ਜਗਰਾਉਂ ਵਿੱਚ ਕੂੜੇ ਦੇ ਡੰਪ ਦੀ ਵਾਪਸੀ ਨਾਲ ਵਿਸਫੋਟਕ ਹਾਲਾਤ
ਝਾਂਸੀ ਰਾਣੀ ਚੌਂਕ ਨੇੜੇ ਪੁਰਾਣਾ ਡੰਪ ਮੁੜ ਖੋਲ੍ਹਣ ਦੀ ਕੋਸ਼ਿਸ਼ 'ਤੇ ਸ਼ਹਿਰ ਭੜਕਿਆ
ਬਾਜ਼ਾਰ ਬੰਦ, ਸੜਕਾਂ ਜਾਮ — ਲੋਕਾਂ ਨੇ ਦਿੱਤੀ ਚੇਤਾਵਨੀ
“ਹੁਣ ਅਗਲਾ ਕਦਮ — ਓਵਰਬ੍ਰਿਜ ਜਾਮ”
ਜਗਰਾਉਂ (ਦੀਪਕ ਜੈਨ):
ਝਾਂਸੀ ਰਾਣੀ ਚੌਂਕ ਰੋਡ ਸਥਿਤ ਕੂੜੇ ਦੇ ਪੁਰਾਣੇ ਡੰਪ ਨੂੰ ਮੁੜ ਚਾਲੂ ਕਰਨ ਦੀ ਨਗਰ ਕੌਂਸਲ ਵੱਲੋਂ ਕੀਤੀ ਗਈ ਕੋਸ਼ਿਸ਼ ਨੇ ਅੱਜ ਜਗਰਾਉਂ ਨੂੰ ਗੁੱਸੇ ਨਾਲ ਵਿਸਫੋਟਕ ਹਾਲਾਤਾਂ ਵਿਚ ਧਕੇਲ ਦਿੱਤਾ। ਸਾਲਾਂ ਦੇ ਸੰਘਰਸ਼ ਨਾਲ ਬੰਦ ਹੋਇਆ ਇਹ “ਕਲੰਕ” ਫਿਰ ਖੁਲ੍ਹਦੇ ਹੀ ਸ਼ਹਿਰ ਵਾਸੀਆਂ ਦਾ ਸਬਰ ਟੁੱਟ ਗਿਆ।ਸਵੇਰੇ ਜਿਵੇਂ ਹੀ ਸਫਾਈ ਸੇਵਕ ਕੂੜੇ ਨਾਲ ਭਰੀਆਂ ਟਰਾਲੀਆਂ ਲੈ ਕੇ ਇਸ ਡੰਪ 'ਤੇ ਪਹੁੰਚੇ, ਤਿਵੇਂ ਹੀ ਇਲਾਕੇ ਦੇ ਦੁਕਾਨਦਾਰ ਤੇ ਨਾਗਰਿਕ ਗੁੱਸੇ ਨਾਲ ਸੜਕਾਂ 'ਤੇ ਉਤਰ ਆਏ। ਸਾਬਕਾ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਕੌਂਸਲਰ ਰਵਿੰਦਰ ਪਾਲ ਸਿੰਘ ਰਾਜੂ ਦੀ ਅਗਵਾਈ 'ਚ ਲੋਕਾਂ ਨੇ ਬਾਜ਼ਾਰ ਬੰਦ ਕਰਕੇ ਸੜਕਾਂ ਜਾਮ ਕਰ ਦਿੱਤੀਆਂ।
ਮੌਕੇ 'ਤੇ ‘ਕੂੜੇ ਦੇ ਢੇਰਾਂ ਨੇ ਪ੍ਰਸ਼ਾਸਨ ਦੀ ਤਿਆਰੀ ਤੇ ਸੂਝਬੂਝ ਦੋਵਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ।
ਅਧਿਕਾਰੀਆਂ ਦੇ ਅਦੇਸ਼, ਸੜਕਾਂ 'ਤੇ ਕੂੜਾ ਤੇ ਚੁੱਪ ਪ੍ਰਸ਼ਾਸਨ
ਸਰੋਤਾਂ ਮੁਤਾਬਕ ਸਫਾਈ ਸੇਵਕਾਂ ਨੇ ਡੰਪ 'ਤੇ ਕੂੜਾ ਸੁੱਟਣ ਦੀ ਕਾਰਵਾਈ ਨਗਰ ਕੌਂਸਲ ਅਧਿਕਾਰੀਆਂ ਦੇ ਸਿੱਧੇ ਹੁਕਮਾਂ 'ਤੇ ਕੀਤੀ। ਸੈਨੇਟਰੀ ਇੰਸਪੈਕਟਰ ਘਨਸ਼ਾਮ, ਸਫਾਈ ਸ਼ਾਖਾ ਇਨਚਾਰਜ ਹਰੀਸ਼ ਕੁਮਾਰ ਅਤੇ ਏ.ਡੀ.ਸੀ. ਦਫ਼ਤਰ ਦੇ ਅਧਿਕਾਰੀ ਰਾਮ ਪ੍ਰੀਤ ਦੇ ਨਿਰਦੇਸ਼ਾਂ 'ਤੇ ਕੂੜੇ ਨਾਲ ਭਰੀਆਂ ਰੇਹੜੀਆਂ ਮੌਕੇ 'ਤੇ ਪਹੁੰਚੀਆਂ। ਵਿਰੋਧ ਵਧਣ 'ਤੇ ਅਧਿਕਾਰੀਆਂ ਨੇ ਇਹ ਕਹਿ ਕੇ ਕੂੜਾ ਸੜਕ 'ਤੇ ਹੀ ਡਲਵਾ ਦਿੱਤਾ ਕਿ “ਬਾਅਦ ਵਿੱਚ JCB ਨਾਲ ਅੰਦਰ ਕਰ ਦਿੱਤਾ ਜਾਵੇਗਾ” — ਪਰ ਲੋਕਾਂ ਦੇ ਗੁੱਸੇ ਨੇ ਸਾਰਾ ਸ਼ਹਿਰ ਰੋਕ ਦਿੱਤਾ।
“ਇਹ ਬਦਬੂ ਨਹੀਂ, ਸਾਡਾ ਜ਼ਹਿਰ ਬਣ ਚੁੱਕੀ ਸੀ”
ਇਲਾਕੇ ਦੇ ਦੁਕਾਨਦਾਰ ਰਾਕੇਸ਼ ਖੁਰਾਨਾ ਅਤੇ ਸੁਨੀਲ ਕੁਮਾਰ ਨੇ ਕਿਹਾ ਕਿ ਇਸ ਡੰਪ ਦੀ ਬਦਬੂ ਕਾਰਨ ਜੀਣਾ ਮੁਸ਼ਕਿਲ ਸੀ। “ਬੱਚੇ ਖੰਘਦੇ ਸਨ, ਦੁਕਾਨਾਂ 'ਤੇ ਗਾਹਕਾਂ ਦਾ ਆਉਣਾ ਘੱਟ ਗਿਆ ਸੀ। ਇਹ ਡੰਪ ਬੰਦ ਹੋਣਾ ਸਾਡੀ ਜਿੱਤ ਸੀ, ਪਰ ਹੁਣ ਸਾਡੇ ਲਈ ਨਸੂਰ ਬਣ ਚੁੱਕੇ ਇਸ ਡੰਪ ਨੂੰ ਫਿਰ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਆਪਣਾ ਫ਼ੈਸਲਾ ਵਾਪਸ ਨਾ ਲਿਆ ਤਾਂ ਰੇਲਵੇ ਓਵਰਬ੍ਰਿਜ ਤੇ ਪੱਕਾ ਧਰਨਾ ਲਗਾ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਤੇ “ਜਗਰਾਉਂ ਸ਼ਹਿਰ ਨੂੰ ਕੂੜੇ ਦਾ ਢੇਰ ਨਹੀਂ ਬਣਨ ਦਿੱਤਾ ਜਾਵੇਗਾ,”
