ਐਨਪੀਐਸ ਕਰਮਚਾਰੀ 18 ਨਵੰਬਰ ਨੂੰ ਮਨਾਉਣਗੇ ਕਾਲਾ ਦਿਵਸ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 15 ਨਵੰਬਰ 2025
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਗੁਰਦਿਆਲ ਮਾਨ ਅਤੇ ਬਲਾਕ ਸਕੱਤਰ ਰਮਨ ਕੁਮਾਰ ਤੇ ਗੁਰਦੀਪ ਸਿੰਘ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਨੇ ਸਾਂਝੇ ਤੌਰ ਤੇ 18 ਨਵੰਬਰ 2022 ਨੂੰ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀਆਂ ਕਾਲੇ ਬਿੱਲੇ ਲਗਾ ਕੇ ਕਾਪੀਆਂ ਸਾੜਨ ਦਾ ਪ੍ਰੋਗਰਾਮ ਉਲੀਕਿਆ ਹੈ । ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ 18 ਨਵੰਬਰ 2022 ਨੂੰ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦਾ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪਰ ਅੱਜ ਤਿੰਨ ਸਾਲ ਬੀਤ ਜਾਣ ਬਾਅਦ ਵੀ ਪੰਜਾਬ ਦੇ ਦੋ ਲੱਖ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਅਤੇ ਨਾ ਹੀ ਐਸਓਪੀ ਜਾਰੀ ਕੀਤਾ ਗਿਆ। ਜਦਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪ ਪਾਰਟੀ ਨੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਰਾਜ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ । ਪਿਛਲੇ ਤਿੰਨ ਸਾਲਾਂ ਵਿੱਚ ਸਰਕਾਰ ਆਪਣਾ ਹੀ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਨਾ ਭੁੱਲ ਗਈ ਹੈ। ਜਿਸ ਕਾਰਨ ਕਰਮਚਾਰੀਆਂ ਨੂੰ ਪੈਨਸ਼ਨ ਵਿਹੂਣੇ ਹੀ ਸੇਵਾਮੁਕਤ ਕਰ ਘਰ ਨੂੰ ਤੋਰ ਰਹੀ ਹੈ ।ਜਿਸ ਦੇ ਰੋਸ ਵਜੋਂ ਪੰਜਾਬ ਦੇ ਦੋ ਲੱਖ ਕਰਮਚਾਰੀ ਕਾਲੇ ਬਿੱਲੇ ਲਗਾ ਕੇ ਸਰਕਾਰ ਦੁਆਰਾ ਜਾਰੀ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ 18 ਨਵੰਬਰ ਨੂੰ ਆਪਣੇ-ਆਪਣੇ ਸਟੇਸ਼ਨਾਂ ਲਾਂਬੂ ਲਾ ਕੇ ਤਸਵੀਰਾਂ ਸੋਸ਼ਲ ਮੀਡੀਆ ਵਿੱਚ ਸ਼ੇਅਰ ਕਰਨਗੇ। ਇਸ ਤੋਂ ਇਲਾਵਾ 25 ਨਵੰਬਰ ਦੀ ਐਨ ਐਮ ਓ ਪੀ ਐਸ ਦੇ ਬੈਨਰ ਹੇਠ ਹੋਣ ਜਾ ਰਹੀ ਦਿੱਲੀ ਵਿਖੇ ਮਹਾਰੈਲੀ ਦੀ ਲਾਮਬੰਦੀ ਕੀਤੀ ਜਾਵੇਗੀ । ਜਿਸ ਵਿੱਚ ਪੰਜਾਬ ਚੋ,ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਭਾਗ ਲੈਣਗੇ ਰਾਜ ਤੇ ਕੇਂਦਰ ਸਰਕਾਰ ਖਿਲਾਫ ਆਪਣਾ ਵਿਰੋਧ ਦਰਜ ਕਰਵਾਉਣਗੇ । ਇਸ ਮੋਕੇ ਤੇ ਉਨ੍ਹਾਂ ਨਾਲ ਗੁਰਦੀਪ ਸਿੰਘ,ਮਨਪ੍ਰੀਤ ਸਿੰਘ, ਗਗਨਦੀਪ,ਰਿੰਕੂ ਚੋਪੜਾ,ਰਮਿੰਦਰ ਕੌਰ,ਸ਼ਾਲੀਨਤਾ ਭਨੋਟ,ਪਰਮਜੀਤ ਕੌਰ,ਮਨਜੀਤ ਕੌਰ,ਕੁਲਵਿੰਦਰ ਕੌਰ,ਗੁਰਪ੍ਰੀਤ ਕੌਰ,ਜਸਵੀਰ ਕੌਰ ਅਤੇ ਕਿਰਨ ਬਾਲਾ ਆਦਿ ਹਾਜ਼ਰ ਸਨ ।