ਕੂੜੇ ਦੇ ਡੰਪ ਕਾਰਨ ਹੋ ਰਹੀਆਂ ਨੇ ਦੁਰਘਟਨਾਵਾਂ
ਬੀਤੇ ਦਿਨ ਪਲਟੀ ਬੱਚਿਆਂ ਨਾਲ ਭਰੀ ਸਕੂਲ ਵੈਨ, ਬਦਬੂ ਕਾਰਨ ਆਲੇ ਦੁਆਲੇ ਦੇ ਲੋਕਾਂ ਦਾ ਜੀਣਾ ਹੋਇਆ ਮੁਹਾਲ
ਰੋਹਿਤ ਗੁਪਤਾ
ਗੁਰਦਾਸਪੁਰ, 13 Dec 2025- ਗੁਰਦਾਸਪੁਰ ਵਿੱਚ ਕੂੜੇ ਦੀ ਸਮੱਸਿਆ ਦਿਨ ਬ ਦਿਨ ਹੋਰ ਗੰਭੀਰ ਹੁੰਦੀ ਜਾ ਰਹੀ ਹੈ ਕਿਉਂਕਿ ਨਗਰ ਕੌਂਸਲ ਨੂੰ ਕੂੜਾ ਸੁੱਟਣ ਲਈ ਡੰਪ ਦੀ ਜਗ੍ਹਾ ਨਹੀਂ ਮਿਲ ਰਹੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਕੌਂਸਲ ਵੱਲੋਂ ਸੜਕਾਂ ਦੇ ਕਿਨਾਰਿਆਂ 'ਤੇ ਵੀ ਕੂੜੇ ਦੇ ਢੇਰ ਲਗਾ ਦਿੱਤੇ ਜਾਂਦੇ ਹਨ। ਅਜਿਹੀਆਂ ਜਗ੍ਹਾ 'ਤੇ ਵੀ ਕੂੜਾ ਸੁੱਟਿਆ ਜਾ ਰਿਹਾ ਹੈ ਜਿੱਥੇ ਕੂੜੇ ਕਾਰਨ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਵੀ ਹੋ ਰਹੀਆਂ ਹਨ।
ਪੰਡੋਰੀ ਰੋਡ 'ਤੇ ਸਥਿਤ ਮਾਨ ਕੌਰ ਸਿੰਘ ਪਿੰਡ ਵਿਖੇ ਸੜਕ ਕਿਨਾਰੇ ਹਾਲਾਂਕਿ ਕੂੜਾ ਕਾਫੀ ਦੇਰ ਤੋਂ ਲਗਾਇਆ ਜਾ ਰਿਹਾ ਹੈ ਪਰ ਪਹਿਲਾਂ ਕੂੜਾ ਲਗਾਉਣ ਵਾਲੇ ਏਰੀਏ ਨੂੰ ਟੀਨਾਂ ਨਾਲ ਕਵਰ ਕੀਤਾ ਗਿਆ ਸੀ। ਇਸ ਜਗ੍ਹਾ 'ਤੇ ਕੂੜਾ ਡੰਪ ਕਰਨ ਲਈ ਇੱਕ ਵੱਡਾ ਟੋਇਆ ਵੀ ਕੱਢਿਆ ਗਿਆ ਪਰ ਸਾਈਡਾਂ ਕਵਰ ਨਾ ਹੋਣ ਕਾਰਨ ਇਹ ਟੋਇਆ ਕਈ ਦੁਰਘਟਨਾਵਾਂ ਦਾ ਕਾਰਨ ਬਣ ਰਿਹਾ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਰੋਜ਼ ਇੱਥੇ ਗੱਡੀਆਂ ਪਲਟ ਰਹੀਆਂ ਹਨ ਅਤੇ ਬੀਤੇ ਦਿਨ ਇੱਕ ਸਕੂਲ ਵੈਨ ਵੀ ਦੁਰਘਟਨਾ ਦਾ ਸ਼ਿਕਾਰ ਹੋਈ। ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਨੇੜੇ ਹੀ ਖਾਣ ਪੀਣ ਦੀਆਂ ਚੀਜ਼ਾਂ ਵਾਲੀਆਂ ਦੁਕਾਨਾਂ, ਰਿਹਾਇਸ਼ੀ ਇਲਾਕਾ, ਇੱਕ ਸਕੂਲ ਅਤੇ ਆਮ ਆਦਮੀ ਕਲੀਨਿਕ ਵੀ ਹਨ ਪਰ ਇਥੋਂ ਉੱਠਦੀ ਬਦਬੂ ਕਾਰਨ ਇਹ ਕੂੜਾ ਲਗਾਤਾਰ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।