ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਰਕਾਰੀ ਸਕੂਲਾਂ ਵਿੱਚ ਲਗਣਗੇ 50 ਇੰਟਰਐਕਟਿਵ ਪੈਨਲ: ਕੁਲਵੰਤ ਸਿੰਘ
5 ਸਕੂਲਾਂ ਵਿੱਚ ਲੱਗੇ 12 ਇੰਟਰ ਐਕਟਿਵ ਪੈਨਲਾਂ ਦੀ ਸ਼ੁਰੂਆਤ
ਮੋਹਾਲੀ, 25 ਮਾਰਚ:
ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਨੂੰ ਹੋਰ ਮਜ਼ਬੂਤੀ ਦੇਣ ਲਈ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਇੰਟਰਐਕਟਿਵ ਫਲੈਟ ਪੈਨਲ ਲਗਾਏ ਜਾ ਰਹੇ ਹਨ।
ਇਹ ਗੱਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸਕੂਲ ਆਫ ਐਮੀਨੈਂਸ ਫੇਜ਼-3ਬੀ1 ਸਮੇਤ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਇੰਟਰਐਕਟਿਵ ਐਲ.ਈ.ਡੀ. ਪੈਨਲ ਲਗਾਉਣ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ 5 ਸਰਕਾਰੀ ਸਕੂਲਾਂ-ਸਕੂਲ ਆਫ ਐਮੀਨੈਂਸ ਫੇਜ਼-3ਬੀ1 (4), ਮੈਰੀਟੋਰੀਅਸ ਸਕੂਲ ਸੈਕਟਰ-70 (2), ਸਰਕਾਰੀ ਹਾਈ ਸਕੂਲ ਮਟੌਰ (2), ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਹਾਣਾ (2) ਅਤੇ ਸਰਕਾਰੀ ਹਾਈ ਸਕੂਲ ਕੁੰਬੜਾ (2), ਵਿੱਚ ਕੁੱਲ 12 ਇੰਟਰਐਕਟਿਵ ਫਲੈਟ ਪੈਨਲ ਲਗਾਏ ਗਏ ਹਨ।
ਉਨ੍ਹਾਂ ਕਿਹਾ ਕਿ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਕੁੱਲ 50 ਐਲ.ਈ.ਡੀ. ਪੈਨਲ ਲਗਾਏ ਜਾਣਗੇ ਅਤੇ ਬਾਕੀ ਸਕੂਲਾਂ ਵਿੱਚ ਇਹ ਸਹੂਲਤ ਇੱਕ ਮਹੀਨੇ ਅੰਦਰ ਮੁਹੱਈਆ ਕਰਵਾ ਦਿੱਤੀ ਜਾਵੇਗੀ।
ਵਿਧਾਇਕ ਨੇ ਕਿਹਾ ਕਿ ਇਹ ਪੈਨਲ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਨਾਲ ਜੋੜਣ ਦੇ ਨਾਲ-ਨਾਲ ਉਨ੍ਹਾਂ ਨੂੰ ਗਲੋਬਲ ਪੱਧਰ ‘ਤੇ ਹੋ ਰਹੀਆਂ ਤਾਜ਼ਾ ਘਟਨਾਵਾਂ ਅਤੇ ਜਾਣਕਾਰੀਆਂ ਨਾਲ ਵੀ ਅਪਡੇਟ ਰੱਖਣਗੇ, ਜਿਸ ਨਾਲ ਉਹ ਸਮੇਂ ਦੇ ਹਾਣੀ ਬਣ ਸਕਣਗੇ।
ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਵਾਰ ਪ੍ਰਿੰਸੀਪਲਾਂ, ਹੈੱਡ ਟੀਚਰਾਂ ਅਤੇ ਹੁਣ ਅਧਿਆਪਕਾਂ ਨੂੰ ਫਿਨਲੈਂਡ ਸਮੇਤ ਹੋਰ ਦੇਸ਼ਾਂ ਵਿੱਚ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਹੈ, ਤਾਂ ਜੋ ਉਹ ਉੱਚ ਪੱਧਰੀ ਸਿੱਖਿਆ ਪ੍ਰਣਾਲੀਆਂ ਨੂੰ ਸਮਝ ਕੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਦੇ ਸਕਣ। ਜਲਦੀ ਹੀ ਅਧਿਆਪਕਾਂ ਦਾ ਇੱਕ ਹੋਰ ਬੈਚ ਵੀ ਵਿਦੇਸ਼ ਟ੍ਰੇਨਿੰਗ ਲਈ ਰਵਾਨਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਹਿਲਾਂ ਇੱਕ ਧਾਰਣਾ ਬਣੀ ਹੋਈ ਸੀ ਕਿ ਬੱਚਿਆਂ ਨੂੰ ਸਿਰਫ ਪ੍ਰਾਈਵੇਟ ਸਕੂਲਾਂ ਵਿੱਚ ਹੀ ਦਾਖਲ ਕਰਵਾਇਆ ਜਾਵੇ, ਪਰ ਸਰਕਾਰ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ, ਅਧਿਆਪਕਾਂ ਅਤੇ ਸਟਾਫ ਦੀ ਭਰਤੀ ਅਤੇ ਸਹੂਲਤਾਂ ਵਿੱਚ ਸੁਧਾਰ ਕਰਕੇ ਇਸ ਸੋਚ ਨੂੰ ਬਦਲਿਆ ਜਾ ਰਿਹਾ ਹੈ।
ਉਨ੍ਹਾਂ ਵਿਸ਼ਵਾਸ ਜਤਾਇਆ ਕਿ ਉਹ ਦਿਨ ਦੂਰ ਨਹੀਂ ਜਦੋਂ ਲੋਕ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਨੂੰ ਤਰਜੀਹ ਦੇਣਗੇ ਅਤੇ ਸਿੱਖਿਆ ਕ੍ਰਾਂਤੀ ਦੇ ਇਹ ਉਪਰਾਲੇ ਵੱਡੇ ਪੱਧਰ ‘ਤੇ ਨਤੀਜੇ ਦੇਣਗੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਡਾ. ਗਿੰਨੀ ਦੁਗਲ ਸਮੇਤ ਹੋਰ ਅਧਿਕਾਰੀ, ਜਨ ਪ੍ਰਤੀਨਿਧੀ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਜੂਦ ਸਨ।
Click to Follow Babushahi Facebook page →