ਝੋਨੇ ਦੀ ਖਰੀਦ ਮੁੜ ਚਾਲੂ ਕਰਵਾਉਣ ਲਈ ਕਿਸਾਨ ਜਥੇਬੰਦੀ ਨੇ ਘੇਰਿਆ ਮਾਨਸਾ ਦੇ ਡੀਸੀ ਦਾ ਦਫਤਰ
ਅਸ਼ੋਕ ਵਰਮਾ
ਮਾਨਸਾ, 21 ਨਵੰਬਰ 2025 :ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਬੰਦ ਕੀਤੀ ਹੋਈ ਖਰੀਦ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ਤਿੱਖੇ ਤੇਵਰ ਦਿਖਾਏ। ਜ਼ਿਲ੍ਹਾ ਕਚਹਿਰੀਆਂ ਵਿੱਚ ਧਰਨਿਆਂ ਵਾਲੀ ਜਗ੍ਹਾ ਤੋਂ ਅੱਗੇ ਲੰਘ ਸੈਕਟਰੀਏਟ ਦੇ ਮੇਨ ਗੇਟ ਤੇ ਧਰਨਾ ਲਾ ਕੇ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜਦੋਂ ਖੇਤਾਂ ਵਿੱਚ ਝੋਨਾ ਲਾਉਣ ਦਾ ਸੀਜ਼ਨ ਸੀ ਤਾਂ ਉਸ ਵਕਤ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਫ਼ਸਰਸ਼ਾਹੀ ਅਪੀਲਾਂ ਕਰਦੇ ਸਨ ਕਿ ਪਾਣੀ ਬਚਾਉਣ ਲਈ ਕਿਸਾਨ ਆਪਣੇ ਖੇਤਾਂ ਵਿੱਚ ਝੋਨਾ ਪਿਛੇਤਾ ਲਾਉਣ।
ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਸਰਕਾਰ ਦੀ ਇਹ ਗੱਲ ਮੰਨ ਕੇ ਆਪਣੇ ਖੇਤਾਂ ਵਿੱਚ ਪਿਛੇਤਾ ਝੋਨਾ ਲਾਇਆ ਹੁਣ ਉਹੀ ਕਿਸਾਨਾਂ ਨੂੰ ਮੰਡੀਆਂ ਵਿੱਚ ਠਿੱਠ ਕੀਤਾ ਜਾ ਰਿਹਾ ਹੈ ਅਤੇ ਉਨਾਂ ਦੀ ਮੰਡੀਆਂ ਵਿੱਚ ਪਈ ਫਸਲ ਦੀ ਲੁੱਟ ਕਰਵਾਉਣ ਲਈ ਸਰਕਾਰੀ ਬੋਲੀ ਬੰਦ ਕਰ ਦਿੱਤੀ। ਚਲਦੇ ਧਰਨੇ ਦੌਰਾਨ ਜਦੋਂ ਕਿਸੇ ਅਧਿਕਾਰੀ ਨੇ ਕਿਸਾਨਾਂ ਦੀ ਇਸ ਮੰਗ ਨੂੰ ਅਣਗੌਲਿਆਂ ਕਰਨਾ ਸ਼ੁਰੂ ਕਰ ਦਿੱਤਾ ਤਾਂ ਜਥੇਬੰਦੀ ਨੇ ਇਹ ਐਲਾਨ ਕਰ ਦਿੱਤਾ ਕਿ ਕਿਸਾਨ ਡੇਢ ਵਜੇ ਰੇਲਵੇ ਲਾਇਨ ਤੇ ਬੈਠ ਰੇਲ ਚੱਕਾ ਜਾਮ ਕਰਨਗੇ ਤਾਂ ਫੌਰੀ ਹਰਕਤ ਵਿੱਚ ਪ੍ਰਸ਼ਾਸ਼ਨ ਆ ਗਿਆ। ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਡੀ.ਐਸ.ਪੀ. ਬੂਟਾ ਸਿੰਘ, ਐਸ.ਐਚ.ਓ. ਸਿਟੀ ਗੁਰਤੇਜ ਸਿੰਘ ਅਤੇ ਡੀ.ਐਸ.ਐਫ.ਸੀ. ਮਨਜੀਤ ਸਿੰਘ ਨੇੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਬੁਲਾ ਲਿਆ।
ਕਾਫੀ ਸਮਾਂ ਚੱਲੀ ਮੀਟਿੰਗ ਦੌਰਾਨ ਅਫ਼ਸਰਾਂ ਨੇ ਮੰਨ ਲਿਆ ਕਿ ਅੱਜ ਹੀ ਮੰਡੀਆਂ ਵਿੱਚ ਖਰੀਦ ਸ਼ੁਰੂ ਕਰਵਾ ਦਿੰਦੇ ਹਾਂ ਅਤੇ ਸਾਰਾ ਝੋਨਾ ਖਰੀਦਿਆ ਜਾਵੇਗਾ, ਜਿਸ ਦਾ ਐਲਾਨ ਕਿਸਾਨਾਂ ਦੇ ਇਕੱਠ ਵਿੱਚ ਆ ਕੇ ਸਟੇਜ ਤੋਂ ਡੀ.ਐਸ.ਐਫ.ਸੀ. ਮਨਜੀਤ ਸਿੰਘ ਨੇ ਕੀਤਾ ਅਤੇ ਭਰੋਸਾ ਦਿੱਤਾ ਕਿ ਰਹਿੰਦੇ ਝੋਨੇ ਦੀ ਖਰੀਦ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਜਿਸ ਤੇ ਕਿਸਾਨਾਂ ਨੇ ਰੇਲ ਰੋਕਣ ਵਾਲਾ ਫੈਸਲਾ ਰੱਦ ਕਰਕੇ ਸੈਕਟਰੀਏਟ ਅੱਗੇ ਲਾਇਆ ਧਰਨਾ ਵੀ ਸਮਾਪਤ ਕਰ ਦਿੱਤਾ ਅਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਰਹਿੰਦੇ ਝੋਨੇ ਦੀ ਖਰੀਦ ਵਿੱਚ ਕੋਈ ਦਿੱਕਤ ਖੜ੍ਹੀ ਕੀਤੀ ਤਾਂ ਕਿਸਾਨ ਮੁੜ ਤਿੱਖੇ ਸੰਘਰਸ਼ ਵਿੱਚ ਕੁੱਦਣਗੇ। ਇਸ ਮੌਕੇ ਭੋਲਾ ਸਿੰਘ ਮਾਖਾ, ਜਗਰਾਜ ਸਿੰਘ ਮਾਨਸਾ, ਭਾਨ ਸਿੰਘ ਬਰਨਾਲਾ, ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ, ਮੇਜਰ ਸਿੰਘ ਗੋਬਿੰਦਪੁਰਾ, ਹਰਪਾਲ ਸਿੰਘ ਮੀਰਪੁਰ, ਜਗਸੀਰ ਸਿੰਘ ਦੋਦੜਾ, ਜਗਦੇਵ ਸਿੰਘ ਰੱਲਾ ਨੇ ਵੀ ਸੰਬੋਧਨ ਕੀਤਾ।