOC (ਲੁੱਕ ਆਊਟ ਸਰਕੂਲਰ) ਜਾਰੀ ਕਰ ਦਿੱਤਾ ਹੈ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕਣ।
ਦਵਿੰਦਰ ਨੱਤ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮਰਨ ਤੋਂ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਵੀਡੀਓ ਜਾਰੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਮੋਹਾਲੀ ਦੇ ਇੱਕ ਨਾਮੀ ਬਿਲਡਰ ਅਤੇ ਉਸਦੇ ਦੋ ਬੇਟਿਆਂ ਨੂੰ ਠਹਿਰਾਇਆ ਹੈ। ਵੀਡੀਓ ਵਿੱਚ ਦਵਿੰਦਰ ਨੇ ਦੋਸ਼ ਲਾਇਆ ਕਿ ਬਿਲਡਰਾਂ ਨੇ ਉਸ ਨਾਲ ਲਗਭਗ 4 ਤੋਂ 5 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਲਈ ਸੂਬੇ ਦੇ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਵੀ ਮਿਲੇ ਸਨ, ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਪਰੇਸ਼ਾਨ ਹੋ ਕੇ ਉਹ ਇਹ ਕਦਮ ਚੁੱਕ ਰਹੇ ਹਨ।
ਐੱਸ.ਪੀ. ਸਿਟੀ ਨਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ, ਮੁਲਜ਼ਮ ਬਿਲਡਰਾਂ ਦੀ ਭਾਲ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖ਼ਿਲਾਫ਼ LOC ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਮੋਬਾਈਲ ਫੋਨ, ਖ਼ੁਦਕੁਸ਼ੀ ਨੋਟ ਅਤੇ ਵੀਡੀਓ ਨੂੰ ਕਬਜ਼ੇ ਵਿੱਚ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਦਵਿੰਦਰ ਨੱਤ ਦੇ ਪਿਤਾ ਸੁਖਰਾਜ ਸਿੰਘ ਨੱਤ ਮੌੜ ਮੰਡੀ ਇਲਾਕੇ ਦੇ ਪ੍ਰਭਾਵਸ਼ਾਲੀ ਕਾਂਗਰਸੀ ਆਗੂ ਸਨ ਅਤੇ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ। ਕਈ ਸਾਲ ਪਹਿਲਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਹੁਣ ਇਕਲੌਤੇ ਪੁੱਤਰ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
Click to Follow Babushahi Facebook page →