AAP ਸਰਕਾਰ ਨੇ 4 ਸਾਲਾਂ 'ਚ ਸਿਰਫ 2600 ਕਰੋੜ ਰੁਪਏ ਦਾ ਨਿਵੇਸ਼ ਲਿਆਂਦਾ: ਸੁਖਬੀਰ ਸਿੰਘ ਬਾਦਲ ਨੇ RTI ਜਾਣਕਾਰੀ ਨਾਲ ਦਿੱਤਾ ਹਵਾਲਾ
ਕਿਹਾ ਕਿ ਮੁੱਖ ਮੰਤਰੀ ਨੇ ਝੂਠ ਬੋਲਿਆ ਕਿ 1.55 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ
ਕਿਹਾ ਕਿ ਅਕਾਲੀ ਦਲ ਬੇਅਦਬੀ ਕੇਸਾਂ ਵਿਚ ਵੱਧ ਤੋਂ ਵੱਧ ਸਜ਼ਾਵਾਂ ਵਾਸਤੇ ਕੰਮ ਕਰੇਗਾ
ਸਰਕਾਰ ਵੱਲੋਂ ਸਰਕਾਰੀ ਅਧਿਆਪਾਕਂ ਦੀ ਵਰਤੋਂ ਨਸ਼ੇੜੀਆਂ ਦੀ ਗਿਣਤੀ ਵਾਸਤੇ ਕਰਨ ਦੀ ਨਿਖੇਧੀ ਕੀਤੀ
ਜਗਤਾਰ ਸਿੰਘ
ਸਮਾਣਾ, 19 ਮਾਰਚ 2026 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਨਵੈਸਟ ਪੰਜਾਬ ਦੇ ਨਾਂ ’ਤੇ 1.55 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਣ ਦੇ ਨਾਂ ’ਤੇ ਵੱਡਾ ਧੋਖਾ ਕੀਤਾ ਹੈ ਜਦੋਂ ਕਿ ਅਸਲ ਵਿਚ ਸਿਰਫ 2600 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।
ਅੱਜ ਇਥੇ ਸਮਾਣਾ ਦੇ ਹਲਕਾ ਇੰਚਾਰਜ ਸਰਦਾਰ ਜਗਮੀਤ ਸਿੰਘ ਹਰਿਆਊ ਦੀ ਅਗਵਾਈ ਹੇਠ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਪਿਛਲੇ 4 ਸਾਲਾਂ ਵਿਚ ਸਿਰਫ 2600 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਵਿਚ ਹੋਇਆ ਹੈ। ਉਹਨਾਂ ਹਿਕਾ ਕਿ ਆਪ ਸਰਕਾਰ ਦੇ ਰਾਜ ਵਿਚ ਜੋ 2600 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਉਹ ਲੁਧਿਆਣਾ ਵਿਚ ਟਾਟਾ ਸਟੀਲ ਵੱਲੋਂ ਕੀਤਾ ਗਿਆ ਹੈ।
ਉਹਨਾਂ ਨੇ ਮੁੱਖ ਮੰਤਰੀ ਵੱਲੋਂ ਆਪ ਸਰਕਾਰ ਦੇ ਰਾਜ ਵਿਚ 1.55 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਣ ਸਬੰਧ ਕੀਤੇ ਦਾਅਵਿਆਂ ਨਾਲ ਝੂਠ ਬੋਲਣ ਲਈ ਮੁਆਫੀ ਦੀ ਮੰਗ ਕੀਤੀ ਅਤੇ ਕਿਹਾ ਕਿ ਅਕਾਲੀ ਦਲ ਲਗਾਤਾਰ ਇਹ ਕਹਿੰਦਾ ਆਇਆ ਹੈ ਕਿ ਫਿਰੌਤੀਆਂ ਤੇ ਗੈਂਗਸਟਰ ਰਾਜ ਦੇ ਕਾਰਨ ਨਿਵੇਸ਼ ਡਰੇ ਹੋਏ ਹਨ। ਉਹਨਾਂ ਕਿਹਾ ਕਿ ਅਸੀਂ ਕਾਨੂੰਨ ਦਾ ਰਾਜ ਦੇਣ ਵਾਸਤੇ ਵਚਨਬੱਧ ਹਾਂ ਤੇ ਅਸੀਂ 2027 ਵਿਚ ਸਰਕਾਰ ਬਣਨ ’ਤੇ ਨਿਵੇਸ਼ ਆਕਰਸ਼ਤ ਕਰਨ ਵਾਸਤੇ ਉਦਯੋਗਾਂ ਨੂੰ ਰਿਆਇਤਾਂ ਦੇਵਾਂਗੇ।
ਸਰਦਾਰ ਬਾਦਲ ਨੇ ਦੱਸਿਆ ਕਿ ਕਿਵੇਂ ਲੋਕ ਬੇਅਦਬੀ ਮਾਮਲਿਆਂ ਦੇ ਖਿਲਾਫ ਰੋਸ ਪ੍ਰਗਟ ਕਰ ਰਹੇ ਹਨ ਅਤੇ ਸਮਾਣਾ ਸਮੇਤ ਅਜਿਹੇ ਮਾਮਲਿਆਂ ਵਿਚ ਨਜਿੱਠਣ ਵਾਸਤੇ ਸਖ਼ਤ ਕਾਨੂੰਨਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਅਸੀਂ ਅਜਿਹੇ ਮਾਮਲਿਆਂ ਵਿਚ ਫਾਂਸੀ ਦੀ ਸਜ਼ਾ ਦੇਣ ਵਰਗੇ ਕਾਨੂੰਨ ਬਣਾਉਣ ਵਾਸਤੇ ਕੰਮ ਕਰਾਂਗੇ। ਉਹਨਾਂ ਕਿਹਾ ਕਿ ਪਹਿਲਾਂ ਵੀ 2016 ਵਿਚ ਅਕਾਲੀ ਦਲ ਦੀ ਸਰਕਾਰ ਵੇਲੇ ਵਿਧਾਨ ਸਭਾ ਵਿਚ ਅਸੀਂ ਤਜਵੀਜ਼ ਪਾਸ ਕੀਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੇ ਮਾਮਲੇ ਵਿਚ ਕਿਵੇਂ ਉਮਰ ਕੈਦ ਦੀ ਸਜ਼ਾ ਮਿਲੇਗੀ ਪਰ ਇਸ ਕਾਨੂੰਨ ਨੂੰ ਕੇਂਦਰ ਸਰਕਾਰ ਨੇ ਪਾਸ ਨਹੀਂ ਕੀਤਾ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ 2014 ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਆਮਦ ਤੋਂ ਬਾਅਦ ਹੀ ਬੇਅਦਬੀ ਦੇ ਮਾਮਲੇ ਸ਼ੁਰੂ ਹੋਏ ਅਤੇ ਆਪ ਵਿਧਾਇਕ ਨਰੇਸ਼ ਯਾਦਵ ਨੂੰ ਮਾਲੇਰਕੋਟਲਾ ਵਿਚ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ।
ਸਰਦਾਰ ਬਾਦਲ ਨੇ ਰਾਜ ਸਰਕਾਰ ਵੱਲੋਂ ਅਧਿਆਪਕਾਂ ਦੀ ਵਰਤੋਂ ਕਰ ਕੇ ਨਸ਼ਿਆਂ ਦੇ ਮਾਮਲੇ ਵਿਚ ਮਰਦਮਸ਼ੁਮਾਰੀ ਕਰਵਾਉਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਨਾਲ ਸਰਕਾਰੀ ਅਧਿਆਪਕਾਂ ’ਤੇ ਵਾਧੂ ਬੋਝ ਪਵੇਗਾ ਜੋ ਪਹਿਲਾਂ ਹੀ ਬੱਚਿਆਂ ਦੀ ਪੜ੍ਹਾਈ ਨਾਲ ਸਮਝੌਤਾ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹੇ ਸਰਵੇਖਣ ਕਰਨੇ ਅਧਿਆਪਕਾਂ ਦਾ ਕੰਮ ਨਹੀਂ ਹੈ। ਉਹਨਾਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਅਜਿਹੇ ਸਰਵੇਖਣਾਂ ਤੋਂ ਪਾਸੇ ਕੀਤਾ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਗੱਲ ਕੀਤੀ ਕਿ ਕਿਵੇਂ ਦਿੱਲੀ ਦੀਆਂ ਪਾਰਟੀਆਂ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ। ਉਹਨਾਂ ਕਿਹਾ ਕਿ ਪੰਜਾਬ ਨੂੰ ਰਾਜ ਦੇ ਪੁਨਰਗਠਨ ਵੇਲੇ ਇਸਦੀ ਰਾਜਧਾਨੀ ਤੋਂ ਵਾਂਝਾ ਕੀਤਾ ਗਿਆ ਤੇ ਪੰਜਾਬੀ ਬੋਲਦੇ ਇਲਾਕੇ ਵੀ ਨਵੇਂ ਰਾਜ ਵਿਚੋਂ ਬਾਹਰ ਰੱਖੇ ਗਏ। ਉਹਨਾਂ ਕਿਹਾ ਕਿ ਸਾਡੇ ਅੱਧੇ ਦਰਿਆਈ ਪਾਣੀ ਕਾਂਗਰਸ ਪਾਰਟੀ ਨੇ ਰਾਈਪੇਰੀਅਨ ਸਿਧਾਂਤ ਦੇ ਉਲਟ ਰਾਜਸਥਾਨ ਨੂੰ ਦੇ ਦਿੱਤੇ। ਉਹਨਾਂ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਸਿਰਫ ਰਾਜ ਕਰਨ ਤੇ ਲੁੱਟ ਕਰਨ ਵਾਸਤੇ ਆਉਂਦੀਆਂ ਹਨ ਜਦੋਂ ਕਿ ਅਕਾਲੀ ਦਲ ਹਮੇਸ਼ਾ ਤੁਹਾਡੇ ਚੰਗੇ ਮਾੜੇ ਸਮੇਂ ਵਿਚ ਤੁਹਾਡੇ ਨਾਲ ਰਹਿੰਦਾ ਹੈ।
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਆਗੂ ਉਹਨਾਂ ਵਿਕਾਸ ਪ੍ਰਾਜੈਕਟਾਂ ਦਾ ਸਿਹਰਾ ਲੈਣਾ ਚਾਹੁੰਦਾ ਹੈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨੇਪਰੇ ਚਾੜ੍ਹੇ। ਉਹਨਾਂ ਕਿਹਾ ਕਿ ਇਹ ਆਗੂ ਝੂਠੇ ਦਾਅਵੇ ਕਰ ਰਿਹਾ ਹੈ ਕਿ ਇਸਨੇ ਅਕਾਲੀ ਦਲ ਵਾਸਤੇ ਫੰਡ ਦਿੱਤੇ ਤੇ ਹੜ੍ਹ ਪੀੜ੍ਹਤਾਂ ਵਾਸਤੇ ਕਰੋੜਾਂ ਰੁਪਏ ਖਰਚੇ ਜਦੋਂ ਕਿ ਦਿੱਤਾ ਕੱਖ ਵੀ ਨਹੀਂ।
ਪੰਜਾਬ ਬਾਰੇ ਆਪਣੇ ਦ੍ਰਿਸ਼ਟੀਕੋਣ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਗਰੈਜੂਏਸ਼ਨ ਪੱਧਰ ਤੱਕ ਮੁਫਤ ਸਿੱਖਿਆ ਦੇਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਸਰਕਾਰ ਇਕ ਸਕਿੱਲ ਯੂਨੀਵਰਸਿਟੀ ਵੀ ਸਥਾਪਿਤ ਕਰੇਗੀ, ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ, ਆਟਾ ਦਾਲ ਸਕੀਮ ਦਾ ਵਿਸਥਾਰ ਕੀਤਾ ਜਾਵੇਗਾ, ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਕੀਤੀ ਜਾਵੇਗੀ, ਸ਼ਗਨ ਸਕੀਮ ਅਧੀਨ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ ਅਤੇ ਖੇਤੀਬਾੜੀ ਆਧਾਰਿਤ ਪਸ਼ੂ ਪਾਲਣ ਵਾਸਤੇ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ।
ਇਸ ਮੌਕੇ ਐਨ ਕੇ ਸ਼ਰਮਾ, ਕਬੀਰ ਦਾਸ, ਮੱਖਣ ਸਿੰਘ ਲਾਲਕਾ, ਸਰਬਜੀਤ ਸਿੰਘ ਝਿੰਜਰ, ਜਸਪਾਲ ਸਿੰਘ ਬਿੱਟੂ ਚੱਠਾ, ਅਮਿਤ ਰਾਠੀ, ਤੇਜਿੰਦਰਪਾਲ ਸਿੰਘ ਸੰਧੂ ਤੇ ਅਰਸ਼ਦੀਪ ਸਿੰਘ ਕਲੇਰ ਨੇ ਵੀ ਸੰਬੋਧਨ ਕੀਤਾ।
Click to Follow Babushahi Facebook page →