ਲੁਧਿਆਣਾ ਪੁਲਿਸ ਵੱਲੋਂ ਨੰਬਰ ਪਲੇਟਾਂ ਦੇ ਚਾਲਾਨ ਜਾਰੀ
ਸੁਖਮਿੰਦਰ ਭੰਗੂ
ਲੁਧਿਆਣਾ 16 ਨਵੰਬਰ 2025
ਸੜਕ ਸੁਰੱਖਿਆ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਪਿਛਲੇ ਹਫ਼ਤੇ ਸ਼ਹਿਰ ਵਿੱਚ ਖ਼ਾਸ ਟ੍ਰੈਫ਼ਿਕ ਮੁਹਿੰਮ ਚਲਾਈ ਗਈ। ਇਸ ਦੌਰਾਨ ਉਹਨਾਂ ਵਾਹਨਾਂ ‘ਤੇ ਕਾਰਵਾਈ ਕੀਤੀ ਗਈ ਜੋ ਬਿਨਾਂ ਨੰਬਰ ਪਲੇਟਾਂ ਜਾਂ ਗੈਰ-ਮਿਆਰੀ ਜਾਂ ਸਜਾਵਟੀ ਨੰਬਰ ਪਲੇਟਾਂ ਨਾਲ ਚੱਲ ਰਹੇ ਸਨ।
ਸੀਨੀਅਰ ਅਧਿਕਾਰੀਆਂ ਦੀ ਦੇਖ-ਰੇਖ ਹੇਠ ਟ੍ਰੈਫ਼ਿਕ ਪੁਲਿਸ ਵੱਲੋਂ ਸ਼ਹਿਰ ਦੇ ਮਹੱਤਵਪੂਰਣ ਚੌਰਾਹਿਆਂ ਅਤੇ ਵੱਧ ਟ੍ਰੈਫ਼ਿਕ ਵਾਲੇ ਰੂਟਾਂ ‘ਤੇ ਨਿਗਰਾਨੀ ਕੀਤੀ ਗਈ। ਟੀਮਾਂ ਨੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੀ ਚੈਕਿੰਗ ਕਰਕੇ ਇਹ ਸੁਨਿਸ਼ਚਿਤ ਕੀਤਾ ਕਿ ਨੰਬਰ ਪਲੇਟਾਂ ਮੋਟਰ ਵਾਹਨ ਕਾਨੂੰਨ ਵਿੱਚ ਨਿਰਧਾਰਤ ਨਿਯਮਾਂ ਅਨੁਸਾਰ ਲੱਗੀਆਂ ਹੋਣ।
ਮੁਹਿੰਮ ਦੌਰਾਨ ਕੁੱਲ 882 ਚਾਲਾਨ ਜਾਰੀ ਕੀਤੇ ਗਏ। ਬਿਨਾਂ ਨੰਬਰ ਪਲੇਟ ਜਾਂ ਗਲਤ ਪੈਟਰਨ ਵਾਲੀਆਂ ਨੰਬਰ ਪਲੇਟਾਂ ਨਾ ਕੇਵਲ ਵਾਹਨ ਦੀ ਪਛਾਣ ਨੂੰ ਮੁਸ਼ਕਲ ਬਣਾਉਂਦੀਆਂ ਹਨ, ਸਗੋਂ ਸੜਕ ਸੁਰੱਖਿਆ ਅਤੇ ਟ੍ਰੈਫ਼ਿਕ ਅਨੁਸ਼ਾਸਨ ਲਈ ਵੀ ਗੰਭੀਰ ਚੁਣੌਤੀ ਹਨ।
ਲੁਧਿਆਣਾ ਦੇ ਕਮਿਸ਼ਨਰ ਪੁਲਿਸ, ਸਵਪਨ ਸ਼ਰਮਾ (IPS) ਨੇ ਕਿਹਾ ਕਿ ਪੁਲਿਸ ਵਲੋਂ ਮੋਟਰ ਵਾਹਨ ਕਾਨੂੰਨ ਦੀ ਪੂਰੀ ਪਾਲਣਾ ਯਕੀਨੀ ਬਣਾਉਣ ਲਈ ਸਖ਼ਤ ਕਾਰਵਾਈ ਜਾਰੀ ਰਹੇਗੀ। ਉਹਨਾਂ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਨੰਬਰ ਪਲੇਟਾਂ ਦੇ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਤਬਦੀਲੀ ਤੋਂ ਬਚਣ।
ਸ਼ਹਿਰ ਵਿੱਚ ਜਾਗਰੂਕਤਾ ਅਤੇ ਜ਼ਿੰਮੇਵਾਰ ਡਰਾਈਵਿੰਗ ਵਰਤਾਰਾ ਵਧਾਉਣ ਲਈ ਅਜੇਹੀਆਂ ਖ਼ਾਸ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ।