ਸਮੇਂ ਸਮੇਂ ਦੀਆਂ ਸਰਕਾਰਾਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਅਸਫਲ ਸਿੱਧ ਹੋਈਆਂ:: ਢੱਕੀ ਸਾਹਿਬ ਵਾਲੇ
ਬੇਅਬਦੀ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨ ਬਣਾਉਣ ਲਈ ਪਿਛਲੇ 27 ਸਾਲਾਂ ਤੋਂ ਕਰਦੇ ਆ ਰਹੇ ਹਾਂ ਮੰਗ ::: ਬਾਬਾ ਦਰਸ਼ਨ ਸਿੰਘ ਖਾਲਸਾ
ਖੰਨਾ, ਰਵਿੰਦਰ ਢਿੱਲੋਂ
ਪੰਜਾਬ ਤੋਂ ਇਲਾਵਾ ਵੱਖ ਵੱਖ ਸੂਬਿਆਂ ਵਿਚ ਆਏ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀਆਂ ਬੇਅਦਬੀ ਦੀਆਂ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਸਬੰਧੀ ਸੰਤ ਬਾਬਾ ਦਰਸ਼ਨ ਸਿੰਘ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਵੱਲੋਂ ਅਮਰੀਕਾ ਤੋਂ ਭਾਈ ਗੁਰਦੀਪ ਸਿੰਘ ਰਾਹੀਂ ਭੇਜੇ ਪ੍ਰੈੱਸ ਨੋਟ ਵਿੱਚ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਤੱਕ ਸਮੇਂ ਸਮੇਂ ਦੀਆਂ ਸਰਕਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਵਿੱਚ ਅਸਫਲ ਸਿੱਧ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸੈਂਕੜੇ ਘਟਨਾਂਵਾਂ ਵਾਪਰ ਚੁੱਕੀਆਂ ਹਨ ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।
ਬਾਬਾ ਦਰਸ਼ਨ ਸਿੰਘ ਖ਼ਾਲਸਾ ਨੇ ਕਿਹਾ ਕਿ ਅੱਜ ਤੋਂ 27 ਸਾਲ ਪਹਿਲਾਂ 1999 ਵਿੱਚ ਸਰਕਾਰੀ ਸ਼ਹਿ ਤੇ ਗੁਰੂ ਘਰ ਦੇ ਦੋਖੀਆਂ ਵਲੋਂ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਤੇ ਹਮਲਾ ਕਰਕੇ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ 6 ਸੈਂਚੀਆਂ, 500 ਨਿਤਨੇਮ ਦੇ ਗੁਟਕਾ ਸਾਹਿਬ, 1500 ਕਕਾਰ, ਕੀਰਤਨ ਵਾਲੇ ਸਾਜ , ਗੁਰਮਤਿ ਲਿਟਰੇਚਰ, ਲਾਇਬ੍ਰੇਰੀ ਅਤੇ ਅਨੇਕਾਂ ਵਸਤਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ ਸੀ ਅਤੇ ਗੁਰੂ ਘਰ ਦੇ ਮਾਲ ਪਸ਼ੂਆਂ ਬੇਜ਼ੁਬਾਨਾਂ ਨੂੰ ਤੇਜ਼ ਧਾਰ ਹਥਿਆਰਾਂ ਨਾਲ ਬੁਰੀ ਤਰਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਅਗਨੀ ਕਾਂਡ ਵਿੱਚ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਦੁਸ਼ਟ ਲੋਕਾਂ ਨੂੰ ਜੱਥੇ ਵੱਲੋਂ ਕਾਨੂੰਨ ਦੁਆਰਾ ਸਖ਼ਤ ਮਿਸਾਲੀ ਸਜਾਵਾਂ ਦਿਵਾਈਆਂ ਗਈਆਂ ਸਨ ।
ਮਹਾਂਪੁਰਖਾਂ ਨੇ ਕਿਹਾ ਕਿ ਅਸੀਂ ਪਿਛਲੇ 27 ਸਾਲਾਂ ਤੋਂ ਲਗਾਤਾਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰਨਾਂ ਧਰਮਾਂ ਦੇ ਗ੍ਰੰਥਾਂ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕਣ ਲਈ ਸਰਕਾਰ ਤੋਂ ‘ਵਿਸ਼ੇਸ਼ ਕਾਨੂੰਨ’ ਬਣਾਉਣ ਦੀ ਮੰਗ ਕਰਦੇ ਆ ਰਹੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਜਾਂ ਸੱਚ ਸਾਹਮਣੇ ਲਿਆਉਣ ਲਈ ਕਿਸੇ ਵੀ ਸਰਕਾਰ ਨੇ ਕਦੇ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ।
ਮਹਾਂਪੁਰਖਾਂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਲਈ ਸਖਤ ਕਾਨੂੰਨ ਬਣਾਉਣ ਲਈ ਬੀਤੇ ਕਰੀਬ ਇਕ ਸਾਲ ਤੋਂ ਸਮਾਣਾ ਵਿਖੇ ਲੱਗੇ ਮੋਰਚੇ ਨੂੰ ਅਸੀਂ ਪੂਰਾ ਸਮਰਥਨ ਦਿੰਦੇ ਹਾਂ ਅਤੇ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਅੱਗੇ ਵਾਸਤੇ ਬੇਅਦਬੀ ਕਰਨ ਦੀ ਕਿਸੇ ਦੀ ਹਿੰਮਤ ਨਾ ਪਵੇ।
Click to Follow Babushahi Facebook page →