ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣਾ ਪ੍ਰਸ਼ਾਸਨ ਦੀ ਅਹਿਮ ਜ਼ਿੰਮੇਵਾਰੀ: ਰਾਕੇਸ਼ ਕੁਮਾਰ ਪੋਪਲੀ
ਅਸ਼ੋਕ ਵਰਮਾ
ਬਠਿੰਡਾ, 13 ਦਸੰਬਰ 2025 : ਚੋਣ ਨਿਰੀਖਕ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਅਤੇ ਕਾਉਂਟਿੰਗ ਸੈਂਟਰਾਂ ਦਾ ਦੌਰਾ ਕਰਕੇ ਚੋਣ ਪ੍ਰਬੰਧਾਂ ਦਾ ਜਿੱਥੇ ਗਹਿਰਾਈ ਨਾਲ ਜਾਇਜ਼ਾ ਲਿਆ ਉੱਥੇ ਹੀ ਉਨ੍ਹਾਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਅਤੇ ਚੋਣ ਅਮਲੇ ਨਾਲ ਗੱਲਬਾਤ ਕਰਕੇ ਕੀਤੇ ਜਾ ਰਹੇ ਇੰਤਜ਼ਾਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਰਿਟਰਨਿੰਗ ਅਫਸਰ ਜ਼ਿਲ੍ਹਾ ਪ੍ਰੀਸ਼ਦ-ਕਮ-ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਮੌਜੂਦ ਰਹੇ।
ਇਸ ਮੌਕੇ ਚੋਣ ਨਿਰੀਖਕ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਚੋਣ ਅਮਲੇ ਨੂੰ ਕਿਹਾ ਕਿ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣਾ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸ ਲਈ ਹਰ ਪੱਧਰ ’ਤੇ ਤਾਇਨਾਤ ਚੋਣ ਅਮਲਾ ਆਪਣੀ ਡਿਊਟੀ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਨਿਭਾਏ।
ਉਨ੍ਹਾਂ ਨੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਵੋਟਿੰਗ ਅਤੇ ਗਿਣਤੀ ਪ੍ਰਕਿਰਿਆ ਦੌਰਾਨ ਰਾਜ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਹੋਣ ਦਿੱਤੀ ਜਾਵੇ।
ਸ਼੍ਰੀ ਪੋਪਲੀ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਚੋਣ ਡਿਊਟੀ ਦੌਰਾਨ ਕਿਸੇ ਤਰ੍ਹਾਂ ਦੀ ਤਕਨੀਕੀ ਜਾਂ ਪ੍ਰਸ਼ਾਸਨਿਕ ਸਮੱਸਿਆ ਪੈਦਾ ਹੁੰਦੀ ਹੈ ਤਾਂ ਤੁਰੰਤ ਆਪਣੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨਾ ਯਕੀਨੀ ਬਣਾਇਆ ਜਾਵੇ, ਤਾਂ ਜੋ ਸਮੇਂ ਸਿਰ ਉਸ ਦਾ ਹੱਲ ਕੀਤਾ ਜਾ ਸਕੇ।
ਦੌਰੇ ਦੌਰਾਨ ਚੋਣ ਨਿਰੀਖਕ ਨੇ ਪੋਲਿੰਗ ਅਤੇ ਕਾਉਂਟਿੰਗ ਸੈਂਟਰਾਂ ’ਚ ਸੁਰੱਖਿਆ, ਬੁਨਿਆਦੀ ਸਹੂਲਤਾਂ, ਰਿਕਾਰਡ ਸੰਭਾਲ ਪ੍ਰਬੰਧਾਂ ਦੀ ਵੀ ਜਾਂਚ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਅਮਲੇ ਦੀ ਤਿਆਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਂਝੇ ਯਤਨਾਂ ਨਾਲ ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਨੂੰ ਸੁਚੱਜੇ ਅਤੇ ਸੁਖਦਾਈ ਢੰਗ ਨਾਲ ਸੰਪੰਨ ਕੀਤਾ ਜਾਵੇਗਾ।