ਤਰਕਸ਼ੀਲ ਸੁਸਾਇਟੀ ਨੇ ਪੁਸਤਕਾਂ ਦੀ ਨੁਮਾਇਸ਼ ਲਗਾਈ
Gurmit Palahi
ਫਗਵਾੜਾ, 28 ਅਕਤੂਬਰ : ਤਰਕਸ਼ੀਲ ਸੁਸਾਇਟੀ (ਰਜਿ:) ਫਗਵਾੜਾ ਦੇ ਸਹਿਯੋਗ ਨਾਲ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਪ੍ਰਕਾਸ਼ਨ ਵੱਲੋਂ ਛਾਪੀਆਂ ਗਈਆਂ ਪੁਸਤਕਾਂ ਦੀ ਨੁਮਾਇਸ਼ ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਦੇ ਸਾਹਮਣੇ ਲਗਾਈ ਗਈ। ਇਸ ਪੁਸਤਕ ਵੈਨ ਨੁਮਾਇਸ਼ ਵਿੱਚ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਦੇ ਪੜ੍ਹਨ ਵਾਲੀਆਂ ਵਿਗਿਆਨਿਕ ਸੋਚ ਨਾਲ ਭਰਪੂਰ ਪੁਸਤਕਾਂ ਦਾ ਭੰਡਾਰਨ ਕੀਤਾ ਹੋਇਆ ਹੈ। ਜੋ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਚੰਗੇਰਾ ਸਾਹਿਤ ਪੜ੍ਹਣ ਦੀ ਪ੍ਰੇਰਣਾ ਦਿੰਦਾ ਹੈ। ਫਗਵਾੜਾ ਵਿਖੇ ਤਰਕਸ਼ੀਲ ਸੁਸਾਇਟੀ (ਰਜਿ:) ਫਗਵਾੜਾ ਦੇ ਪ੍ਰਮੁੱਖ ਆਗੂਆਂ ਮਾਸਟਰ ਸੁਖਦੇਵ ਸਿੰਘ, ਜਸਵਿੰਦਰ ਸਿੰਘ ਰਿਟਾਇਰਡ ਤਹਿਸੀਲਦਾਰ ਵੱਲੋਂ ਇਸ ਨੁਮਾਇਸ਼ ਦਾ ਪ੍ਰਬੰਧ ਕੀਤਾ ਗਿਆ। ਚੰਗੇਰੀ ਸੋਚ ਵਾਲੇ ਲੋਕਾਂ ਨੇ ਇਸ ਨੁਮਾਇਸ਼ ਨੂੰ ਜੀ ਆਇਆਂ ਆਖਿਆ। ਰਵਿੰਦਰ ਚੋਟ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਐੱਸ.ਐੱਲ. ਵਿਰਦੀ, ਮਲਕੀਅਤ ਸਿੰਘ ਰਗਬੋਤਰਾ ਅਤੇ ਸ਼ਹਿਰ ਦੇ ਹੋਰ ਅਗਾਂਹ ਵਧੂ ਸੋਚ ਵਾਲੇ ਲੋਕਾਂ ਨੇ ਸ਼ਹਿਰ ਵਿੱਚ ਲਾਇਬ੍ਰੇਰੀ ਖੋਲ੍ਹਣ ਅਤੇ ਇਹੋ ਜਿਹੀਆਂ ਨੁਮਾਇਸ਼ਾਂ ਸ਼ਹਿਰ ਦੇ ਵੱਖੋ-ਵੱਖਰੇ ਹਿੱਸਿਆਂ ਅਤੇ ਪਿੰਡਾਂ ਵਿੱਚ ਲਗਾਉਣ 'ਤੇ ਜ਼ੋਰ ਦਿੱਤਾ।