ਈ ਸੇਵਾ: ਅਰਜ਼ੀਆਂ ਦੇ ਤੇਜ਼ੀ ਨਾਲ ਨਿਪਟਾਰੇ ਨਾਲ ਜ਼ਿਲ੍ਹਾ ਮਾਨਸਾ ਪੰਜਾਬ ਚੋਂ ਮੋਹਰੀ: ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਮਾਨਸਾ, 22 ਦਸੰਬਰ 2025:ਈ ਸੇਵਾ ਪੋਰਟਲ 'ਤੇ ਅਰਜ਼ੀਆਂ ਦਾ ਤੇਜ਼ੀ ਨਾਲ ਨਿਪਟਾਰਾ ਕਰਕੇ ਅਤੇ ਬਕਾਇਆ ਅਰਜ਼ੀਆਂ ਦੀ ਦਰ ਘਟਾ ਕੇ ਜ਼ਿਲ੍ਹਾ ਮਾਨਸਾ ਨੇ ਸੂਬੇ ਭਰ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਨਵਜੋਤ ਕੌਰ ਆਈ ਏ ਐੱਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਾਗਰਿਕਾਂ ਵਲੋਂ ਸੇਵਾ ਕੇਂਦਰਾਂ ਰਾਹੀਂ ਵੱਖ ਵੱਖ ਵਿਭਾਗਾਂ ਨਾਲ ਸੰਬਧਤ ਅਰਜ਼ੀਆਂ ਦਿੱਤੀਆਂ ਜਾਂਦੀਆਂ ਹਨ। ਓਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਪੰਜਾਬ ਈ ਸੇਵਾ ਪੋਰਟਲ 'ਤੇ 22 ਦਸੰਬਰ 2024 ਤੋਂ 21 ਦਸੰਬਰ 2025 ਤਕ ਕੁੱਲ 163109 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿਚੋਂ 158478 ਅਰਜ਼ੀਆਂ ਦਾ ਸਮਾਂਬੱਧ ਨਿਬੇੜਾ ਹੋ ਚੁੱਕਿਆ ਹੈ ਅਤੇ 3694 ਅਰਜ਼ੀਆਂ ਸਮਾਂਬੱਧ ਨਿਪਟਾਰੇ ਲਈ ਕਾਰਵਾਈ ਅਧੀਨ ਹਨ। ਓਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੀਆਂ ਬਕਾਇਆ ਅਰਜ਼ੀਆਂ ਦੀ ਦਰ ਸਿਰਫ਼ 0.08 ਫੀਸਦੀ ਹੈ ਜੋ ਕਿ ਸੂਬੇ ਦੇ ਬਾਕੀ ਸਾਰੇ ਜ਼ਿਲ੍ਹਿਆਂ ਨਾਲੋਂ ਘੱਟ ਹੈ।
ਓਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਮੇਂ 'ਤੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਨਾਗਰਿਕਾਂ ਵਲੋਂ ਪ੍ਰਾਪਤ ਅਰਜ਼ੀਆਂ ਦਾ ਸਮਾਂਬੱਧ ਨਿਬੇੜਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਖੱਜਲ ਖੁਆਰ ਨਾ ਹੋਣ ਪਵੇ। ਓਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਡੋਰ ਸਟੈਪ ਡਿਲੀਵਰੀ (ਡੀ ਐੱਸ ਡੀ) ਦੀ ਸੇਵਾ ਵੀ ਦਿੱਤੀ ਜਾ ਰਹੀ ਹੈ ਜਿਸ ਅਧੀਨ ਨਾਗਰਿਕ ਦੁਆਰਾ 1076 'ਤੇ ਕਾਲ ਕਰਕੇ ਆਪਣੇ ਵੇਰਵੇ ਦੇਣੇ ਹੁੰਦੇ ਹਨ ਜਿਸ ਮਗਰੋਂ ਸੇਵਾ ਸਹਾਇਕ ਨਾਗਰਿਕ ਦੇ ਘਰ ਜਾ ਕੇ ਸਰਵਿਸ ਅਪਲਾਈ ਕਰਦਾ ਹੈ। ਓਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸੇਵਾ ਤਹਿਤ 400 ਤੋਂ ਵੱਧ ਸੇਵਾ ਕੇਂਦਰਾਂ ਨਾਲ ਸਬੰਧਿਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਓਨ੍ਹਾਂ ਦੱਸਿਆ ਕਿ ਇਸ ਤਹਿਤ ਸਰਕਾਰ ਵਲੋਂ ਫੀਸ 120 ਰੁਪਏ ਤੋਂ ਘੱਟ ਕਰਕੇ 50 ਰੁਪਏ ਕਰ ਦਿੱਤੀ ਗਈ ਹੈ। ਓਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਡੀ ਐੱਸ ਡੀ ਤਹਿਤ ਹੁਣ ਤਕ 6600 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਇਸ ਮੌਕੇ ਡੀ ਟੀ ਸੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਚ ਕੁੱਲ 16 ਸੇਵਾ ਕੇਂਦਰ ਚੱਲ ਰਹੇ ਹਨ, ਜਿਨ੍ਹਾਂ ਵਿਚ ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ, ਵਾਟਰ ਵਰਕਸ ਮਾਨਸਾ, ਵਾਟਰ ਵਰਕਸ ਬਰੇਟਾ, ਵਾਰਡ ਨੰਬਰ 1 ਨੇੜੇ ਵਾਟਰ ਵਰਕਸ ਭੀਖੀ, ਐਸ.ਡੀ.ਐਮ. ਦਫ਼ਤਰ ਬੁਢਲਾਡਾ, ਐਸ.ਡੀ.ਐਮ. ਦਫ਼ਤਰ ਸਰਦੂਲਗੜ੍ਹ, ਬੀ.ਡੀ.ਪੀ.ਓ ਦਫ਼ਤਰ ਬੁਢਲਾਡਾ, ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਸਰਦੂਲਗੜ੍ਹ, ਜੋਗਾ, ਰਾਏਪੁਰ, ਫਤਹਿਗੜ੍ਹ ਸਾਹਨੇਵਾਲੀ, ਬੋਹਾ, ਦੋਦੜਾ, ਦੂਲੋਵਾਲ, ਮੱਤੀ, ਕੁਲਰੀਆਂ ਸ਼ਾਮਲ ਹਨ।
ਇਸ ਮੌਕੇ ਅਰਸ਼ਦੀਪ ਸਿੰਘ ਵਾਸੀ ਪਿੰਡ ਮੂਸਾ (ਜ਼ਿਲ੍ਹਾ ਮਾਨਸਾ) ਨੇ ਦੱਸਿਆ ਕਿ ਉਸਨੇ 16 ਦਸੰਬਰ 2025 ਨੂੰ ਮਾਨਸਾ ਦੇ ਸੇਵਾ ਕੇਂਦਰ ਵਿਚ ਪੇਂਡੂ ਖੇਤਰ ਸਰਟੀਫਿਕੇਟ (ਰੂਰਲ ਏਰੀਆ ਸਰਟੀਫਿਕੇਟ) ਲਈ ਅਪਲਾਈ ਕੀਤਾ ਸੀ, ਜਿਸ ਦੀ ਸਮਾਂ ਸੀਮਾ 26 ਦਸੰਬਰ ਸੀ ਜੋ ਕਿ ਉਸ ਨੂੰ ਦੋ ਦਿਨ ਅੰਦਰ 18 ਦਸੰਬਰ ਪ੍ਰਾਪਤ ਹੋ ਗਿਆ। ਓਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ 'ਤੇ ਤਸੱਲੀ ਪ੍ਰਗਟਾਈ।