ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋ “ਸਿਰਜਨਾ ਦੇ ਆਰ ਪਾਰ“ ਪ੍ਰੋਗਰਾਮ ਵਿੱਚ ਨਾਨਕ ਸਿੰਘ ਪੁਰਸਕਾਰ ਵਿਜੇਤਾ ਜਸਵੀਰ ਸਿੰਘ ਰਾਣਾ ਨਾਲ ਪ੍ਰੇਰਨਾਦਾਇਕ ਮੁਲਾਕਾਤ
ਬਰੈਂਪਟਨ 7 ਨਵੰਬਰ ( ਰਮਿੰਦਰ ਵਾਲੀਆ ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਸੰਸਥਾਪਕ ਰਮਿੰਦਰ ਰੰਮੀ ਦੀ ਅਗਵਾਈ ਵਿੱਚ 2 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਗਿਆ ।ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਨਾਮਵਰ ਅਦਬੀ ਸ਼ਖ਼ਸੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਦੇ ਪ੍ਰਸਿੱਧ ਗਲਪਕਾਰ ਜਸਵੀਰ ਸਿੰਘ ਰਾਣਾ ਨੇ ਸ਼ਿਰਕਤ ਕੀਤੀ ਇਹ ਵਰਨਣ ਯੋਗ ਹੈ ਕਿ ਜਸਵੀਰ ਸਿੰਘ ਰਾਣਾ ਨੂੰ ਉਹਨਾਂ ਦੇ ਨਾਵਲ 70% ਪ੍ਰੇਮ ਕਥਾ ਦੇ ਉੱਪਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਨਾਨਕ ਸਿੰਘ ਪੁਰਸਕਾਰ 2025 ਨਾਲ ਸਨਮਾਨਿਆ ਗਿਆ ਹੈ ।ਇਸ ਪ੍ਰੋਗਰਾਮ ਵਿੱਚ ਸੁਰਜੀਤ ਟੋਰਾਂਟੋ ਨੇ ਜਸਬੀਰ ਸਿੰਘ ਰਾਣਾ ਦਾ ਜੀ ਆਇਆ ਕਰਦਿਆਂ ਉਹਨਾਂ ਨੂੰ ਪੰਜਾਬੀ ਗਲਪ ਸਾਹਿਤ ਦੇ ਨਾਮਵਰ ਕਥਾਕਾਰ ਵਜੋਂ ਦੱਸਦਿਆਂ ਉਹਨਾਂ ਦੀ ਰਚਨਾ ਦੀ ਤਾਰੀਫ ਕੀਤੀ ਤੇ ਨਾਲ ਹੀ ਉਹਨਾਂ ਨੂੰ ਦੂਸਰੇ ਲੇਖਕਾਂ ਦਾ ਉਤਸ਼ਾਹ ਵਧਾਉਣ ਵਾਲੀ ਗਲਪਕਾਰ ਕਰ ਵਜੋਂ ਦੱਸਿਆ।
ਉਪਰੰਤ ਪ੍ਰਿੰਸੀਪਲ ਡਾ ਨਵਜੋਤ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਜਸਵੀਰ ਸਿੰਘ ਰਾਣਾ ਨੂੰ ਮਿਲੇ ਪੁਰਸਕਾਰ ਤੇ ਮੁਬਾਰਕਬਾਦ ਦਿੰਦਿਆਂ ਹੋਇਆਂ ਜਸਵੀਰ ਸਿੰਘ ਰਾਣਾ ਨੂੰ ਇੱਕ ਅਜਿਹੀ ਸ਼ਖਸੀਅਤ ਦੱਸਿਆ ਜਿੰਨਾ ਕੋਲ ਅਜਿਹਾ ਸ਼ਬਦ ਭੰਡਾਰ ਹੈ ,ਜੋ ਪਾਠਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਤੇ ਜਿਨਾਂ ਦਾ ਖੂਬਸੂਰਤ ਅੰਦਾਜ਼ ਅਲਫਾਜ਼ ਤੇ ਆਵਾਜ਼ ਹੈ। ਪ੍ਰੋਫੈਸਰ ਕੁਲਜੀਤ ਕੌਰ ਨੇ ਜਸਵੀਰ ਸਿੰਘ ਰਾਣਾ ਦੀ ਜ਼ਿੰਦਗੀ ਦੇ ਮੁੱਢਲੇ ਦਿਨਾਂ ਬਾਰੇ ਉਹਨਾਂ ਤੋਂ ਜਾਣਕਾਰੀ ਲੈਂਦਿਆਂ ਬਚਪਨ ਵਿੱਚ ਕਿਸ ਤੋਂ ਪ੍ਰੇਰਨਾ ਲਈ ਇਸ ਸਵਾਲ ਨਾਲ ਮੁਲਾਕਾਤ ਦਾ ਆਰੰਭ ਕੀਤਾ ਜਸਵੀਰ ਸਿੰਘ ਰਾਣਾ ਨੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸਦਿਆਂ ਹੋਇਆਂ ਬਚਪਨ ਤੋਂ ਹੀ ਸਾਹਿਤ ਜਾਂ ਬਾਲ ਸਾਹਿਤ ਪੜ੍ਹਨ ਦੀ ਆਪਣੀ ਰੁਚੀ ਬਾਰੇ ਦੱਸਿਆ ਕਿ ਉਹ ਜੇਬ ਖਰਚੇ ਲਈ ਮਿਲੇ ਪੈਸਿਆਂ ਵਿੱਚੋਂ ਵੀ ਉਸ ਸਮੇਂ ਦੇ ਬਾਲਾਂ ਵਾਸਤੇ ਆਉਂਦੇ ਰਸਾਲੇ ਖਰੀਦ ਲੈਂਦੇ ਸਨ ।ਉਹ ਅੰਤਰਮੁਖੀ ਸਨ ਤੇ ਇਸ ਅੰਤਰ ਮੁਖਤਾ ਵਿੱਚੋਂ ਹੀ ਉਹਨਾਂ ਦੇ ਬਹੁਤ ਸਾਰੇ ਸਾਹਿਤਕ ਵਿਸ਼ੇ ਪੈਦਾ ਹੋਏ ।ਜਸਵੀਰ ਰਾਣਾ ਨੇ ਆਪਣੀ ਪਹਿਲੀ ਪੁਸਤਕ ਸਿਖਰ ਦੁਪਹਿਰਾ ਜੋ ਕਿ 2003 ਵਿੱਚ ਛਪੀ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਤੋਂ ਬਾਅਦ 'ਖਿੱਤੀਆਂ ਘੁੰਮ ਰਹੀਆਂ ਨੇ ' 'ਉਰਫ ਰੋਸ਼ੀ ਜਲਾਦ, ਬਿੱਲੀਆਂ ਅੱਖਾਂ ਦਾ ਜਾਦੂ,
ਮੈਂ ਤੇ ਮੇਰੀ ਖਾਮੋਸ਼ੀ ਇਥੋਂ ਰੇਗਿਸਤਾਨ ਦਿਖਦਾ ਹੈ ਮੇਰੀਆਂ ਬਾਲ ਕਹਾਣੀਆਂ 70% ਪ੍ਰੇਮ ਕਥਾ ਇਸ ਤੋਂ ਇਲਾਵਾ ਆਪਨੇ ਸੰਪਾਦਿਤ ਪੁਸਤਕਾਂ ਕਫਨ ਨੂੰ ਜੇਬ ਨਹੀਂ ਹੁੰਦੀ ਤੇ ਕਿੰਨਰਾਂ ਦਾ ਵੀ ਦਿਲ ਹੁੰਦਾ ਹੈ ਬਾਰੇ ਵੀ ਵਿਸਥਾਰ ਸਹਿਤ ਚਾਨਣ ਪਾਇਆ।ਹੁਣੇ ਹੁਣੇ ਆਏ ਆਪ ਦਾ ਨਾਵਲ 70 ਪ੍ਰੇਮ ਕਥਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਨਾਨਕ ਸਿੰਘ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਜਸਵੀਰ ਸਿੰਘ ਰਾਣਾ ਨੇ ਆਪਣੇ ਰਚਨਾ ਪ੍ਰਕਿਰਿਆ ਦੇ ਬਾਰੇ ਬਹੁਤ ਕਥਾ ਰਸ ਭਰਪੂਰ ਵਾਰਤਾਲਾਪ ਕੀਤੀ ਤੇ ਆਪਣੀਆਂ ਕਹਾਣੀਆਂ ਜਾਂ ਨਾਵਲਾਂ ਦੀ ਕਥਾ ਉਸਾਰੀ ਬਾਰੇ ਵਿਸਥਾਰ ਸਹਿਤ ਦੱਸਿਆ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬਚਪਨ ਤੋਂ ਹੀ ਜਾਸੂਸੀ ਨਾਵਲ ਪੜ੍ਨ ਦਾ ਸ਼ੌਂਕ ਸੀ ਜਿਸ ਦਾ ਅਚੇਤ ਤੌਰ ਤੇ ਪ੍ਰਭਾਵ ਉਹਨਾਂ ਦੀਆਂ ਕਹਾਣੀਆਂ ਵਿੱਚ ਵੇਖਿਆ ਜਾ ਸਕਦਾ ਹੈ। ਇਹ ਵਰਨਣਯੋਗ ਹੈ ਕਿ ਜਸਬੀਰ ਸਿੰਘ ਰਾਣਾ ਦੀਆਂ ਬਹੁਤ ਸਾਰੀਆਂ ਕਹਾਣੀਆਂ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਲੱਗੀਆਂ ਹੋਈਆਂ ਹਨ।
ਕਿੱਤੇ ਵਜੋਂ ਅਧਿਆਪਕ ਜਸਵੀਰ ਸਿੰਘ ਰਾਣਾ ਆਪਣੀਆਂ ਰਚਨਾਵਾਂ ਨਾਲ ਨਵੀਂ ਪੀੜੀ ਨੂੰ ਵੀ ਸਮਾਜਿਕ ਸਮੱਸਿਆਵਾਂ ਤੇ ਮਾਨਵੀ ਰਿਸ਼ਤਿਆਂ, ਬਾਰੇ ਹੋਰ ਚੇਤਨ ਕਰਨ ਵਾਲੇ ਵਿਸ਼ਿਆਂ ਬਾਰੇ ਆਪਣੀਆਂ ਕਹਾਣੀਆਂ ਰਾਹੀਂ ਜਾਣਕਾਰੀ ਦਿੰਦੇ ਹਨ। ਜਸਵੀਰ ਸਿੰਘ ਰਾਣਾ ਨੇ ਆਪਣੀ ਜ਼ਿੰਦਗੀ ਵਿੱਚ ਮਿਲੇ ਵੱਖ ਵੱਖ ਸਨਮਾਨਾਂ ਦੀ ਉਹਨਾਂ ਦੀ ਨਜ਼ਰ ਵਿੱਚ ਕੀ ਮਹੱਤਤਾ ਹੈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੀ ਰਚਨਾ ਵਿੱਚ ਆਪਣੇ ਪਰਿਵਾਰ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਜਿਸ ਵਿੱਚ ਉਹਨਾਂ ਦੇ ਬੱਚਿਆਂ ਉਹਨਾਂ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਹਮੇਸ਼ਾ ਉਹਨਾਂ ਦਾ ਉਤਸ਼ਾਹ ਵਧਾਇਆ । ਉਨ੍ਹਾਂ ਨੇ ਆਪਣੇ ਪਿਤਾ ਅਤੇ ਮਾਤਾ ਤੋਂ ਮਿਲੇ ਆਸ਼ੀਰਵਾਦ ਨੂੰ ਆਪਣੇ ਜੀਵਨ ਦਾ ਹਾਸਿਲ ਦੱਸਿਆ।ਉਹਨਾਂ ਨੇ ਹੁਣੇ ਹੁਣੇ ਆਈ ਆਪਣੀ ਪੁਸਤਕ ਲਤੀਫੇ ਤੋਂ ਬਾਅਦ ਡੇਗਦੇ ਹੰਝੂ ਬਾਰੇ ਵੀ ਗੱਲ ਕੀਤੀ। ਉਹਨਾਂ ਨੇ ਆਪਣੀਆਂ ਕਹਾਣੀਆਂ ਦੇ ਪਾਤਰਾਂ ਦੀ ਸਿਰਜਣਾ ਕਰਨਾ ਬਾਰੇ ਬਹੁਤ ਹੀ ਰੋਚਕ ਢੰਗ ਨਾਲ ਦੱਸਿਆ। ਉਹਨਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਦੂਜੀਆਂ ਭਾਸ਼ਾਵਾਂ ਵਿੱਚ ਬੇਸ਼ਕ ਅਨੁਵਾਦ ਹੋ ਚੁੱਕੀਆਂ ਹਨ। ਪਰ ਉਹਨਾਂ ਨੂੰ ਵਧੇਰੇ ਹੁੰਗਾਰਾ ਪੰਜਾਬੀ ਪਾਠਕਾਂ ਵੱਲੋਂ ਹੀ ਮਿਲਿਆ । ਪ੍ਰੋ ਕੁਲਜੀਤ ਕੌਰ ਨੇ ਜਸਵੀਰ ਸਿੰਘ ਰਾਣਾ ਨੂੰ ਉਹਨਾਂ ਦੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਅਜਿਹੀਆਂ ਯਾਦਾਂ ਤੇ ਅਨੁਭਵਾਂ ਬਾਰੇ ਪੁੱਛਿਆ ਜਿਨਾਂ ਦਾ ਪ੍ਰਭਾਵ ਰਾਣਾ ਜੀ ਦੀਆਂ ਕਹਾਣੀਆਂ ਉੱਪਰ ਵੀ ਵੇਖਿਆ ਜਾ ਸਕਦਾ ਹੈ। ਜਸਵੀਰ ਰਾਣਾ ਨੇ ਕਿਹਾ ਕਿ ਉਹ ਨਿਰੰਤਰ ਲਿਖਣ ਵਾਲੇ ਲੇਖਕ ਹਨ ਤੇ ਹਮੇਸ਼ਾ ਰੁਝੇ ਰਹਿਣਾ ਤੇ ਆਪਣੇ ਕੰਮ ਨਾਲ ਪਿਆਰ ਕਰਨਾ ਹੀ ਉਹਨਾਂ ਨੂੰ ਜ਼ਿੰਦਗੀ ਦਾ ਖੂਬਸੂਰਤ ਖੁਸ਼ੀ ਦੇਣ ਵਾਲੇ ਪਲ ਹਨ। ਉਹਨਾਂ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਦੱਸਿਆ ਕਿ ਅਨੇਕਾਂ ਵਿਸ਼ੇ ਹਾਲੇ ਉਹਨਾਂ ਦੀ ਕਲਮ ਵਿੱਚ ਆਉਣਗੇ ਤੇ ਉਹ ਸਾਹਿਤ ਰਚਨਾ ਨਾਲ ਇਸ ਤਰਾਂ ਹੀ ਕਰਮਸ਼ੀਲ ਰਹਿਣਗੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋਫੈਸਰ ਡਾਕਟਰ ਬਲਜੀਤ ਕੌਰ ਰਿਆੜ ਨੇ ਕਿਹਾ ਕਿ ਜਸਵੀਰ ਸਿੰਘ ਰਾਣਾ ਗਲਪ ਕਾਰ ਹੈ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਤੋਂ ਸ . ਮਲੂਕ ਸਿੰਘ ਕਾਹਲੋਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਉਹਨਾਂ ਨੇ ਜਸਵੀਰ ਸਿੰਘ ਰਾਣਾ ਦੀਆਂ ਕਹਾਣੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀਆਂ ਕਹਾਣੀਆਂ ਨੂੰ ਮਾਨਵੀ ਸਰੋਕਾਰ ਅਤੇ ਸੰਵੇਦਨਾ ਭਰਪੂਰ ਦੱਸਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਪ੍ਰੋਗਰਾਮ ਦੇ ਅੰਤ ਵਿੱਚ ਚੇਅਰਮੈਨ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਸ੍ਰ ਪਿਆਰਾ ਸਿੰਘ ਕੁੱਦੋਵਾਲ ਨੇ ਬਹੁਤ ਹੀ ਸਾਰਥਕ ਵਿਚਾਰਾਂ ਨਾਲ ਪ੍ਰੋਗਰਾਮ ਨੂੰ ਸਮੇਟਿਆ। ਉਨ੍ਹਾਂ ਨੇ ਜਸਵੀਰ ਸਿੰਘ ਰਾਣਾ ਦੇ ਸਾਹਿਤਿਕ ਸਫਰ ਅਤੇ ਜੀਵਨ ਸਫ਼ਰ ਨੂੰ ਪੰਜਾਬੀ ਪਾਠਕਾਂ ਲਈ ਪ੍ਰਭਾਵਸ਼ਾਲੀ ਦੱਸਿਆ। ਉਹਨਾਂ ਦੱਸਿਆ ਕਿ ਜਸਵੀਰ ਸਿੰਘ ਰਾਣਾ ਅਜਿਹੇ ਗਲਪ ਕਾਰ ਹਨ ਜਿਨਾਂ ਨੂੰ ਤਿੰਨੇ ਪੀੜੀਆਂ ਹੀ ਪੜ੍ਦੀਆਂ ਹਨ । ਉਹਨਾਂ ਨੇ ਆਪਣੇ ਸਾਹਿਤਕ ਵਿਰਾਸਤ ਨੂੰ ਆਪਣੀ ਬੱਚਿਆਂ ਤੱਕ ਵੀ ਪਹੁੰਚਾਇਆ ਹੈ। ਇਹ ਵੀ ਉਹਨਾਂ ਦੀ ਵੱਡੀ ਪ੍ਰਾਪਤੀ ਹੈ ਜਸਵੀਰ ਸਿੰਘ ਰਾਣਾ ਦੇ ਕਥਾ ਸੰਸਾਰ ਬਾਰੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਬਹੁਤ ਸਾਰੀਆਂ ਕਹਾਣੀਆਂ ਉਹਨਾਂ ਦੀਆਂ ਪੜੀਆਂ ਹਨ ਜਿਨਾਂ ਵਿੱਚ ਅਣਗੌਲੇ ਲੋਕਾਂ ਨੂੰ ਵੀ ਪਾਤਰਾਂ ਦੇ ਤੌਰ ਤੇ ਪੇਸ਼ ਕੀਤਾ ਹੈ। ਤੇ ਜਸਵੀਰ ਸਿੰਘ ਰਾਣਾ ਨੂੰ ਪਹਿਲੀ ਵਾਰ ਇਸ ਮੁਲਾਕਾਤ ਦੇ ਵਿੱਚ ਮਿਲਣ ਤੇ ਉਹ ਉਹਨਾਂ ਦੇ ਸ਼ਬਦਾਂ ਦੇ ਕਾਇਲ ਹੋ ਗਏ ਹਨ ਜਿਨਾਂ ਵਿੱਚ ਕੋਈ ਬਣਾਵਟ ਨਹੀਂ ਹੈ ।ਸਗੋਂ ਉਹ ਬਹੁਤ ਹੀ ਸਹਿਜਤਾ ਨਾਲ ਆਪਣੇ ਦਰਸ਼ਕਾਂ ਅਤੇ ਪਾਠਕਾਂ ਦੇ ਰੂਬਰੂ ਹੋਏ ਹਨ। ਉਹਨਾਂ ਨੇ ਜਸਵੀਰ ਰਾਣਾ ਦਾ ਧੰਨਵਾਦ ਕੀਤਾ ।ਰਮਿੰਦਰ ਰੰਮੀ ਦੇ ਯਤਨਾਂ ਨੂੰ ਵੀ ਅਰਥ ਭਰਪੂਰ ਦੱਸਿਆ ਜਿਸ ਕਾਰਨ ਏਨੇ ਵਧੀਆ ਸਾਹਿਤਕਾਰ ਨਾਲ ਮਿਲਣ ਦਾ ਮੌਕਾ ਮਿਲਿਆ ।
ਅੰਤ ਵਿੱਚ ਰਮਿੰਦਰ ਰੰਮੀ ਨੇ ਆਏ ਹੋਏ ਸਾਰੇ ਦਰਸ਼ਕਾਂ ਦਾ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਵੀ ਕੀਤਾ ।
ਰਮਿੰਦਰ ਰੰਮੀ ਨੇ ਕਿਹਾ ਕਿ :-
“ ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ “
ਧੰਨਵਾਦ ਸਹਿਤ । ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।