Babushahi Special ਬੱਲੇ ਓ ਚਲਾਕ ਸੱਜਣਾ: ਭੈੜੀ ਨਜ਼ਰ ਲੱਗਣ ਤੋਂ ਬਚਾਅ ਲਈ ਰਬੜ ਦੇ ਨਿੰਬੂ ਮਿਰਚਾਂ ਦਾ ਜੁਗਾੜ
ਅਸ਼ੋਕ ਵਰਮਾ
ਬਠਿੰਡਾ, 22 ਦਸੰਬਰ 2025: ਭੈੜੀਆਂ ਨਜ਼ਰਾਂ ਲੱਗਣ ਤੋਂ ਰੋਕਣ ਲਈ ਲੋਕਾਂ ਨੇ ਨਿੱਤ ਨਿੱਤ ਨਿੰਬੂ ਤੇ ਮਿਰਚਾਂ ਟੰਗਣ ਦਾ ਯੱਭ ਵੱਢ ਦਿੱਤਾ ਹੈ। ਪਹਿਲਾਂ ਹਰ ਸ਼ਨੀਵਾਰ ਨੂੰ ਇਹ ਚੀਜਾਂ ਟੰਗੀਆਂ ਜਾਂਦਆਂ ਸਨ ਪਰ ਹੁਣ ਜੁਗਾੜੀਆਂ ਨੇ ਪਲਾਸਟਿਕ ਦੇ ਨਿੰਬੂ ਮਿਰਚਾਂ ਟੰਗਣੇ ਸ਼ੁਰੂ ਕਰ ਦਿੱਤੇ ਹਨ। ਇਸ ਪੱਤਰਕਾਰ ਵੱਲੋਂ ਲਏ ਜਾਇਜੇ ਦੌਰਾਨ ਇਹੋ ਵਰਤਾਰਾ ਸਾਹਮਣੇ ਆਇਆ ਹੈ । ਇੱਕ ਸ਼ੋਅਰੂਮ ਤੇ ਟੰਗੇ ਇਸ ਸਮਾਨ ਸਬੰਧੀ ਪ੍ਰਤੀਕਰਮ ਸੀ ਕਿ ਰੋਜ ਰੋਜ ਇੱਕੋ ਕੰਮ ਕਰਨ ਨਾਲੋਂ ਤਾਂ ਇਹੋ ਠੀਕ ਲੱਗਾ ਤਾਂ ਰਬੜ ਦਾ ਸਮਾਨ ਟੰਗਿਆ ਹੈ । ਏਦਾਂ ਹੀ ਇੱਕ ਵੱਡੇ ਡਾਕਟਰ ਨੇ ਆਪਣੇ ਕਲੀਨਕ ਨੂੰ ਨਜ਼ਰ ਲੱਗਣ ਤੋਂ ਬਚਾਉਣ ਲਈ ਵੀ ਪਲਾਸਟਿਕ ਦੇ ਨਿੰਬੂ ਅਤੇ ਮਿਰਚਾਂ ਦਾ ਸਹਾਰਾ ਤੱਕਿਆ ਹੈ। ਸ਼ਹਿਰ ਦੇ ਕਈ ਬਜ਼ਾਰਾਂ ’ਚ ਕਾਰੋਬਾਰੀਆਂ ਨੇ ਇੱਕ ਦੂਜੇ ਦੀ ਦੇਖਾ ਦੇਖੀ ਰਬੜ ਦੀਆਂ ਮਿਰਚਾਂ ਤੇ ਨਿੰਬੂ ਬੰਨ੍ਹਣੇ ਸ਼ੁਰੂ ਕਰ ਦਿੱਤੇ ਹਨ।
ਧਾਗੇ ਨਾਲ ਪਿਰੋਣ ਤੋਂ ਬਾਅਦ ਦੁਕਾਨ ਦੁਕਾਨ ਜਾਕੇ ਨਿੰਬੂ ਮਿਰਚਾਂ ਟੰਗਣ ਵਾਲਿਆਂ ਦੇ ਧੰਦੇ ਨੂੰ ਕਾਫੀ ਸੱਟ ਵੱਜੀ ਹੈ ਕਿਉਂਕਿ ਲੋਕ ਹਰ ਹਫਤੇ ਪੈਸੇ ਲਾਉਣ ਤੋਂ ਗੁਰੇਜ਼ ਕਰਨ ਲੱਗੇ ਹਨ। ਖਾਸ ਤੌਰ ਤੇ ਜਦੋਂ ਨਿੰਬੂਆਂ ਦੀਆਂ ਕੀਮਤਾਂ ਹੱਦੋਂ ਜਿਆਦਾ ਵਧ ਜਾਂਦੀਆਂ ਹਨ ਤਾਂ ਵੀ ਲੋਕ ਹਰ ਹਫਤੇ ਦੀ ਟੰਗ ਟੰਗਾਈ ਤੋਂ ਪਾਸਾ ਵੱਟ ਜਾਂਦੇ ਹਨ। ਇੱਕ ਡਾਕਟਰ ਸਾਹਿਬ ਦੀ ਰਿਹਾਇਸ਼ ਕੁਦਰਤੀ ਮਿਰਚਾਂ ਅਤੇ ਨਿੰਬੂ ਟੰਗਣ ਦੇ ਪੱਖ ਤੋਂ ਸੱਖਣੀ ਦਿਸਣ ਲੱਗੀ ਤਾਂ ਉਡਦੇ ਪੰਛੀ ਨੇ ਦੱਸਿਆ ਕਿ ਹੁਣ ਉਨ੍ਹਾਂ ਪਲਾਸਟਿਕ ਦੀਆਂ ਮਿਰਚਾਂ ਨਿੰਬੂ ਵਾਲਾ ਰਸਤਾ ਫੜ ਲਿਆ ਹੈ। ਉਂਜ ਦੱਸ ਦੇਈਏ ਕਿ ਉਨ੍ਹਾਂ ਦੇ ਆਲੀਸ਼ਾਨ ਬੰਗਲੇ ਨੂੰ ਨਜ਼ਰ ਤੋਂ ਬਚਾਉਣ ਲਈ ਕਾਲੇ ਰੰਗ ਦੀ ਭੂਤ ਵੱਲੋਂ ਲਗਾਤਾਰ ਪਹਿਰੇਦਾਰੀ ਜਾਰੀ ਹੈ। ਇਹ ਇਕੱਲਾ ਮਾਮਲਾ ਨਹੀਂ ਬਲਕਿ ਬੁਹਤੇ ਲੋਕਾਂ ਨੇ ਪਲਾਸਟਿਕ ਦੀਆਂ ਮਿਰਚਾਂ ਅਤੇ ਨਿੰਬੂ ਨਾਲ ਨਜ਼ਰ ਲਾਹੁਣੀ ਸ਼ੁਰੂ ਕਰ ਦਿੱਤੀ ਹੈ।
ਮਿਰਚਾਂ ਅਤੇ ਨਿੰਬੂ ਟੰਗਣ ਸਬੰਧੀ ਕਿਸੇ ਵਿਗਿਆਨਕ ਅਧਾਰ ਬਾਰੇ ਸਟੀਕ ਜਾਣਕਾਰੀ ਤਾਂ ਨਹੀਂ ਮਿਲੀ ਪਰ ਦੁਕਾਨਾਂ ਅਤੇ ਹੋਰ ਕਾਰੋਬਾਰਾਂ ’ਚ ਮਿਰਚਾਂ ਨਿੰਬੂ ਟੰਗਣ ਦਾ ਸਿਲਸਿਲਾ ਚੱਲਦਾ ਆ ਰਿਹਾ ਸੀ ਜੋ ਹੁਣ ਨਵਾਂ ਰਾਹ ਅਖਤਿਆਰ ਕਰਨ ਲੱਗਿਆ ਹੈ। ਬਠਿੰਡਾ ਦੀ ਸਬਜੀ ਮੰਡੀ ’ਚ ਸੱਤ ਮਿਰਚਾਂ ਤੇ ਨਿੰਬੂ ਦੀ ਮਾਲਾ ਟੰਗਣ ਉਪਰੰਤ ਜਾ ਰਹੇ ਨਗੀਨਾ ਪ੍ਰਸ਼ਾਦ ਨਾਮੀ ਵਿਅਕਤੀ ਨੇ ਦੱਸਿਆ ਕਿ ਉਹ ਹਰ ਹਫਤੇ ਔਸਤਨ ਹਜ਼ਾਰ ਰੁਪਿਆ ਕਮਾਉਂਦਾ ਸੀ ਜੋ ਹੁਣ 8 ਸੌ ਤੱਕ ਹੀ ਰਹਿ ਗਿਆ ਹੈ। ਉਸ ਨੇ ਦੱਸਿਆ ਕਿ ਮਹਿੰਗਾਈ ਅਤੇ ਪਲਾਸਟਿਕ ਦੇ ਨਿੰਬੂਆਂ ਕਾਰਨ ਉਨ੍ਹਾਂ ਦੀ ਪੁੱਛ ਪ੍ਰਤੀਤ ਘਟੀ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਤਾਂ ਹਰ ਹਫਤੇ ਨਿੰਬੂ ਮਿਰਚਾਂ ਮੁੱਲ ਲੈਣੇ ਪੈਂਦੇ ਹਨ ਪਰ ਰਬੜ ਜਦੋਂ ਮਰਜੀ ਸਾਬਣ ਨਾਲ ਧੋਤੀ ਸਵਾਰੀ ਜਾ ਸਕਦੀ ਹੈ। ਉੱਪਰੋਂ ਤਰਕਸ਼ੀਲਾਂ ਦੇ ਪ੍ਰਚਾਰ ਕਾਰਨ ਵੀ ਲੋਕ ਅਜਿਹੇ ਕੰਮਾਂ ਤੋਂ ਦੂਰ ਹੋਏ ਹਨ।
ਦੇਖਣ ’ਚ ਆਉਂਦਾ ਹੈ ਕਿ ਹਰ ਸ਼ਨੀਵਾਰ ਨੂੰ ਇੱਕ ਵਿਅਕਤੀ ਦੁਕਾਨਾਂ ਮੂਹਰੇ ਲੱਗੇ ਪੁਰਾਣੇ ਨਿੰਬੂ ਮਿਰਚਾਂ ਉਤਾਰ ਕੇ ਨਵੇਂ ਟੰਗ ਦਿੰਦਾ ਹੈ। ਬਠਿੰਡਾ ਦੇ ਇੱਕ ਵੱਡੇ ਦੁਕਾਨਦਾਰ ਦੇ ਸ਼ਟਰ ਅੱਗੇ ਤਾਂ ਪਿਛਲੇ ਕਈ ਸਾਲ ਤੋਂ ਮਿਰਚਾਂ ਅਤੇ ਨਿੰਬੂ ਟੰਗੀਆਂ ਨਜ਼ਰ ਆਉਂਦੀਆਂ ਰਹੀਆਂ ਹਨ ਜਿੰਨ੍ਹਾਂ ਦੀ ਥਾਂ ਹੁਣ ਪਲਾਸਟਿਕ ਦੇ ਨਿੰਬੂਆਂ ਨੇ ਲਈ ਹੈ। ਤਹਿਸੀਲ ’ਚ ਕੰਮ ਕਰਨ ਵਾਲਾ ਇੱਕ ਵਿਅਕਤੀ ਆਪਣੇ ਘਰ ’ਚ ਬਣਾਏ ਦਫਤਰ ਵਿੱਚ ਰੱਖੇ ਸਮਾਨ ਨੂੰ ਨਜ਼ਰਾਂ ਤੋਂ ਬਚਾਉਣ ਲਈ ਅਸਲੀ ਮਿਰਚਾਂ ਅਤੇ ਨਿੰਬੂ ਹੁਣ ਵੀ ਟੰਗਦਾ ਹੈ। ਉਸ ਦਾ ਕਹਿਣਾ ਸੀ ਕਿ ਅਸਲ ਵਿੱਚ ਤਾਂ ਨਜ਼ਰ ਤਾਜੇ ਨਿੰਬੂਆਂ ਅਤੇ ਮਿਰਚਾਂ ਨਾਲ ਹੀ ਲੱਥਦੀ ਹੈ ਜਾਂ ਫਿਰ ਲੱਗਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਅਜੇ ਵੀ ਕਾਫੀ ਲੋਕ ਏਦਾਂ ਦੇ ਵੀ ਹਨ ਜੋ ਹਰ ਸ਼ਨੀਵਾਰ ਨੂੰ ਖੁਦ ਨਿੰਬੂ ਅਤੇ ਮਿਰਚਾਂ ਬੰਨ੍ਹਣਾਂ ਨਹੀਂ ਭੁੱਲਦੇ ਹਨ ।
ਜਾਣਕਾਰੀ ਅਨੁਸਾਰ ਪੰਜਾਬ ’ਚ ਤਾਂ ਰੇਹੜੀਆਂ ਦੇ ਮਾਲਕ ਵੀ ਆਪਣਾ ਕਾਰੋਬਾਰ ਚਮਕਾਉਣ ਦੀ ਮਨਸ਼ਾ ਨਾਲ ‘ਨਿੰਬੂ ਮਿਰਚ’ ਟੋਟਕੇ ਦੀ ਵਰਤੋਂ ਕਰਦੇ ਹਨ। ਅਜੀਤ ਰੋਡ ਤੇ ਫਾਸਟ ਫੂਡ ਦਾ ਕੰਮ ਕਰਨ ਵਾਲੇ ਕਾਰੋਬਾਰੀ ਨੇ ਦੱਸਿਆ ਕਿ ਉਹ ਕਈ ਸਾਲਾਂ ਤੋ ਮਿਰਚਾਂ ਅਤੇ ਨਿੰਬੂ ਟੰਗਦਾ ਆ ਰਿਹਾ ਸੀ ਪਰ ਹੁਣ ਉਸ ਨੇ ਇੱਕ ਜੋਤਸ਼ੀ ਦੀ ਸਲਾਹ ਨਾਲ ਪਲਾਸਟਿਕ ਦਾ ਨਿੰਬੂ ਅਤੇ ਮਿਰਚਾਂ ਟੰਗ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਅਤੇ ਹੁਣ ਵਾਲੇ ਧੰਦੇ ’ਚ ਫਰਕ ਪੈਣ ਵਾਲੀ ਗੱਲ ਤਾਂ ਦਿਖਾਈ ਨਹੀਂ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਚੇਤੰਨ ਲੋਕ ਵੀ ਵਹਿਮਾਂ ਭਰਮਾਂ ਦੇ ਸ਼ਿਕਾਰ ਹਨ ਅਤੇ ਏਦਾਂ ਦਾ ਸਮਾਨ ਟੰਗਣ ਵਾਲਿਆਂ ਦੀ ਵੀ ਕਮੀ ਨਹੀਂ ਹੈ। ਸਬਜ਼ੀ ਮੰਡੀ ਦੇ ਇੱਕ ਕਾਰੋਬਾਰੀ ਨੇ ਦੱਸਿਆ ਕਿ ਅਜਿਹੇ ਲੋਕ ਸਸਤੇ ਨਿੰਬੂ ਅਤੇ ਮਿਰਚਾਂ ਲਿਜਾਂਦੇ ਹਨ ਤਾਂ ਜੋ ਉਨ੍ਹਾਂ ਦੀ ਕਮਾਈ ’ਚ ਫਰਕ ਨਾਂ ਪਵੇ।
ਵਿਗਿਆਨਕ ਅਧਾਰ ਨਹੀਂ:ਗਗਨ ਗਰੋਵਰ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਗਗਨ ਗਰੋਵਰ ਦਾ ਕਹਿਣਾ ਸੀ ਕਿ ਵਿਗਿਆਨਕ ਪੱਖ ਨਾਂ ਹੋਣ ਦੇ ਬਾਵਜੂਦ ਲੋਕ ਜੋਤਸ਼ੀਆਂ ਦੀ ਸਲਾਹ ਤੇ ਅਜਿਹਾ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਗਿਆਨ ਵਿੱਚ ਤਾਂ ਨਜ਼ਰ ਲੱਗਣ ਦੀ ਗੱਲ ਹੀ ਤਰਕਹੀਣ ਹੈ। ਉਨ੍ਹਾਂ ਅਜਿਹੇ ਲੋਕਾਂ ਨੂੰ ਤਰਕਸ਼ੀਲ ਸੋਚ ਅਪਨਾਉਣ ਅਤੇ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਖਦਾਈ ਹੈ ਕਿ ਗੁਣਕਾਰੀ ਤੱਥਾਂ ਨੂੰ ਨਜ਼ਰਅੰਦਾਜ ਕਰਕੇ ਲੋਕ ਇੰਨ੍ਹਾਂ ਕੁਦਰਤੀ ਮੇਵਿਆਂ ਨੂੰ ਬਰਬਾਦ ਕਰ ਰਹੇ ਹਨ।