ਆਦਿਵਾਸੀਆਂ ਦੇ ਕਤਲੇਆਮ ਵਿਰੁੱਧ ਅਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਸੂਬਾਈ ਕਨਵੈਨਸ਼ਨ ਅਤੇ ਮੁਜ਼ਾਹਰਾ 7 ਦਸੰਬਰ ਨੂੰ
ਜਲੰਧਰ, ਚੰਡੀਗੜ੍ਹ 3 ਦਸੰਬਰ: ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਸੂਬਾ ਕਨਵੀਨਰਾਂ, ਡਾ.ਪਰਮਿੰਦਰ,ਪ੍ਰੋ.ਏ ਕੇ ਮਲੇਰੀ,ਬੂਟਾ ਸਿੰਘ ਮਹਿਮੂਦ ਪੁਰ ਤੇ ਯਸ਼ ਪਾਲ ਨੇ ਦੱਸਿਆ ਕਿ ਜਮਹੂਰੀ ਫਰੰਟ ਵੱਲੋਂ 7 ਦਸੰਬਰ ਨੂੰ ਸਵੇਰੇ 10.30 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਸੂਬਾਈ ਕਨਵੈਨਸ਼ਨ ਤੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਜਿਸ ਵਿਚ ਮੁੱਖ ਵਕਤਾ ਜਮਹੂਰੀ ਤੇ ਮਨੁੱਖੀ ਹੱਕਾਂ ਦੇ ਉੱਘੇ ਘੁਲਾਟੀਏ ਪ੍ਰਸ਼ਾਂਤ ਰਾਹੀ, ਨਦੀਮ ਖ਼ਾਨ ਅਤੇ ਡਾ. ਨਵਸ਼ਰਨ ਹੋਣਗੇ। ਪੰਜਾਬ ਦੀਆਂ ਜਨਤਕ ਜਮਹੂਰੀ ਤਾਕਤਾਂ ਦਾ ਇਹ ਇਕੱਠ ਭਾਰਤੀ ਰਾਜ ਵੱਲੋਂ ਕਤਲੇਆਮ, ਜੇਲ੍ਹਬੰਦੀ ਅਤੇ ਝੂਠੇ ਕੇਸਾਂ ਰਾਹੀਂ ਜਮਹੂਰੀ ਤੇ ਮਨੁੱਖੀ ਹੱਕਾਂ ਦਾ ਕਰੂਰਤਾ ਨਾਲ ਘਾਣ ਕਰਨ ਦਾ ਗੰਭੀਰ ਨੋਟਿਸ ਲੈਂਦੇ ਹੋਏ ਇਸ ਵਿਰੁੱਧ ਜਨਤਕ ਜਮਹੂਰੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦੇਵੇਗਾ।
ਇਹ ਇਕੱਠ ਜਿੱਥੇ ਜਲ, ਜੰਗਲ, ਜਮੀਨ ਦੀ ਰਾਖੀ ਲਈ ਜੂਝਦੇ ਆਦਿਵਾਸੀਆਂ ਤੇ ਮਾਓਵਾਦੀ ਇਨਕਲਾਬੀਆਂ ਦੇ ਕਤਲੇਆਮ ਦਾ ਵਿਰੋਧ ਕਰਦੇ ਹੋਏ ਓਪਰੇਸ਼ਨ ਕਗਾਰ ਅਤੇ ਹੋਰ ਨੀਮ-ਫ਼ੌਜੀ ਓਪਰੇਸ਼ਨ ਬੰਦ ਕਰਨ ਦੀ ਮੰਗ ਕਰੇਗਾ ਉੱਥੇ ਨਾਲ ਹੀ ‘ਸ਼ਹਿਰੀ ਨਕਸਲੀ’ ਅਤੇ ਹੋਰ ਝੂਠੇ ਬਿਰਤਾਂਤਾਂ ਦੇ ਆਧਾਰ ’ਤੇ ਜੇਲ੍ਹਾਂ ਵਿਚ ਡੱਕੇ ਉਮਰ ਖ਼ਾਲਿਦ, ਗੁਲਫ਼ਿਸ਼ਾਂ ਫ਼ਾਤਿਮਾ ਸਮੇਤ ਸਮੂਹ ਲੋਕ-ਪੱਖੀ ਬੁੱਧੀਜੀਵੀਆਂ ਜਮਹੂਰੀ ਕਾਰਕੁਨਾਂ ਅਤੇ ਪੂਰੇ ਦੇਸ਼ ਵਿਚ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਪੁਰਜ਼ੋਰ ਮੰਗ ਕਰੇਗਾ।
ਫਰੰਟ ਦੇ ਆਗੂਆਂ ਨੇ ਦੱਸਿਆ ਕਿ ਸੂਬਾਈ ਇਕੱਤਰਤਾ ਦੀ ਕਾਮਯਾਬੀ ਲਈ ਵੱਖ-ਵੱਖ ਜ਼ਿਲ੍ਹਿਆਂ ਵਿਚ ਜਨਤਕ ਇਕੱਤਰਤਾਵਾਂ, ਵਿਚਾਰ-ਚਰਚਾਵਾਂ ਤੇ ਕਨਵੈਨਸ਼ਨਾਂ ਜਥੇਬੰਦ ਕਰਕੇ ਅਤੇ ਸੰਪਰਕ ਮੁਹਿੰਮ ਚਲਾਕੇ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਤੇ ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ, ਵਕੀਲਾਂ, ਲੋਕ ਜਮਹੂਰੀ ਕਾਰਕੁਨਾਂ, ਤਰਕਸ਼ੀਲਾਂ ਸਮੇਤ ਸਮੂਹ ਇਨਸਾਫਪਸੰਦ ਤਾਕਤਾਂ ਨਾਲ ਸੰਪਰਕ ਕਰਕੇ ਇਸ ਫਾਸ਼ੀ ਹੱਲੇ ਵਿਰੁੱਧ ਸਾਂਝਾ ਹੰਭਲਾ ਮਾਰਨ ਲਈ ਸੂਬਾ ਕਨਵੈਨਸ਼ਨ ਵਿਚ ਹੁੰਮ-ਹੁੰਮਾਕੇ ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ ਹੈ।