ਯਾਦਾਂ ਦੀਆਂ ਗਲੀਆਂ 'ਚ ਫੇਰੀ: ਪੰਜਾਬੀ ਯੂਨੀਵਰਸਿਟੀ ਦੇ ਪੁਸਤਕ ਮੇਲੇ ਤੋਂ ਪੰਮੀ ਬਾਈ ਦੇ ਵਿਹੜੇ ਤੱਕ ਦਾ ਸਫ਼ਰ
ਗੁਰਭਜਨ ਗਿੱਲ
ਲੰਮੇ ਅਰਸੇ ਬਾਦ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਸਤਕ ਮੇਲੇ ਮੌਕੇ ਕਰਵਾਏ ਸਾਹਿੱਤ ਉਤਸਵ ਵਿੱਚ ਜਾਣ ਦਾ ਮੌਕਾ ਮਿਲਿਆ। ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੇ ਵੀ ਜਾਣਾ ਸੀ ਪਰ ਖੜ੍ਹੇ ਪੈਰ ਮਨਜਿੰਦਰ ਨੂੰ ਕਿਸੇ ਜ਼ਰੂਰੀ ਰੁਝੇਵੇਂ ਨੇ ਰੋਕ ਲਿਆ। ਲੋਚੀ ਨਾਲ ਸਫ਼ਰ ਕਰਦਿਆਂ ਕਦੇ ਥਕੇਵਾਂ ਨਹੀਂ ਹੁੰਦਾ। ਮਹਿਕੰਦੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਛੋਹੀ ਰੱਖਦਾ ਹੈ। ਬਿਲਕੁਲ ਉਵੇਂ ਜਿਵੇਂ ਸਾਡੇ ਬੀਬੀ ਜੀ ਪੋਟਿਆਂ ਨਾਲ ਸੇਵੀਆਂ ਵੱਟਦੇ ਹੁੰਦੇ ਸਨ। ਕੁਝ ਘੰਟਿਆਂ ਵਿੱਚ ਹੀ ਛਿੱਕੂ ਭਰ ਲੈਂਦੇ। ਅਸੀਂ ਆਲ ਦੁਆਲੇ ਪਚਾਕੇ ਮਾਰਦੇ ਫਿਰਦੇ ਕਿ ਹੁਣ ਕੱਲ੍ਹ ਪਰਸੋਂ ਤੀਕ ਬੀਬੀ ਜੀ ਰਿੰਨ੍ਹ ਕੇ ਖੁਆਉਣਗੇ।
ਪਟਿਆਲਾ ਝੱਟ ਪੱਟ ਆ ਗਿਆ। ਬਾਈਪਾਸ ਨੂੰ ਮੁੜਨ ਲੱਗੇ ਤਾਂ ਪੰਮੀ ਬਾਈ ਨੂੰ ਟੱਲੀ ਖੜਕਾ ਕੇ ਪੁੱਛਿਆ ਕਿ ਕਿੱਥੋ ਹੋ?
ਉਸਨੇ ਘਰ ਵਿੱਚ ਹੋਣ ਬਾਰੇ ਦੱਸਿਆ ਤਾਂ ਅਸੀਂ ਬੇਨਤੀ ਕੀਤੀ ਕਿ ਨਿੱਕੀ ਇਲਾਇਚੀ ਕੇ ਲੌਂਗ ਕੁੱਟ ਕੇ ਰੱਖ ਲਵੋ, ਤਿੰਨ ਦਰਸ ਪਿਆਸੇ ਆ ਰਹੇ ਹਨ।
ਪੰਮੀ ਨਾਲ ਸਾਂਝ ਦੀ ਉਮਰ ਵੀ ਪੰਜਤਾਲੀ ਸਾਲ ਤੋਂ ਟੱਪ ਰਹੀ ਹੈ। ਏਨੇ ਸਾਲ ਤਾਂ ਲੋਕ ਵਿਹੜੇ ਵਿੱਚ ਰੁੱਖ ਨਹੀਂ ਰੱਖਦੇ। ਪੰਮੀ ਨੂੰ ਬਹੁਤ ਰੰਗਾਂ ਵਿੱਚ ਵੇਖਿਆ ਹੈ। ਲੋਕ ਨਾਚਾਂ ਤੋਂ ਲੋਕ ਸੰਗੀਤ ਤੇ ਵਾਦਨ ਖੇਤਰ ਵਿੱਚ ਸਰਦਾਰੀ ਕਰਦਿਆਂ। ਪਾਕਿਸਤਾਨ, ਅਮਰੀਕਾ ਤੇ ਕੈਨੇਡਾ ਵਿੱਚ ਵੀ। ਹਰ ਮੈਦਾਨ ਫਤਹਿ ਹੈ।
ਪੰਮੀ ਦੇ ਬਾਪੂ ਜੀ ਕਾਮਰੇਡ ਪ੍ਰਤਾਪ ਸਿੰਘ ਬਾਗ਼ੀ ਜੀ ਨਾਲ ਮੇਰੀ ਸ਼ਬਦ ਸਾਂਝ ਸੀ। ਇਹ ਸਾਂਝ ਸ. ਜਗਦੇਵ ਸਿੰਘ ਜੱਸੋਵਾਲ ਜੀ ਨੇ ਪੁਆਈ। ਪੰਮੀ ਦੇ ਘਰੋਂ ਪ੍ਰੇਮ ਪਿਆਲਾ ਪੀ ਕੇ ਤੁਰਨ ਲੱਗੇ ਤਾਂ ਬਾਪੂ ਜੀ ਦੀ ਤਸਵੀਰ ਅੱਗੇ ਸ਼ਰਧਾ ਸੁਮਨ ਭੇਂਟ ਕੀਤੇ। ਯਾਦਾਂ ਦੀਆਂ ਗਲੀਆਂ ਵਿੱਚ ਫਿਰਦਿਆਂ ਚੇਤਾ ਹੀ ਨਾ ਰਿਹਾ ਕਿ ਨਿੱਖੜਨਾ ਹੈ। ਤੁਰਨ ਲੱਗਿਆਂ ਪੰਮੀ ਬਾਈ ਬੋਲਿਆ , ਅਗਲੀ ਮੁਲਾਕਾਤ ਬਾਗੀ ਫਾਰਮ ਜਖੇਪਲ ਵਿੱਚ ਕਰਾਂਗੇ। ਉੱਥੇ ਮੈਂ ਜੈਵਿਕ ਖੇਤੀ ਕਰਵਾਉਂਦਾ ਹਾਂ। ਘਰ ਦੇ ਗੁੜ ਸ਼ੱਕਰ ਦਾ ਸ਼ਰਬਤ ਪੀਆਂਗੇ। ਗਰਮੀ ਚੂਸ ਜਾਂਦਾ ਹੈ।
ਯਾਦ ਆਇਆ! ਕਾਮਰੇਡ ਪ੍ਰਤਾਪ ਸਿੰਘ ਬਾਗੀ ਵੀ ਅਮਰਜੀਤ ਗੁਰਦਾਸਪੁਰੀ ਵਾਂਗ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੋਂ ਬਾਗ਼ੀ ਸੀ, ਇਸੇ ਸਾਕੋਂ ਪੰਮੀ ਬਾਈ ਗੁਰਦਾਸਪੁਰੀ ਜੀ ਨੂੰ ਚਾਚਾ ਜੀ ਕਹਿੰਦਾ ਹੁੰਦਾ ਸੀ।

-
ਗੁਰਭਜਨ ਗਿੱਲ, ਲੇਖਕ
gurbhajangill@gmail.com
...
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.