ਖਾਲੜਾ ਪੁਲਿਸ ਦੀ ਵੱਡੀ ਕਾਰਵਾਈ: ਹੈਰੋਇਨ ਸਮੇਤ ਦੋ ਤਸਕਰ ਗ੍ਰਿਫ਼ਤਾਰ; ਪਾਕਿਸਤਾਨੀ ਨੈੱਟਵਰਕ ਨਾਲ ਜੁੜੇ ਤਾਰ
Baljeet Singh
ਖਾਲੜਾ/ਤਰਨਤਾਰਨ, 29 ਮਾਰਚ 2026: ਸਰਹੱਦੀ ਇਲਾਕਿਆਂ ਵਿੱਚ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਖਾਲੜਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਕਿਲੋ 32 ਗ੍ਰਾਮ ਹੈਰੋਇਨ, ਮੋਬਾਈਲ ਫ਼ੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਐੱਸ.ਐੱਸ.ਪੀ. ਤਰਨਤਾਰਨ ਸੁਰੇਂਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੀ.ਐੱਸ.ਪੀ. ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਦੀ ਨਿਗਰਾਨੀ ਹੇਠ ਐੱਸ.ਆਈ. ਗੁਰਸਾਹਿਬ ਸਿੰਘ ਦੀ ਟੀਮ ਪਿੰਡ ਵਾਂ ਤਾਰਾ ਸਿੰਘ ਵਿਖੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ, ਤਾਂ ਉਨ੍ਹਾਂ ਕੋਲੋਂ ਪੀਲੇ ਰੰਗ ਦਾ ਇੱਕ ਪੈਕਟ ਬਰਾਮਦ ਹੋਇਆ, ਜਿਸ ਵਿੱਚੋਂ 1 ਕਿਲੋ 32 ਗ੍ਰਾਮ ਹੈਰੋਇਨ ਮਿਲੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਜਨ ਪੁੱਤਰ ਦਿਲਬਾਗ ਸਿੰਘ (ਵਾਸੀ ਪਿੰਡ ਡੱਲ), ਲਵਪ੍ਰੀਤ ਸਿੰਘ: ਪੁੱਤਰ ਲਾਡੀ (ਵਾਸੀ ਚੇਲਾ ਕਲੋਨੀ) ਅਨੁਸਾਰ ਹੋਈ ਹੈ। ਪੁਲਿਸ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੇ ਗਏ ਮੋਬਾਈਲ ਫ਼ੋਨ ਰਾਹੀਂ ਇਹ ਨੌਜਵਾਨ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਸਨ। ਉਹ ਸਰਹੱਦ ਪਾਰੋਂ ਨਸ਼ੇ ਦੀ ਖੇਪ ਮੰਗਵਾਉਣ ਲਈ ਲੋਕੇਸ਼ਨਾਂ ਸਾਂਝੀਆਂ ਕਰਦੇ ਸਨ। ਪੁਲਿਸ ਹੁਣ ਇਸ ਗੱਲ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਕਿ ਇਸ ਅੰਤਰਰਾਸ਼ਟਰੀ ਨੈੱਟਵਰਕ ਵਿੱਚ ਹੋਰ ਕਿਹੜੇ ਸਥਾਨਕ ਲੋਕ ਸ਼ਾਮਲ ਹਨ।
ਥਾਣਾ ਖਾਲੜਾ ਵਿਖੇ ਮੁਲਜ਼ਮਾਂ ਵਿਰੁੱਧ ਐੱਫ.ਆਈ.ਆਰ. ਨੰਬਰ 72 (ਮਿਤੀ 27 ਮਾਰਚ 2026) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀ.ਐੱਸ.ਪੀ. ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਪੁਰਾਣੇ ਰਿਕਾਰਡ ਖੰਗਾਲੇ ਜਾ ਰਹੇ ਹਨ ਅਤੇ ਜਲਦੀ ਹੀ ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।
Click to Follow Babushahi Facebook page →