ਹੜ੍ਹਾਂ ਨਾਲ ਨੁਕਸਾਨ- ਨਵਾਂਸ਼ਹਿਰ ਸਬ-ਡਵੀਜ਼ਨ ਦੇ 45 ਹੋਰ ਕਿਸਾਨਾਂ ਨੂੰ 6,10,174 ਰੁਪਏ ਦਾ ਮੁਆਵਜ਼ਾ ਦਿੱਤਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 17 ਅਕਤੂਬਰ,2025:
ਸੂਬੇ ਅੰਦਰ ਹਾਲ ਹੀ ਵਿਚ ਆਏ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਅਤੇ ਜ਼ਮੀਨਾਂ ਦੇ ਨੁਕਸਾਨ ਲਈ ਪੰਜਾਬ ਸਰਕਾਰ ਵੱਲੋਂ ਐਲਾਨੇ ਮੁਆਵਜੇ ਅਨੁਸਾਰ ਅੱਜ ਨਵਾਂਸ਼ਹਿਰ ਸਬ-ਡਵੀਜ਼ਨ ਦੇ 45 ਹੋਰ ਕਿਸਾਨਾਂ ਨੂੰ 6,10,174 ਰੁਪਏ ਦਾ ਮੁਆਵਜ਼ਾ ਦਿੱਤਾ ਗਿਆ।
ਸਥਾਨਕ ਐਸ.ਡੀ.ਐਮ ਦਫ਼ਤਰ ਵਿਖੇ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਵਾਈਸ ਚੇਅਰਮੈਨ ਲਲਿਤ ਮੋਹਨ ਪਾਠਕ ਅਤੇ ਐਸ.ਡੀ.ਐਮ. ਅਨਮਜਯੋਤ ਕੌਰ ਨੇ ਕਿਸਾਨਾਂ ਨੂੰ ਮੁਆਵਜੇ ਦੇ ਚੈਕ ਦਿੱਤੇ। ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦਿੰਦਿਆ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਮੀਨਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾਕੇ ਬਹੁਤ ਘੱਟ ਸਮੇਂ ਵਿੱਚ ਹੀ ਸੂਬੇ ਭਰ ਵਿੱਚ ਮੁਆਵਜ਼ਾ ਰਾਸ਼ੀ ਤਕਸੀਮ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਸਬ-ਡਵੀਜ਼ਨ ਵਿੱਚ ਅੱਜ ਪਿੰਡ ਕਨੌਨ, ਸੈਦਪੁਰ ਖੁਰਦ, ਝੁੰਗੜਾਂ, ਬਹਿਲੂਰ ਖੁਰਦ ਅਤੇ ਧੈੰਗੜਪੁਰ ਦੇ 45 ਕਿਸਾਨਾਂ ਨੂੰ ਮੁਆਵਜਾ ਦਿੱਤਾ ਗਿਆ ਜਿਸ ਦੀ ਕੁੱਲ ਰਾਸ਼ੀ 6,10,174 ਬਣਦੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕੱਲ ਜ਼ਿਲ੍ਹੇ ਦੇ 7 ਪਿੰਡਾਂ ਦੇ 60 ਕਿਸਾਨਾਂ ਨੂੰ 18,25,261 ਰੁਪਏ ਫਸਲਾਂ ਅਤੇ ਜ਼ਮੀਨਾਂ ਦੇ ਨੁਕਸਾਨ ਬਦਲੇ ਦਿੱਤੇ ਗਏ ਸਨ ਅਤੇ ਜ਼ਿਲੇ ਵਿਚ ਰਹਿੰਦੇ ਕਿਸਾਨਾਂ ਅਤੇ ਪੀੜ੍ਹਤਾਂ ਨੂੰ ਮੁਆਵਜਾ ਰਾਸ਼ੀ ਤਕਸੀਮ ਕੀਤੀ ਜਾਵੇਗੀ।
ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਵਾਈਸ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਹਰ ਪੱਖੋਂ ਲੋੜੀਂਦੀ ਮਦਦ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਹੜ੍ਹਾਂ ਕਾਰਨ ਹੋਏ ਨੁਕਸਾਨ ਉੋਪਰੰਤ ਜ਼ਿੰਦਗੀ ਮੁੜ ਲੀਹ ‘ਤੇ ਆ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸੂਬੇ ਭਰ ਵਿੱਚ ਗਿਰਦਾਵਰੀ ਨੂੰ ਮਿੱਥੇ ਸਮੇਂ ਤੋਂ ਪਹਿਲਾਂ ਮੁਕੰਮਲ ਕਰਵਾਕੇ ਮੁਆਵਜ਼ੇ ਦੀ ਵੰਡ ਯਕੀਨੀ ਬਣਾਈ ਜਾ ਰਹੀ ਹੈ।