ਕੁਲਦੀਪ ਸਿੰਘ ਘਨੌਲੀ ਦੀ ਮ੍ਰਿਤਕ ਦੇਹ ਖੋਜ ਕਾਰਜਾਂ ਲਈ ਪੀਜੀਆਈ ਨੂੰ ਭੇਂਟ।
ਕੁੱਲ ਹਿੰਦ ਕਿਸਾਨ ਸਭਾ ਆਗੂ ਸਪਿੰਦਰ ਸਿੰਘ ਨੇ ਨਵੀਂ ਇਨਕਲਾਬੀ ਪਿਰਤ ਪਾਈ।
ਮਨਪ੍ਰੀਤ ਸਿੰਘ
ਰੂਪਨਗਰ 22 ਦਸੰਬਰ
ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਕਮੇਟੀ ਮੈਂਬਰ ਕਾਮਰੇਡ ਸਪਿੰਦਰ ਸਿੰਘ ਦੇ ਪਿਤਾ ਸਰਦਾਰ ਕੁਲਦੀਪ ਸਿੰਘ ਜੀ ਘਨੌਲੀ ਜੋ ਕਿ 90 ਸਾਲ ਦੀ ਉਮਰ ਵਿੱਚ ਅੱਜ ਸਵੇਰੇ ਤੜਕੇ ਸਦੀਵੀ ਵਿਛੋੜਾ ਦੇ ਗਏ ਸਨ,ਦੀ ਮ੍ਰਿਤਕ ਦੇਹ ਖੋਜ ਕਾਰਜਾਂ ਲਈ ਪੀਜੀਆਈ ਨੂੰ ਭੇਂਟ ਕੀਤੀ ਗਈ। ਸਾਥੀ ਸਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਵਿਗਿਆਨਕ ਸੋਚ ਦੇ ਧਾਰਨੀ ਸਨ ਅਤੇ ਉਹਨਾਂ ਨੇ ਸਾਰੀ ਜ਼ਿੰਦਗੀ ਵਿਗਿਆਨਿਕ ਸੋਚ ਤੇ ਪਹਿਰਾ ਦਿੰਦਿਆਂ ਬਤੀਤ ਕੀਤੀ ਅਤੇ ਉਹਨਾਂ ਦੀ ਇਹ ਇੱਛਾ ਸੀ ਕਿ ਮੌਤ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਵਿਗਿਆਨਕ ਖੋਜਾਂ ਲਈ ਮੈਡੀਕਲ ਦੇ ਵਿਦਿਆਰਥੀਆਂ ਦੇ ਕੰਮ ਆਉਣ ਲਈ ਪੀਜੀਆਈ ਚੰਡੀਗੜ੍ਹ ਨੂੰ ਦਾਨ ਕੀਤੀ ਜਾਵੇ ਤਾਂ ਜੋ ਡਾਕਟਰ ਨਵੀਆਂ ਖੋਜਾਂ ਕਰ ਸਕਣ ਅਤੇ ਇਹ ਖੋਜਾਂ ਮਨੁੱਖਤਾ ਦੀ ਭਲਾਈ ਲਈ ਕੰਮ ਆਉਣ। ਸਰਦਾਰ ਕੁਲਦੀਪ ਸਿੰਘ ਦੇ ਤਿੰਨੋ ਬੇਟਿਆਂ ਸਾਥੀ ਸਪਿੰਦਰ ਸਿੰਘ,ਹਰਵਿੰਦਰ ਸਿੰਘ ਅਤੇ ਪਰਦੁਮਣ ਸਿੰਘ ਨੇ ਆਪਣੇ ਪਿਤਾ ਦੀ ਇੱਛਾ ਮੁਤਾਬਿਕ ਉਹਨਾਂ ਦੀ ਮ੍ਰਿਤਕ ਦੇਹ ਪੀਜੀਆਈ ਨੂੰ ਦਾਨ ਕੀਤੀ।ਮ੍ਰਿਤਕ ਦੇਹ ਦਾਨ ਕਰਨ ਲਈ ਪੀਜੀਆਈ ਦੇ ਖੋਜ ਵਿਭਾਗ ਵੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਅਤੇ ਕਿਹਾ ਕਿ ਉਹਨਾਂ ਨੇ ਮੈਡੀਕਲ ਖੋਜ ਲਈ ਇੱਕ ਮਹਾਨ ਕੰਮ ਕੀਤਾ ਹੈ। ਉਹਨਾਂ ਵੱਲੋਂ ਪਰਿਵਾਰ ਨੂੰ ਇੱਕ ਯਾਦਗਾਰੀ ਬੂਟਾ ਭੇਂਟ ਕੀਤਾ ਗਿਆ ਤਾਂ ਜੋ ਸਰੀਰ ਦਾਨੀ ਸਰਦਾਰ ਕੁਲਦੀਪ ਸਿੰਘ ਦੀ ਯਾਦ ਤਾਜਾ ਰਹੇ। ਇਸ ਮੌਕੇ ਸੀਆਈਟੀਯੂ ਪੰਜਾਬ ਦੇ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ, ਕੁਲ ਹਿੰਦ ਕਿਸਾਨ ਸਭਾ ਆਗੂ ਕਾਮਰੇਡ ਪਵਨ ਕੁਮਾਰ ਸਰਪੰਚ ਚੱਕਕਰਮਾਂ, ਤਰਕਸ਼ੀਲ ਸੋਸਾਇਟੀ ਪੰਜਾਬ ਦੇ ਜੋਨਲ ਲਾਗੂ ਸਾਥੀ ਅਜੀਤ ਪਰਦੇਸੀ,ਸਾਥੀ ਅਸ਼ੋਕ ਕੁਮਾਰ ਪ੍ਰਧਾਨ ਤਰਕਸ਼ੀਲ ਸੋਸਾਇਟੀ ਇਕਾਈ ਰੋਪੜ,ਸਾਥੀ ਭਗਤ ਸਿੰਘ ਬਿੱਕੋ,ਬੀਬੀ ਜਸਜੀਤ ਕੌਰ, ਗੁਰਦਿਆਲ ਸਿੰਘ ਤੋਂ ਇਲਾਵਾ ਹੋਰ ਪਰਿਵਾਰ ਦੇ ਰਿਸ਼ਤੇਦਾਰ ਅਤੇ ਹਮਦਰਦ ਵੀ ਹਾਜ਼ਰ ਸਨ।