ਤੰਬਾਕੂ ਵਿਰੋਧੀ ਮੁਹਿੰਮ: ਮੂੰਹ ਦੇ ਕੈਂਸਰ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 21 ਨਵੰਬਰ 2025 :ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਦੀ ਅਗਵਾਈ ਹੇਠ ਤੰਬਾਕੂ ਵਿਰੋਧੀ ਮੁਹਿੰਮ ਤਹਿਤ ਮੁੱਢਲਾ ਸਿਹਤ ਕੇਂਦਰ ਪਰਸ ਰਾਮ ਨਗਰ ਵਿਖੇ ਜਾਗਰੂਕਤਾ ਕੈਂਪ ਦਾ ਲਾਇਆ ਗਿਆ। ਇਸ ਕੈਂਪ ਦਾ ਮਕਸਦ ਲੋਕਾਂ ਨੂੰ ਤੰਬਾਕੂ ਦੇ ਸਿਹਤ ਉੱਤੇ ਪੈਣ ਵਾਲੇ ਭਿਆਨਕ ਪ੍ਰਭਾਵਾਂ ਅਤੇ ਖ਼ਾਸ ਕਰਕੇ ਮੂੰਹ ਦੇ ਕੈਂਸਰ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ ਸੀ।
ਕੈਂਪ ਦੌਰਾਨ ਦੰਦਾਂ ਦੇ ਮਾਹਿਰ ਡਾ. ਕਰਨ ਅਬਰੋਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੰਬਾਕੂ ਦਾ ਸੇਵਨ ਮੂੰਹ ਦੇ ਕੈਂਸਰ ਦੀ ਸਭ ਤੋਂ ਵੱਡੀ ਵਜ੍ਹਾ ਹੈ। ਸਿਗਰਟ, ਬੀੜੀ, ਗੁਟਖਾ, ਚੈਨੀ ਖੈਨੀ ਅਤੇ ਪਾਨ ਮਸਾਲਾ ਆਦਿ ਤੰਬਾਕੂ ਉਤਪਾਦ ਮੂੰਹ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾ ਕੇ ਕੈਂਸਰ ਦਾ ਕਾਰਨ ਬਣਦੇ ਹਨ। ਉਨ੍ਹਾਂ ਨੇ ਦੱਸਿਆ ਕਿ ਤੰਬਾਕੂ ਨਾ ਸਿਰਫ਼ ਕੈਂਸਰ, ਬਲਕਿ ਦਿਲ ਦੀਆਂ ਬਿਮਾਰੀਆਂ, ਫੇਫੜਿਆਂ ਦੇ ਰੋਗ, ਦੰਦਾਂ ਅਤੇ ਮਸੂੜਿਆਂ ਦੀਆਂ ਸਮੱਸਿਆਵਾਂ ਲਈ ਵੀ ਜ਼ਿੰਮੇਵਾਰ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੰਬਾਕੂ ਵਰਗੀਆਂ ਨਸ਼ੀਲੀਆਂ ਚੀਜ਼ਾਂ ਤੋਂ ਦੂਰ ਰਹਿ ਕੇ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ।
ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਗਰਭਵਤੀ ਔਰਤਾਂ ਵੱਲੋਂ ਤੰਬਾਕੂ ਦੀ ਵਰਤੋਂ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚੇ ਵਿੱਚ ਜਨਮ ਸਮੇਂ ਘੱਟ ਭਾਰ, ਅਨੁਸੂਚਿਤ ਵਜਨ, ਤੰਬਾਕੂ ਵਾਲੀਆਂ ਮਾਵਾਂ ਦਾ ਭਾਰ ਘੱਟ ਹੋਣ ਤੋਂ ਇਲਾਵਾ ਜਨਮ ਦੇ ਸਮੇਂ ਆਕਸੀਜਨ ਦੀ ਕਮੀ ਭਾਵ ਪ੍ਰਸਵ ਦੌਰਾਨ ਜਾਂ ਤੁਰੰਤ ਬਾਅਦ ਤੁਰੰਤ ਸਾਹ ਲੈਣ ਵਿੱਚ ਰੁਕਾਵਟ ਅਤੇ ਵਿਕਾਸ ਵਿੱਚ ਰੁਕਾਵਟ ਦਾ ਕਾਰਨ ਬਣ ਸਕਦੀ ਹੈ। ਸਮੇਂ ਤੋਂ ਪਹਿਲਾਂ ਪ੍ਰਸਵ ਦਾ ਖਤਰਾ ਵੱਧ ਜਾਂਦਾ ਹੈ।ਸਿਗਰਟਨੋਸ਼ੀ ਦੇ ਕਾਰਨ ਗਰਭਧਾਰਣ ਵਿੱਚ ਜਟਿਲਤਾਵਾਂ ਵੱਧ ਸਕਦੀਆਂ ਹਨ। ਇਸ ਤੋਂ ਇਲਾਵਾ ਦਿਮਾਗੀ ਵਿਕਾਸ ਵਿਚ ਰੁਕਾਵਟ ਅਤੇ ਫੇਫੜਿਆਂ ਸਬੰਧੀ ਸਮੱਸਿਆਵਾਂ ਆ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਦੂਸਰੇ ਲੋਕਾਂ ਦੇ ਧੂੰਏਂ ਨਾਲ ਸੰਪਰਕ ਵੀ ਬਰਾਬਰ ਖ਼ਤਰਨਾਕ ਹੈ ਅਤੇ ਇਹ ਗਰਭ ਵਿੱਚ ਬੱਚੇ ਦੇ ਫੇਫੜਿਆਂ ਅਤੇ ਦਿਲ ਦੇ ਵਿਕਾਸ ਉੱਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਵਲੋਂ ਇਹ ਵੀ ਅਪੀਲ ਕੀਤੀ ਗਈ ਕਿ ਪਰਿਵਾਰ ਦੇ ਮੈਂਬਰ ਖ਼ਾਸਤੌਰ ’ਤੇ ਗਰਭਵਤੀ ਔਰਤ ਦੇ ਨੇੜੇ ਸਿਗਰਟ ਨਾ ਪੀਣ ਅਤੇ ਤੰਬਾਕੂ ਛੁਟਕਾਰਾ ਸੇਵਾਵਾਂ ਲਈ ਨੇੜੇ ਦੀ ਸਿਹਤ ਸੰਸਥਾ ਵਿਖੇ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ ਗਿਆ।ਕੈਂਪ ਦੌਰਾਨ ਮੌਜੂਦ ਲੋਕਾਂ ਨੂੰ ਤੰਬਾਕੂ ਛੱਡਣ ਦੇ ਤਰੀਕੇ ਵੀ ਸਮਝਾਏ ਗਏ। ਇਸ ਕੈਂਪ ਵਿੱਚ ਡਾਕਟਰ ਖੁਸ਼ਨੂਰ ਕੌਰ, ਸਿਹਤ ਸੁਪਰਵਾਈਜ਼ਰ ਕਰਮਜੀਤ ਕੌਰ ਅਤੇ ਸਿਹਤ ਕਰਮੀ ਤਲਵਿੰਦਰ ਕੌਰ, ਬਲਜਿੰਦਰ ਕੌਰ, ਰਾਜਦੀਪ ਕੌਰ, ਗਗਨਦੀਪ ਕੌਰ, ਰਾਣੀ ਕੌਰ ਅਤੇ ਸਟਾਫ਼ ਸੁਖਦੀਪ ਕੌਰ ਆਦਿ ਨੇ ਹਿੱਸਾ ਲਿਆ।