ਸਿਆਸੀ ਤੀਰੰਦਾਜ਼ੀ ਅਤੇ ਸਵਾਲਾਂ ਦੇ ਢੇਰ
ਕੌਂਸਲਰ ਰਵਿੰਦਰ ਪਾਲ ਸਿੰਘ ਰਾਜੂ ਕਾਮਰੇਡ ਨੇ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ 'ਤੇ ਸਿੱਧਾ ਨਿਸ਼ਾਨਾ ਸਾਧਿਆ। ਉਹਨਾਂ ਕਿਹਾ, “ਜਦੋਂ ਜਤਿੰਦਰ ਪਾਲ ਰਾਣਾ ਨਗਰ ਕੌਂਸਲ ਪ੍ਰਧਾਨ ਸਨ ਤਾਂ ਇਹ ਡੰਪ ਨੂੰ ਵਿਧਾਇਕਾਂ ਵੱਲੋਂ ਕਲੰਕ ਦੱਸਿਆ ਜਾ ਰਿਹਾ ਸੀ । ਅਸੀਂ ਡੰਪ ਬੰਦ ਕਰਵਾਇਆ, ਸੱਤਾਧਾਰੀ ਧਿਰ ਦੇ ਉਹੀ ਲੋਕ ਉਸ ਕਲੰਕ ਨੂੰ ਮੁੜ ਸ਼ਹਿਰ ਦੇ ਮੱਥੇ 'ਤੇ ਸਜਾਉਣ ਦੀ ਸਾਜ਼ਿਸ਼ ਕਰ ਰਹੇ ਹਨ।”ਇਸ ਦੌਰਾਨ ਜਦੋਂ ਸੈਨੇਟਰੀ ਇੰਸਪੈਕਟਰ ਘਨਸ਼ਾਮ ਅਤੇ ਸਫਾਈ ਸ਼ਾਖਾ ਇੰਚਾਰਜ ਇਕ ਮਿੰਟ ਹਰੀਸ਼ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਦੇ ਫੋਨ ਬੰਦ ਸਨ — ਜੋ ਪ੍ਰਸ਼ਾਸਨ ਦੀ ਜਵਾਬਦੇਹੀ ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ।
ਲੋਕਾਂ ਦੀ ਗੂੰਜ: “ਕੂੜੇ ਦਾ ਹੱਲ ਨਹੀਂ, ਸਿਆਸੀ ਖੇਡ”ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਜਗਰਾਉਂ ਦੇ ਕਚਰੇ ਦੀ ਸਮੱਸਿਆ ਇੰਜੀਨੀਅਰੀ ਹੱਲ ਨਹੀਂ, ਸਿਆਸੀ ਖੇਡ ਬਣ ਚੁੱਕੀ ਹੈ। ਜਦ ਤੱਕ ਪ੍ਰਸ਼ਾਸਨ ਨਵੀਂ ਡੰਪਿੰਗ ਸਾਈਟ ਨਹੀਂ ਲੱਭਦਾ, ਤਦ ਤੱਕ ਹਰ ਵਾਰ ਇਹੇ ਵਿਵਾਦ ਦੁਹਰਾਇਆ ਜਾਵੇਗਾ — ਤੇ ਇਸ ਦੀ ਕੀਮਤ ਸ਼ਹਿਰ ਨੂੰ ਦੂਸ਼ਿਤ ਹਵਾ, ਬੰਦ ਬਜ਼ਾਰ ਅਤੇ ਜਾਮ ਸੜਕਾਂ ਨਾਲ ਚੁਕਾਉਣੀ ਪਵੇਗੀ।