ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਸਕੂਲਾਂ ਦੇ ਆਰ.ਓਜ਼ ਦਾ ਟੀ.ਡੀ.ਐਸ ਸਬੰਧੀ ਜਾਂਚ ਕਰਵਾਉਣ ਦੀ ਹਦਾਇਤ
ਅਸ਼ੋਕ ਵਰਮਾ
ਬਠਿੰਡਾ, 3 ਨਵੰਬਰ 2025 : ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ ਰਖਦਿਆਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਆਰ.ਓਜ਼ ਦਾ ਟੀ.ਡੀ.ਐਸ ਚੈੱਕ ਕਰਵਾਉਣਾ ਲਾਜ਼ਮੀ ਬਣਾਇਆ ਜਾਵੇ। ਇਹ ਆਦੇਸ਼ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ. ਜਸਵੀਰ ਸਿੰਘ ਸੇਖੋਂ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਵਿਖੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਅੰਦਰ ਚੱਲ ਰਹੀ ਰਾਸ਼ਨ ਵੰਡ ਪ੍ਰਣਾਲੀ, ਮਿਡ ਡੇਅ ਮੀਲ ਅਤੇ ਆਂਗਨਵਾੜੀ ਕੇਂਦਰਾਂ ਦੇ ਕੰਮ-ਕਾਜ ਦੀ ਸਮੀਖਿਆ ਕਰਨ ਮੌਕੇ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ. ਜਸਵੀਰ ਸਿੰਘ ਸੇਖੋਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਪੀਣ ਲਈ ਸ਼ੁੱਧ ਪਾਣੀ ਵਾਸਤੇ ਜਿੱਥੇ ਆਰ.ਓ ਨਹੀਂ ਲੱਗੇ ਹਨ, ਉਥੇ ਆਰ.ਓ ਲਗਾਉਣੇ ਯਕੀਨੀ ਬਣਾਏ ਜਾਣ, ਜਿੱਥੇ ਆਰ.ਓ ਠੀਕ ਨਹੀਂ ਚੱਲ ਰਹੇ, ਉਨ੍ਹਾਂ ਦੀ ਮੁਰੰਮਤ ਕਰਵਾਉਣੀ ਲਾਜ਼ਮੀ ਬਣਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਕਮਿਸ਼ਨ ਦੀ ਪਹਿਲਕਦਮੀ ਉੱਤੇ ਸੂਬੇ ਦੇ ਹਰੇਕ ਸਕੂਲ ਵਿੱਚ ਕਿਚਨ, ਹਰਬਲ ਗਾਰਡਨ ਬਣਾਏ ਗਏ ਹਨ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਲਾਜ਼ਮੀ ਬਣਾਈ ਜਾਵੇ। ਉਹਨਾਂ ਇਹ ਵੀ ਹਦਾਇਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮੈਡੀਸਨ ਪਲਾਂਟਾਂ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਸ. ਜਸਵੀਰ ਸਿੰਘ ਸੇਖੋਂ ਨੇ ਕਿਹਾ ਕਿ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਦੇ ਖਾਣਾ-ਖਾਣ ਦੀ ਜਗ੍ਹਾ ਸਾਫ਼-ਸੁਥਰੀ ਅਤੇ ਹਵਾਦਾਰ ਤੋਂ ਇਲਾਵਾ ਸਮਾਨ ਰੱਖਣ ਲਈ ਢੁੱਕਵੀਂ ਹੋਣੀ ਚਾਹੀਦੀ ਹੈ। ਉਨਾਂ ਸਬੰਧਤ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਂਗਨਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਲੈਣੇ ਵੀ ਯਕੀਨੀ ਬਣਾਏ ਜਾਣ।
ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਤੋਂ ਰਾਸ਼ਨ ਵੰਡ ਦੇ ਕੰਮ ਦੀ ਪ੍ਰਗਤੀ ਦਾ ਜਿੱਥੇ ਜਾਇਜ਼ਾ ਲਿਆ ਉੱਥੇ ਹੀ ਉਹਨਾਂ ਕੋਲੋਂ ਰਾਸ਼ਨ ਕਾਰਡਾਂ ਬਾਰੇ ਜਾਣਕਾਰੀ ਹਾਸਿਲ ਕੀਤੀ।
ਇਸ ਦੌਰਾਨ ਸ. ਜਸਵੀਰ ਸਿੰਘ ਸੇਖੋਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਡੇਂਗੂ ਅਤੇ ਹੋਰ ਬਿਮਾਰੀਆਂ ਦੇ ਇਲਾਜ਼ ਲਈ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਨਾਲ-ਨਾਲ ਇਸ ਦੇ ਮੁਕੰਮਲ ਇਲਾਜ ਲਈ ਲੋੜੀਂਦੇ ਯਤਨ ਕਰਨੇ ਯਕੀਨੀ ਬਣਾਏ ਜਾਣ। ਉਹਨਾਂ ਇਹ ਵੀ ਕਿਹਾ ਕਿ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਣ ਵਾਲੀ ਫੂਡ ਸੇਫਟੀ ਵੈਨ ਨੂੰ ਲਗਾਤਾਰ ਚਲਾਉਣਾ ਲਾਜ਼ਮੀ ਬਣਾਇਆ ਜਾਵੇ ਅਤੇ ਆਮ ਲੋਕਾਂ ਦੇ ਖਾਣ ਪੀਣ ਵਾਲੀਆਂ ਵਸਤਾਂ ਦੇ ਵੱਧ ਤੋਂ ਵੱਧ ਸੈਂਪਲ ਲੈਣੇ ਲਾਜ਼ਮੀ ਬਣਾਏ ਜਾਣ।
ਇਸ ਉਪਰੰਤ ਸ. ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹੇ ਦੇ ਪਿੰਡ ਬਾਜਕ ਦੇ ਆਂਗਣਵਾੜੀ ਸੈਂਟਰ ਦਾ ਦੌਰਾ ਕਰਕੇ ਜਿੱਥੇ ਨਿਰੀਖਣ ਕੀਤਾ ਉੱਥੇ ਹੀ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਸਾਫ-ਸਫਾਈ ਤੋਂ ਇਲਾਵਾ ਬੱਚਿਆਂ ਦੇ ਖਾਣ-ਪੀਣ ਵਾਲੀਆਂ ਵਸਤਾਂ ਦਾ ਖਾਸ ਖਿਆਲ ਰੱਖਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਆਂਗਣਵਾੜੀ ਵਰਕਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਇਸ ਉਪਰੰਤ ਉਹਨਾਂ ਆਦਰਸ਼ ਸਕੂਲ ਨੰਦਗੜ੍ਹ ਦਾ ਜਿੱਥੇ ਦੌਰਾ ਕਰਕੇ ਜਾਇਜ਼ਾ ਲਿਆ ਉੱਥੇ ਹੀ ਸਕੂਲ ਵਿੱਚ ਬਣੇ ਮਿਡ-ਡੇ-ਮੀਲ ਦਾ ਖਾਣਾ ਵੀ ਖਾਧਾ ਅਤੇ ਉਥੋਂ ਦੇ ਲੰਗਰ ਹਾਲ, ਕਿਚਨ ਗਾਰਡਨ, ਮਿਡ-ਡੇ-ਮੀਲ ਰਸੋਈ ਦੀ ਸਾਫ ਸਫਾਈ ਅਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ 'ਤੇ ਤਸ਼ੱਲੀ ਪ੍ਰਗਟ ਕੀਤੀ।
ਇਸ ਮੌਕੇ ਵੇਰਕਾ ਮਿਲਕ ਪਲਾਂਟ ਦੇ ਜੀ.ਐਮ. ਸ. ਰੁਪਿੰਦਰ ਸਿੰਘ ਸ਼ੇਖੋਂ, ਜ਼ਿਲ੍ਹਾ ਸਿਹਤ ਅਫਸਰ ਡਾ. ਊਸ਼ਾ ਗੋਇਲ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਮਨਿੰਦਰ ਕੌਰ, ਸਹਾਇਕ ਖੁਰਾਕ ਤੇ ਸਪਲਾਈ ਅਫਸਰ ਸ਼੍ਰੀ ਹਰਸ਼ਿਤ ਮਹਿਤਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਪੰਕਜ ਕੁਮਾਰ, ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।