ਚੰਡੀਗੜ੍ਹ ਨੂੰ ਮਾਤ ਦੇਵੇਗਾ ਨਵਾਂ ਮੋਹਾਲੀ: 11 ਹਜ਼ਾਰ ਏਕੜ 'ਚ ਵੱਸਣਗੇ 7 ਨਵੇਂ ਟਾਊਨਸ਼ਿਪ
CM ਮਾਨ ਨੇ ਐਲਾਨਿਆ ਸ਼ਹਿਰੀ ਵਿਕਾਸ ਦਾ ਨਵਾਂ ਖਾਕਾ
ਮੋਹਾਲੀ ਅਤੇ ਨਿਊ ਚੰਡੀਗੜ੍ਹ 'ਚ 'ਸ਼ਹਿਰੀ ਕ੍ਰਾਂਤੀ': 11,103 ਏਕੜ ਜ਼ਮੀਨ ਪ੍ਰਾਪਤੀ ਦਾ ਅਮਲ ਤੇਜ਼; ਸੈਕਟਰ-17 ਦੀ ਤਰਜ਼ 'ਤੇ ਬਣੇਗਾ ਨਵਾਂ ਸਿਟੀ ਸੈਂਟਰ
ਐੱਸ.ਏ.ਐੱਸ. ਨਗਰ (ਮੋਹਾਲੀ), 30 ਮਾਰਚ 2026: ਪੰਜਾਬ ਸਰਕਾਰ ਨੇ ਸੂਬੇ ਦੇ ਇਤਿਹਾਸ ਵਿੱਚ ਸ਼ਹਿਰੀ ਵਿਸਤਾਰ ਦੀ ਸਭ ਤੋਂ ਵੱਡੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਗ੍ਰੇਟਰ ਮੋਹਾਲੀ (GMADA) ਅਤੇ ਨਿਊ ਚੰਡੀਗੜ੍ਹ ਵਿੱਚ 11,103 ਏਕੜ ਜ਼ਮੀਨ ਹਾਸਲ ਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ, ਜਿਸ ਨਾਲ ਇਸ ਖੇਤਰ ਦੀ ਨੁਹਾਰ ਪੂਰੀ ਤਰ੍ਹਾਂ ਬਦਲਣ ਦੀ ਉਮੀਦ ਹੈ। ਇਸ ਵਿਆਪਕ ਯੋਜਨਾ ਵਿੱਚ ਕਈ ਵੱਡੇ ਪ੍ਰੋਜੈਕਟ (7 ਨਵੇਂ ਟਾਊਨਸ਼ਿਪ ਅਤੇ 7 ਨਵੇਂ ਸੈਕਟਰ ਵਿਕਸਤ ਕੀਤੇ ਜਾਣਗੇ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਐਰੋਟ੍ਰੋਪੋਲਿਸ ਦੇ 3 ਨਵੇਂ ਵੱਡੇ ਪਾਕੇਟ ਬਣਾਏ ਜਾਣਗੇ।
ਸੈਕਟਰ-87 ਬਣੇਗਾ 'ਨਵਾਂ ਸੈਕਟਰ-17'
ਮੋਹਾਲੀ ਦੇ ਸੈਕਟਰ 87 ਵਿੱਚ ਚੰਡੀਗੜ੍ਹ ਦੇ ਪ੍ਰਸਿੱਧ ਸੈਕਟਰ-17 ਦੀ ਤਰਜ਼ 'ਤੇ ਇੱਕ ਆਧੁਨਿਕ ਕਮਰਸ਼ੀਅਲ ਸਿਟੀ ਸੈਂਟਰ ਉਸਾਰਿਆ ਜਾਵੇਗਾ। ਮੋਹਾਲੀ ਅਤੇ ਨਿਊ ਚੰਡੀਗੜ੍ਹ ਨੂੰ ਜੋੜਨ ਲਈ 1,240 ਏਕੜ ਵਿੱਚ ਮਾਸਟਰ ਪਲਾਨ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ।
ਜ਼ਮੀਨ ਪ੍ਰਾਪਤੀ ਅਤੇ ਮੁਆਵਜ਼ਾ
ਸਾਰੀ ਪ੍ਰਕਿਰਿਆ 'ਜ਼ਮੀਨ ਪ੍ਰਾਪਤੀ ਐਕਟ-2013' ਦੇ ਪਾਰਦਰਸ਼ੀ ਨਿਯਮਾਂ ਤਹਿਤ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੁਆਵਜ਼ੇ ਦੀਆਂ ਦਰਾਂ 19 ਕਰੋੜ ਰੁਪਏ ਪ੍ਰਤੀ ਏਕੜ ਤੋਂ ਵੀ ਵੱਧ ਤੈਅ ਕੀਤੀਆਂ ਗਈਆਂ ਹਨ। ਈਕੋ ਸਿਟੀ-3: ਨਿਊ ਚੰਡੀਗੜ੍ਹ ਵਿੱਚ 716 ਏਕੜ ਵਿੱਚ ਫੈਲੇ 'ਈਕੋ ਸਿਟੀ-3' ਲਈ ਮੁਆਵਜ਼ੇ ਦੇ ਐਵਾਰਡ ਪਹਿਲਾਂ ਹੀ ਐਲਾਨੇ ਜਾ ਚੁੱਕੇ ਹਨ। ਸਫਲ ਬੋਲੀਕਾਰਾਂ ਨੂੰ ਸਹਿਮਤੀ ਪੱਤਰ (Letter of Intent) ਜਾਰੀ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ
ਮੁੱਖ ਮੰਤਰੀ ਨੇ ਇਸ ਪ੍ਰੋਜੈਕਟ ਨੂੰ ਪੰਜਾਬ ਦਾ 'ਸ਼ਹਿਰੀ ਪੁਨਰ-ਜਾਗਰਨ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, "ਅਸੀਂ ਮੋਹਾਲੀ ਅਤੇ ਨਿਊ ਚੰਡੀਗੜ੍ਹ ਵਿੱਚ ਚੰਡੀਗੜ੍ਹ ਤੋਂ ਵੀ ਬਿਹਤਰ ਸੈਕਟਰ ਵਿਕਸਤ ਕਰ ਰਹੇ ਹਾਂ। ਜਦੋਂ ਸੈਕਟਰ-87 ਮੁਕੰਮਲ ਹੋ ਜਾਵੇਗਾ, ਤਾਂ ਲੋਕਾਂ ਨੂੰ ਖਰੀਦਦਾਰੀ ਜਾਂ ਮਨੋਰੰਜਨ ਲਈ ਚੰਡੀਗੜ੍ਹ ਵੱਲ ਦੇਖਣ ਦੀ ਲੋੜ ਨਹੀਂ ਪਵੇਗੀ। ਇਹ ਸਾਡੇ ਆਪਣੇ ਲੋਕਾਂ ਦੀ ਜ਼ਮੀਨ 'ਤੇ ਉਸਾਰਿਆ ਜਾ ਰਿਹਾ ਬਿਹਤਰੀਨ ਸ਼ਹਿਰੀ ਮਾਡਲ ਹੋਵੇਗਾ।"
Click to Follow Babushahi Facebook page →