ਰਾਸ਼ਟਰਵਾਦ ਨੂੰ ਮਜ਼ਬੂਤ ਕਰਨ ਦਾ ਪੁਰਬ ਹੈ ਛੱਠ ਪੂਜਾ : ਗੁਰਦਰਸ਼ਨ ਸਿੰਘ ਸੈਣੀ
*ਕਿਹਾ- ਕੁਦਰਤ ਤੇ ਸੱਭਿਆਚਾਰ ਦੀ ਝਲਕ ਨਾਲ ਮਿਲਦੀ ਹੈ ਨਵੀਂ ਊਰਜਾ ਤੇ ਉਤਸ਼ਾਹ*
ਡੇਰਾਬੱਸੀ/28ਅਕਤੂਬਰ (2025) : ਮਾਂ ਛੱਠ ਪੂਜਾ ਸੇਵਾ ਕਮੇਟੀ ਮੁਬਾਰਿਕਪੁਰ ਅਤੇ ਰਾਮ ਤਲਾਈ ਕਮੇਟੀ ਡੇਰਾਬੱਸੀ ਵੱਲੋਂ ਆਯੋਜਿਤ ਛੱਠ ਪੂਜਾ ਵਿਚ ਹਲਕੇ ਦੇ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਸ ਗੁਰਦਰਸ਼ਨ ਸਿੰਘ ਸੈਣੀ ਵੱਲੋਂ ਦੋਨੋਂ ਥਾਵਾਂ ਤੇ ਹਾਜ਼ਰੀ ਭਰੀ ਗਈ। ਇਸ ਦੌਰਾਨ ਉਨ੍ਹਾਂ ਅਸਤ ਹੁੰਦੇ ਸੂਰਜ ਨੂੰ ਅਰਗ ਦੇ ਕੇ ਛੱਠੀ ਮਾਤਾ ਦਾ ਅਸ਼ੀਰਵਾਦ ਲਿਆ। ਉਹਨਾ ਨੇ ਪੰਜਾਬ ਅਤੇ ਦੇਸ਼ ਵਾਸੀਆਂ ਦੇ ਸੁੱਖ, ਸ਼ਾਂਤੀ, ਖੁਸ਼ਹਾਲੀ, ਤੇ ਅਰੋਗਤਾ ਹੋਣ ਦੀ ਕਾਮਨਾ ਕਰਦਿਆਂ ਸੂਰਜ ਦੇਵ ਅਤੇ ਕੁਦਰਤ ਦੀ ਉਪਾਸਨਾ ਨੂੰ ਸਮਰਪਿਤ ਛੱਠ ਪਰਵ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮੁਬਾਰਿਕਪੁਰ ਵਿਖੇ ਕਮੇਟੀ ਨੂੰ 31 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ।
.jpg)

ਸ੍ਰੀ ਸੈਣੀ ਨੇ ਕਿਹਾ ਕਿ ਮਹਾਪਰਵ ਛਠ ਦੇ ਚਾਰ ਦਿਨਾਂ ਦੀ ਰਸਮ ਅਤੇ ਕੁਦਰਤ ਤੇ ਸੱਭਿਆਚਾਰ ਦੀ ਝਲਕ ਸ਼ਰਧਾਲੂਆਂ ਚ ਨਵੀਂ ਊਰਜਾ ਅਤੇ ਉਤਸ਼ਾਹ ਭਰ ਦਿੰਦੀ ਹੈ। ਸ਼ੁਭਕਾਮਨਾਵਾਂ ਦਿੰਦੇ ਹੋਏ ਉਹਨਾਂ ਕਿਹਾ ਕਿ ਛੱਠ ਕੁਦਰਤ ਨੂੰ ਸਮਰਪਿਤ ਇੱਕ ਤਿਉਹਾਰ ਹੈ ਜਿੱਥੇ ਲੋਕ ਸੂਰਜ ਦੇਵਤਾ ਅਤੇ ਛੱਠੀ ਮਾਤਾ ਜੀ ਦੀ ਪੂਜਾ ਕਰਦੇ ਹਨ। ਇਹ ਤਿਉਹਾਰ ਵਿਸ਼ਵਾਸ, ਸ਼ਰਧਾ ਅਤੇ ਸਫਾਈ ਦਾ ਵੀ ਪ੍ਰਤੀਕ ਹੈ ਅਤੇ ਕੁਦਰਤ, ਪਾਣੀ ਅਤੇ ਸੂਰਜ ਦੀ ਪੂਜਾ ਰਾਹੀਂ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੰਦਾ ਹੈ।
ਗੁਰਦਰਸ਼ਨ ਸੈਣੀ ਨੇ ਕਿਹਾ ਕਿ ਕੁਦਰਤ ਨੇ ਸਾਨੂੰ ਜਿਊਣ ਲਈ ਵਾਤਾਵਰਣ ਦੇ ਨਾਲ ਨਾਲ ਬਹੁਤ ਸਾਰੀਆਂ ਖੂਬਸੂਰਤ ਚੀਜ਼ਾ ਮੁਹੱਈਆ ਕੀਤੀਆਂ ਹਨ। ਇਸ ਲਈ ਸੂਰਜ ਉਪਾਸਨਾ ਤੇ ਲੋਕ ਆਸਥਾ ਦੇ ਮਹਾਪੁਰਬ ਛੱਠ ਨੂੰ ਅਸੀਂ ਸਿਰਫ ਤਿਉਹਾਰ ਨਹੀਂ ਸਗੋਂ ਆਪਣਾ ਸੰਸਕਾਰ ਮੰਨਦੇ ਹਾਂ। ਚਾਰ ਦਿਨਾਂ ਤੱਕ ਚੱਲਣ ਵਾਲੀ ਛੱਠ ਪੂਜਾ ਵਿਚ ਕੁਦਰਤ ਨੂੰ ਪੂਜਿਆ ਜਾਂਦਾ ਹੈ।
ਛੱਠ ਪੂਜਾ ਸ਼ੁੱਧਤਾ ਅਤੇ ਪਵਿੱਤਰਤਾ ਦੇ ਨਾਲ ਨਾਲ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦਿੰਦੀ ਹੈ । ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਇਨਸਾਨ ਤੱਕ ਪਹੁੰਚਣ ’ਚ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਦੀਆਂ ਠੀਕ ਉਸੇ ਤਰ੍ਹਾ ਛੱਠ ਵਰਤ ਵੀ ਸਾਨੂੰ ਹਰ ਕਿਸਮ ਦੇ ਵਿਤਕਰੇ ਨੂੰ ਤਿਆਗਣ ਦਾ ਸੰਦੇਸ਼ ਦਿੰਦਾ ਹੈ।
ਉਹਨਾਂ ਕਿਹਾ ਕਿ ਲੋਕ ਆਸਥਾ ਨਾਲ ਜੁੜਿਆ ਇਹ ਮਹਾਪਰਵ ਸਾਨੂੰ ਸਾਤਵਿਕਤਾ, ਤਿਆਗ, ਸੰਜਮ ਅਤੇ ਸਮਰਪਣ ਦਾ ਸੰਦੇਸ਼ ਦਿੰਦਾ ਹੈ। ਸੂਰਜ ਦੀ ਉਪਾਸਨਾ ਦੀ ਪ੍ਰੰਪਰਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਡੀ ਸੰਸਕ੍ਰਿਤੀ ਤੇ ਆਸਥਾ ਦਾ ਕੁਦਰਤ ਨਾਲ ਕਿੰਨਾ ਡੂੰਘਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਛੱਠ ਪੂਜਾ ਰਾਹੀਂ ਸਾਡੇ ਜੀਵਨ ਵਿਚ ਸੂਰਜ ਦੇ ਪ੍ਰਕਾਸ਼ ਦਾ ਮਹੱਤਵ ਸਮਝਾਇਆ ਗਿਆ ਹੈ ਅਤੇ ਸੰਦੇਸ਼ ਦਿੱਤਾ ਗਿਆ ਹੈ ਕਿ ਉਤਰਾਅ ਚੜ੍ਹਾਅ ਜੀਵਨ ਦਾ ਇਕ ਅਨਿੱਖੜਵਾਂ ਹਿੱਸਾ ਹੈ ਅਤੇ ਸਾਨੂੰ ਹਰ ਸਥਿਤੀ ਵਿਚ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ।

ਸ੍ਰੀ ਸੈਣੀ ਨੇ ਕਿਹਾ ਕਿ ਛੱਠ ਪੂਜਾ ਵੀ ਰਾਸ਼ਟਰਵਾਦ ਨੂੰ ਮਜ਼ਬੂਤ ਕਰਨ ਦਾ ਪੁਰਬ ਹੈ। ਛੱਠ ਪੂਜਾ ਲੋਕਾਂ ਦੇ ਅੰਦਰ ਸੰਸਕਾਰ ਅਤੇ ਵਿਚਾਰਾਂ ਦਾ ਸੰਚਾਰ ਕਰਦੀ ਹੈ ਜਿਸ ਨਾਲ ਸਮਾਜ ਮੁੜ ਜਾਗ੍ਰਿਤ ਹੁੰਦਾ ਹੈ। ਛੱਠ ਪੂਜਾ ਸਾਨੂੰ ਪਵਿੱਤਰ, ਸਮਰੱਥ ਅਤੇ ਜ਼ਿੰਮੇਵਾਰ ਬਣਾਉਂਦੀ ਹੈ। ਇਹ ਸਾਰੇ ਪਹਿਲੂ ਰਾਸ਼ਟਰਵਾਦ ਦੇ ਲਈ ਬਹੁਤ ਹੀ ਮਹੱਤਵਪੂਰਨ ਹਨ। ਇਸ ਮੌਕੇ ਹਰਦੀਪ ਸਿੰਘ, ਪੁਸ਼ਪਿੰਦਰ ਮਹਿਤਾ, ਹਰਪ੍ਰੀਤ ਸਿੰਘ ਟਿੰਕੂ, ਸਾਨੰਤ ਭਾਰਦਵਾਜ, ਪ੍ਰਧਾਨ ਓਮ ਪ੍ਰਕਾਸ਼, ਚੇਅਰਮੈਨ ਤਰਨੀ ਮਹਿਤਾ, ਅਨਿਲ , ਸੂਰਜ, ਅਰਜਨ ਸਿੰਘ, ਸੂਬੇਦਾਰ ਰਵਿੰਦਰ ਸਿੰਘ, ਅਤੇ ਹੋਰ ਪਤਵੰਤੇ ਮੋਜ਼ੂਦ ਸਨ।

