ਕਰੋੜਾਂ ਦੇ ਲੁੱਟੇ ਗਏ ਗਹਿਣੇ ਅਤੇ ਲੱਖਾਂ ਦੀ ਨਕਦੀ ਸਮੇਤ ਚਾਰ ਲੁਟੇਰੇ ਕਾਬੂ
ਨਿਹੰਗ ਸਿੰਘਾਂ ਦਾ ਭੇਸ਼ ਬਣਾ ਕੇ ਕੀਤੀ ਸੀ ਸੁਨਿਆਰੇ ਘਰ ਲੁੱਟ
ਰੋਹਿਤ ਗੁਪਤਾ
ਗੁਰਦਾਸਪੁਰ
ਬੀਤੀ ਪੰਜ ਮਾਰਚ ਨੂੰ ਇੰਪਰੂਵਮੈਂਟ ਟਰਸਟ ਦੀ ਸਕੀਮ ਨੰਬਰ ਪੰਜ ਵਿਖੇ ਸ਼ਹਿਰ ਦੇ ਇੱਕ ਨਾਮੀ ਸੁਨਿਆਰੇ ਦੇ ਘਰ ਹੋਈ ਕਰੋੜਾਂ ਦੀ ਲੁੱਟ ਦੀ ਵਾਰਦਾਤ ਪੁਲਿਸ ਨੇ ਸੁਲਝਾ ਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਦੱਸਿਆ ਗਿਆ ਹੈ ਕੀ ਲੁਟੇਰੇ ਨਿਹੰਗ ਸਿੰਘ ਨਹੀਂ ਸੀ ਬਲਕਿ ਭੇਸ਼ ਬਦਲ ਕੇ ਨਿਹੰਗਾਂ ਦੇ ਬਾਣੇ ਵਿੱਚ ਆਏ ਸਨ। ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਹਨਾਂ ਕੋਲੋਂ ਲੁੱਟੀ ਗਈ ਰਕਮ ਵਿੱਚੋਂ 32 ਲੱਖ ਰੁਪਏ ਅਤੇ ਪੌਣੇ ਦੋ ਕਿਲੋ ਦੇ ਕਰੀਬ ਸੋਨਾ ਦੇ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ। ਚਾਰੋਂ ਦੋਸ਼ੀ ਬਟਾਲਾ ਦੇ ਰਹਿਣ ਵਾਲੇ ਹਨ। ਐਸਐਸਪੀ ਗੁਰਦਾਸਪੁਰ ਦਾ ਕਹਿਣਾ ਹੈ ਕਿ ਫਿਲਹਾਲ ਅਗਲੇਰੀ ਜਾਂਚ ਚੱਲ ਰਹੀ ਹੈ ਅਤੇ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਆਦਿਤਿਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 5.03.2026 ਨੂੰ ਸਿਟੀ ਗੁਰਦਾਸਪੁਰ ਦੇ ਏਰੀਆ ਵਿੱਚ ਸੁਨਿਆਰੇ ਦੇ ਘਰ ਵਿੱਚ ਦਾਖਲ ਹੋ ਕੇ ਨਾ-ਮਲੂਮ ਵਿਅਕਤੀਆਂ ਵੱਲੋਂ ਸੋਨਾ, ਚਾਂਦੀ ਦੇ ਕਰੋੜਾਂ ਰੁਪਏ ਮੁੱਲ ਦੇ ਗਹਿਣਿਆਂ ਤੇ ਲੱਖਾਂ ਰੁਪਏ ਦੀ ਨਗਦੀ ਅਤੇ ਕਾਰ ਦੀ ਲੁੱਟ ਕੀਤੀ ਗਈ ਸੀ।। ਜਿਸ ਤੇ ਨਾ-ਮਲੂਮ ਵਿਅਕਤੀ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿਖੇ ਬਣਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਕੇ ਸਪੈਸ਼ਲ ਟੀਮਾਂ ਬਣਾ ਕੇ ਤਫਤੀਸ਼ ਕੀਤੀ ਗਈ। ਮੁਕੱਦਮਾ ਨੂੰ ਹਿਊਮਨ ਸੋਰਸ ਅਤੇ ਟੈਕਨੀਕਲ ਤਰੀਕੇ ਨਾਲ ਟਰੇਸ ਕਰਕੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਪਾਸੋਂ ਲੁੱਟ ਕੀਤੀ ਰਕਮ ਵਿੱਚੋ ਕਰੀਬ 32 ਲੱਖ ਰੁਪਏ ਭਾਰਤੀ ਕਰੰਸੀ, 1 ਕਿਲੋ 300 ਗ੍ਰਾਮ ਸੋਨਾ/ਚਾਂਦੀ ਦੇ ਗਹਿਣੇ ਅਤੇ 1 ਕਾਰ ਟਾਟਾ ਹੈਰੀਅਰ ਬ੍ਰਾਮਦ ਕੀਤੀ ਗਈ।
ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਰਾਜਬੀਰ ਸਿੰਘ ਉਰਫ ਰਾਜਾ ਵਾਸੀ ਧੀਮਾਨ ਥਾਣਾ ਕਿਲਾ ਲਾਲ ਸਿੰਘ, ਬਟਾਲਾ, ਬਲਵਿੰਦਰ ਸਿੰਘ ਉਰਫ ਬੂਟਾ ਵਾਸੀ ਧੀਮਾਨ ਥਾਣਾ ਕਿਲਾ ਲਾਲ ਸਿੰਘ, ਬਟਾਲਾ,ਸਿਮਰਜੀਤ ਸਿੰਘ ਉਰਫ ਸਿੰਮਾ ਵਾਸੀ ਭਗਵਾਨਪੁਰ ਕਲੋਨੀ ਥਾਣਾ ਕੋਟਲੀ ਸੂਰਤ ਮੱਲੀਆ, ਬਟਾਲਾ,ਕੁਲਬੀਰ ਸਿੰਘ ਵਾਸੀ ਥਾਣਾ ਕੋਟਲੀ ਸੂਰਤ ਮੱਲੀਆ, ਬਟਾਲਾ ਸ਼ਾਮਿਲ ਹਨ ਅਤੇ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।
Click to Follow Babushahi Facebook page →