ਕਾਰਸੇਵਾ ਸਦਕਾ ਮੰਡ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਮੁੜ ਲੀਹਾਂ ’ਤੇ...ਸੰਤ ਸੀਚੇਵਾਲ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ
*ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਅਧਿਕਾਰੀਆਂ ਨੂੰ ਤੁਰੰਤ ਹੱਲ ਦੇ ਨਿਰਦੇਸ਼*
*200 ਏਕੜ ਜ਼ਮੀਨ ਵਾਹੀਯੋਗ, ਪਰ ਅਜੇ ਵੀ ਵੱਡੇ ਪੱਧਰ 'ਤੇ ਸਹਿਯੋਗ ਦੀ ਲੋੜ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 7 ਜਨਵਰੀ: 2026
ਬਾਊਪੁਰ ਮੰਡ ਇਲਾਕੇ ਹੜ੍ਹਾਂ ਨਾਲ ਹੋਈ ਜ਼ਬਰਦਸਤ ਤਬਾਹੀ ਤੋਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਿਛਲ਼ੇ ਪੰਜ ਮਹੀਨਿਆਂ ਤੋਂ ਹੜ੍ਹ ਪੀੜਤਾਂ ਦੀ ਮਦੱਦ ਵਿੱਚ ਡਟੇ ਹੋਏ ਹਨ। ਹੁਣ ਜਦੋਂ ਮੰਡ ਇਲਾਕੇ ਵਿੱਚ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਹੌਲੀ-ਹੌਲੀ ਜ਼ਿੰਦਗੀ ਮੁੜ ਲੀਹਾਂ ’ਤੇ ਆ ਰਹੀ ਹੈ। ਇਸ ਦੌਰਾਨ ਸੰਤ ਸੀਚੇਵਾਲ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜਿੱਥੇ ਬਿਜਲੀ ਦੀ ਸਪਲਾਈ ਸਭ ਤੋਂ ਵੱਧ ਨੁਕਸਾਨੀ ਗਈ ਸੀ, ਉਥੇ ਹੀ ਕਈ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਾ ਮਿਲਣ ਸਮੇਤ ਹੋਰ ਬਹੁਤ ਸਾਰੀਆਂ ਢਾਂਚਾਗਤ ਸਮੱਸਿਆ ਦੇ ਹੱਲ ਕੱਢਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨਾਲ ਲੈਕੇ ਗਏ ਸਨ। ਇੰਨ੍ਹਾਂ ਅਧਿਕਾਰੀਆਂ ਵਿੱਚ ਤਹਿਸੀਲਦਾਰ, ਕਾਨੂੰਗੋ, ਪਟਵਾਰੀ ਅਤ ਪਾਵਰਕਾਮ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਨੇੜੇ ਤੋਂ ਜਾਣ ਰਹੇ ਸੰਤ ਸੀਚੇਵਾਲ ਨੇ ਮੰਡ ਦੇ ਬਾਊਪੁਰ ਕਦੀਮ, ਬਾਊਪੁਰ ਜਦੀਦ, ਭੈਣੀ ਕਾਦਰ ਬਖ਼ਸ਼ ਅਤੇ ਸਾਗਰਾਂ ਪਿੰਡਾਂ ਦੇ ਲੋਕਾਂ ਨਾਲ ਸਾਂਝੀਆਂ ਬੈਠਕਾਂ ਕੀਤੀਆਂ। ਪੀੜਤ ਲੋਕਾਂ ਨੇ ਹੜ੍ਹਾਂ ਕਾਰਨ ਬਿਜਲੀ ਸਪਲਾਈ ਵਿੱਚ ਆਈ ਰੁਕਾਵਟ, ਮੁਆਵਜ਼ੇ ਦੀ ਅਦਾਇਗੀ ਵਿੱਚ ਦੇਰੀ ਅਤੇ ਹੋਰ ਬੁਨਿਆਦੀ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਸੰਤ ਸੀਚੇਵਾਲ ਨੇ ਮੌਕੇ ’ਤੇ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਅਤੇ ਪ੍ਰਾਥਮਿਕਤਾ ਅਧਾਰ ’ਤੇ ਸਮੱਸਿਆਵਾਂ ਦੇ ਹੱਲ ਲਈ ਨਿਰਦੇਸ਼ ਜਾਰੀ ਕੀਤੇ। ਸੰਤ ਸੀਚੇਵਾਲ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣਾ, ਬਿਜਲੀ ਸਪਲਾਈ ਬਹਾਲ ਕਰਵਾਉਣਾ ਅਤੇ ਇਲਾਕੇ ਦੀ ਮੁੜ ਵਸੋਂ ਸਰਕਾਰ ਅਤੇ ਪ੍ਰਸ਼ਾਸਨ ਦੀ ਸਾਂਝੀ ਜ਼ਿੰਮੇਵਾਰੀ ਹੈ, ਜਿਸ ਲਈ ਉਹ ਯਤਨਸ਼ੀਲ ਵਿੱਚ ਹਨ।
ਇਸ ਮੌਕੇ ਕਿਸਾਨ ਸਤਵਿੰਦਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਦੀ ਅਗਵਾਈ ਹੇਠ ਜੰਗੀ ਪੱਧਰ ’ਤੇ ਚੱਲ ਰਹੀ ਕਾਰਸੇਵਾ ਸਦਕਾ ਨਵੰਬਰ ਮਹੀਨੇ ਤੱਕ ਲਗਭਗ 200 ਏਕੜ ਜ਼ਮੀਨ ਵਾਹੀਯੋਗ ਬਣਾ ਕੇ ਉੱਥੇ ਕਣਕ ਦੀ ਬਿਜਾਈ ਕੀਤੀ ਗਈ ਸੀ। ਹੁਣ ਵੀ ਜਿਹੜੇ ਕਿਸਾਨ ਕਣਕ ਦੀ ਬਿਜਾਈ ਤੋਂ ਰਹਿ ਗਏ ਸੀ, ਉਹਨਾਂ 25 ਛੋਟੇ ਕਿਸਾਨਾਂ ਦੇ ਖੇਤ ਮੱਕੀ ਦੀ ਬਿਜਾਈ ਲਈ ਤਿਆਰ ਕੀਤੇ ਗਏ ਹਨ। ਉਸਨੇ ਦੱਸਿਆ ਕਿ ਹੁਣ ਜਦੋਂ ਇਲਾਕੇ ਨੂੰ ਵੱਡੇ ਪੱਧਰ ਤੇ ਸਹਿਯੋਗ ਦੀ ਲੋੜ ਹੈ ਤਾਂ ਇਸ ਮੁਸ਼ਕਲ ਸਮੇਂ ਵਿੱਚ ਕੇਵਲ ਸੰਤ ਸੀਚੇਵਾਲ ਹੀ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੇ ਹਨ। ਉਹ ਕੜਾਕੇ ਦੀ ਠੰਢ ਦੇ ਬਾਵਜੂਦ ਰੋਜ਼ਾਨਾ ਇਲਾਕੇ ਵਿੱਚ ਪਹੁੰਚ ਕਰ ਰਹੇ ਹਨ ਅਤੇ ਨਾਲ ਹੀ ਲੁਧਿਆਣਾ ਵਿੱਚ ਬੁੱਢੇ ਦਰਿਆ ਦੀ ਸਫਾਈ ਲਈ ਵੀ ਸੇਵਾ ਨਿਭਾ ਰਹੇ ਹਨ।
ਕਿਸਾਨਾਂ ਨੇ ਦੱਸਿਆ ਕਿ ਇਲਾਕੇ ਵਿੱਚ ਵੱਡੇ ਪੱਧਰ ਤੇ ਅਜੇ ਵੀ ਕਈ ਖੇਤ 5 ਤੋਂ 6 ਫੁੱਟ ਰੇਤ ਅਤੇ ਗਾਰ ਨਾਲ ਭਰੇ ਹੋਏ ਹਨ, ਜਿਨ੍ਹਾਂ ਦੀ ਸਫਾਈ ਲਈ ਵੱਡੇ ਪੱਧਰ ਤੇ ਮਸ਼ੀਨਰੀ ਤੇ ਡੀਜ਼ਲ ਦੀ ਲੋੜ ਹੈ। ਉਹਨਾਂ ਕਿਹਾ ਕਿ ਪਾਣੀ ਨਾਲ ਆਈ ਰੇਤ ਨੇ ਕਿਸਾਨਾਂ ਦੀ ਜ਼ਮੀਨਾਂ ਨੂੰ ਪੂਰੀ ਤਰ੍ਹਾਂ ਨਾਲ ਰੇਤਾਂ ਨਾਲ ਭਰ ਦਿੱਤਾ ਹੈ, ਜੋ ਕੇ ਕਿਸਾਨਾਂ ਲਈ ਸਾਫ ਕਰਨਾ ਨਾ-ਮੁਮਕਿਨ ਹੈ।
ਸੰਤ ਸੀਚੇਵਾਲ ਨੇ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨ ਕਣਕ ਦੀ ਬਿਜਾਈ ਨਹੀਂ ਕਰ ਸਕੇ, ਫਰਵਰੀ ਤੱਕ ਮੱਕੀ ਦੀ ਬਿਜਾਈ ਯਕੀਨੀ ਬਣਾਉਣ ਲਈ ਉਹਨਾਂ ਕਿਸਾਨਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ ਜਾਵੇ। ਉਹਨਾਂ ਕਿਹਾ ਕਿ ਭਾਵੇਂ ਪਾਣੀ ਦੇ ਹੜ੍ਹ ਖਤਮ ਹੋ ਗਏ ਹਨ, ਪਰ ਰੇਤ ਅਤੇ ਗਾਰ ਦੇ ਹੜ੍ਹ ਅਜੇ ਵੀ ਕਿਸਾਨਾਂ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਇਲਾਕੇ ਵਿੱਚ ਰੋਜ਼ਾਨਾ ਕਰੀਬ ਇੱਕ ਲੱਖ ਰੁਪਏ ਦਾ ਤੇਲ ਖਰਚ ਹੋ ਰਿਹਾ ਹੈ, ਜੋ ਸੰਗਤਾਂ ਦੇ ਸਹਿਯੋਗ ਨਾਲ ਸੰਭਵ ਹੋ ਰਿਹਾ ਹੈ।